ਤੰਦਰੁਸਤ ਪੰਜਾਬ ਦਾ ਸੁਪਨਾ ਵੇਖਣ ਵਾਲੀ  ਸਰਕਾਰ ਕੋਲ ਦਵਾਈਆਂ ਖ਼ਰੀਦਣ ਲਈ ਪੈਸੇ ਮੁੱਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਦੇ ਪੇਂਡੂ ਪੰਚਾਇਤ ਅਤੇ ਵਿਕਾਸ ਵਿਭਾਗ ਦੇ ਅਧੀਨ ਚੱਲ ਰਹੀਆਂ ਰੂਰਲ ਡਿਸਪੈਂਸਰੀਆਂ ਵਿਚ ਦਵਾਈਆਂ ਮੁਕੀਆਂ ਪਈਆਂ ਹਨ। ਪਿਛਲੀ ਜੂਨ ਤੋਂ ਦਵਾਈਆਂ ...

Medicines

ਚੰਡੀਗੜ੍ਹ,  ਪੰਜਾਬ ਦੇ ਪੇਂਡੂ ਪੰਚਾਇਤ ਅਤੇ ਵਿਕਾਸ ਵਿਭਾਗ ਦੇ ਅਧੀਨ ਚੱਲ ਰਹੀਆਂ ਰੂਰਲ ਡਿਸਪੈਂਸਰੀਆਂ ਵਿਚ ਦਵਾਈਆਂ ਮੁਕੀਆਂ ਪਈਆਂ ਹਨ। ਪਿਛਲੀ ਜੂਨ ਤੋਂ ਦਵਾਈਆਂ ਦੀ ਸਪਲਾਈ ਠੱਪ ਪਈ ਹੈ ਜਿਸ ਕਾਰਨ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੇ ਵੇਲੇ ਦੀ ਵੀਹ ਕਰੋੜ ਰੁਪਏ ਦੀ ਅਦਾਇਗੀ ਦੋ ਸਾਲਾਂ ਤੋਂ ਲਮਕਦੀ ਆ ਰਹੀ ਹੈ ਅਤੇ ਮੌਜੂਦਾ ਸਰਕਾਰ ਦਾ ਖ਼ਜ਼ਾਨਾ ਖ਼ਾਲੀ ਪਿਆ ਹੈ।

ਪੰਜਾਬ ਵਿਚ ਪੇਂਡੂ ਡਿਸਪੈਂਸਰੀਆਂ ਦੀ ਗਿਣਤੀ 1183 ਹੈ ਅਤੇ ਲੋੜਵੰਦ ਤੇ ਗ਼ਰੀਬ ਲੋਕ ਅਪਣੇ ਇਲਾਜ ਲਈ ਇਨ੍ਹਾਂ 'ਤੇ ਨਿਰਭਰ ਕਰਦੇ ਹਨ। ਪੇਂਡੂ ਡਿਸਪੈਂਸਰੀਆਂ ਵਿਚ ਪੈਰਾਸਿਟਾਮੋਲ ਤੋਂ ਲੈ ਕੇ ਐਂਟੀਬਾਇਟਕ ਦਵਾਈ ਤਕ ਨਹੀਂ ਹੈ। ਗਲੂਕੋਜ਼ ਮੁਕਿਆ ਪਿਆ ਹੈ। ਟੀਕਾ ਪੱਟੀ ਦੀ ਤੋਟ ਹੈ ਅਤੇ ਗਰਮੀਆਂ ਦੇ ਦਿਨਾਂ ਵਿਚ ਟੱਟੀਆਂ ਉਲਟੀਆਂ ਦੇ ਮਰੀਜ਼ਾਂ ਨੂੰ ਦੇਣ ਲਈ ਓ ਆਰ ਐਸ (ਪਾਣੀ ਨਮਕ ਦਾ ਘੋਲ) ਵੀ ਨਹੀਂ ਮਿਲ ਰਿਹਾ। ਪਿਛਲੇ ਦਿਨੀਂ ਮਰੀਜ਼ਾਂ ਨੂੰ ਅਲਰਜੀ ਦੀ ਦਵਾਈ ਨਾ ਮਿਲਣ ਕਰ ਕੇ ਵੀ ਔਖ ਆਈ ਸੀ।

ਸਰਕਾਰ ਵਲੋਂ ਸਿਹਤ ਅਤੇ ਪੰਚਾਇਤ ਵਿਭਾਗ ਦੀਆਂ ਡਿਸਪੈਂਸਰੀਆਂ ਤੇ ਹਸਪਤਾਲਾਂ ਵਿਚ ਮੁਫ਼ਤ ਦਵਾਈਆਂ ਸਪਲਾਈ ਕੀਤੀਆਂ ਜਾਂਦੀਆਂ ਹਨ। ਸਿਹਤ ਵਿਭਾਗ ਦੇ ਹਸਪਤਾਲਾਂ ਵਿਚ ਤਾਂ ਅੱਧ ਪਚੱਧੀਆਂ ਦਵਾਈਆਂ ਮਿਲ ਰਹੀਆਂ ਹਨ ਪਰ ਪੰਚਾਇਤ ਵਿਭਾਗ ਵਲੋਂ ਅਦਾਇਗੀ ਨਾ ਕੀਤੇ ਜਾ ਸਕਣ ਕਰ ਕੇ ਡਿਸਪੈਂਸਰੀਆਂ ਵਿਚ ਦਵਾਈ ਨਹੀਂ ਭੇਜੀ ਗਈ। ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਵਲੋਂ ਸਿਹਤ ਅਤੇ ਪੇਂਡੂ ਵਿਭਾਗ ਦੀਆਂ ਡਿਸਪੈਂਸਰੀਆਂ ਵਿਚ ਸਪਲਾਈ ਦਿਤੀ ਜਾਂਦੀ ਹੈ ਜਿਸ ਲਈ ਪੰਜਾਬ ਵਿਚ ਤਿੰਨ ਵੱਡੇ ਗੋਦਾਮ ਬਣਾਏ ਗਏ ਹਨ।

ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੂੰ ਪਹਿਲਾਂ ਲਮਕਦੀ ਰਕਮ ਜਮ੍ਹਾਂ ਕਰਾਉਣ ਤਕ ਦਵਾਈ ਦੀ ਸਪਲਾਈ ਨਾ ਸ਼ੁਰੂ ਕਰਨ ਲਈ ਸਪਸ਼ਟ ਕਰ ਦਿਤਾ ਹੈ। ਸੂਤਰ ਇਹ ਵੀ ਦਸਦੇ ਹਨ ਕਿ ਸਿਆਸੀ ਅਸਰ ਰਸੂਖ਼ ਵਾਲੇ ਰੂਰਲ ਮੈਡੀਕਲ ਅਫ਼ਸਰ ਜ਼ਰੂਰੀ ਦਵਾਈਆਂ ਲੈਣ ਵਿਚ ਸਫ਼ਲ ਹੋ ਰਹੇ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਰੂਰਲ ਮੈਡੀਕਲ ਅਫ਼ਸਰ ਪਰਚੀ 'ਤੇ ਦਵਾਈ ਲਿਖਣ ਲੱਗੇ ਹਨ ਜਿਹੜੀ ਕਿ ਲੋਕਾਂ ਨੂੰ ਬਾਜ਼ਾਰ ਤੋਂ ਖ਼ਰੀਦਣੀ ਪੈ ਰਹੀ ਹੈ। ਮਰੀਜ਼ ਪ੍ਰੇਸ਼ਾਨ ਹੋਣ ਲੱਗੇ ਹਨ। ਇਕ ਹੋਰ ਸੂਚਨਾ ਮੁਤਾਬਕ ਇਸੇ ਕਰ ਕੇ ਡਿਸਪੈਂਸਰੀਆਂ ਵਿਚ ਮਰੀਜ਼ਾਂ ਦੀ ਗਿਣਤੀ ਵੀ ਘੱਟਣ ਲੱਗੀ ਹੈ। 

ਪੇਂਡੂ ਡਿਸਪੈਂਸਰੀਆਂ ਦੀ ਗਿਣਤੀ 1183 ਹੈ ਤੇ ਇਨ੍ਹਾਂ ਵਿਚ ਡਾਕਟਰਾਂ ਦੀਆਂ 466 ਆਸਾਮੀਆਂ ਖ਼ਾਲੀ ਪਈਆਂ ਹਨ। ਇਕ ਇਕ ਰੂਰਲ ਮੈਡੀਕਲ ਅਫ਼ਸਰ ਕੋਲ ਦੋ ਤੋ ਤਿੰਨ ਡਿਸਪੈਂਸਰੀਆਂ ਦਾ ਚਾਰਜ ਹੈ। ਦੋ ਸੌ ਤੋਂ ਵੱਧ ਡਿਸਪੈਂਸਰੀਆਂ ਫ਼ਾਰਮਾਸਿਸਟ ਨਹੀਂ ਹਨ।

 ਰੂਰਲ ਮੈਡੀਕਲ ਅਫ਼ਸਰਾਂ ਦੇ ਦੁਖਾਂ ਦੀ ਕਹਾਣੀ ਵਖਰੀ ਹੈ ਜਿਨ੍ਹਾਂ ਨੂੰ ਮਾਰਚ ਮਹੀਨੇ ਤੋਂ ਤਨਖ਼ਾਹ ਨਹੀਂ ਮਿਲੀ ਤੇ ਉਹ ਮੁਸ਼ਕਲ ਨਾਲ ਦਿਨ ਕਟੀ ਕਰ ਰਹੇ ਹਨ। ਐਸੋਸੀਏਸ਼ਨ ਆਫ਼ ਰੂਰਲ ਮੈਡੀਕਲ ਅਫ਼ਸਰਜ਼ ਪੰਜਾਬ ਦੇ ਪ੍ਰਧਾਨ ਡਾਕਟਰ ਜਗਜੀਤ ਸਿੰਘ ਬਾਜਵਾ ਨੇ ਕਿਹਾ ਹੈ ਕਿ ਗਰਮੀਆਂ ਕਰ ਕੇ ਬੀਮਾਰੀਆਂ ਵਧ ਗਈਆਂ ਹਨ ਤੇ ਸਰਕਾਰ ਨੂੰ ਬਗ਼ੈਰ ਦੇਰੀ ਦਵਾਈਆਂ ਦੀ ਸਪਲਾਈ ਦੇਣੀ ਚਾਹੀਦੀ ਹੈ।