ਪੰਜਾਬ ’ਚ ਖਹਿਰਾ ਬਗ਼ੈਰ ਆਪ ਦੇ ਵਿਧਾਇਕਾਂ ’ਚ ‘ਏਕੇ’ ਦੀਆਂ ਕੋਸ਼ਿਸ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਰ ਕਮੇਟੀ ਚੇਅਰਮੈਨ ਬੁੱਧਰਾਮ ਵਲੋਂ ਕੰਵਰ ਸੰਧੂ ਤੇ ਹੋਰਨਾਂ ਲਈ ਅਪਣਾ ਅਹੁਦਾ ਛੱਡਣ ਦੀ ਪੇਸ਼ਕਸ਼

Principal Budhram

ਚੰਡੀਗੜ੍ਹ (ਨੀਲ ਭਲਿੰਦਰ ਸਿੰਘ): ਪੰਜਾਬ ਵਿਚ ਪਿਛਲੇ ਸਾਲ ਜੁਲਾਈ ਮਹੀਨੇ ਤੋਂ ਤਾਟੋਧਾੜ ਦਾ ਸ਼ਿਕਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਦਲ ਨੂੰ ਹੁਣ ਮੁੜ ਏਕੇ ਦੀ ਆਸ ਬੱਝੀ ਹੈ। ਪਾਰਟੀ ਦੇ ਦਿੱਲੀ ਪੱਖੀ ਇਕਜੁੱਟ ਵਿਧਾਇਕਾਂ ਨੇ ਐਤਵਾਰ ਨੂੰ ਹਾਈਕਮਾਨ ਨਾਲ ਉਚੇਚੀ ਮੁਲਾਕਾਤ ਕੀਤੀ। ਪਾਰਟੀ ਦੇ ਚੋਟੀ ਦੇ ਆਗੂਆਂ ਨਾਲ ਮੀਟਿੰਗ ਵਿਚ ਹਿੱਸਾ ਲੈ ਕੇ ਅੱਜ ਚੰਡੀਗੜ੍ਹ ਪੁੱਜੇ ‘ਆਪ’ ਦੇ ਪੰਜਾਬ ਵਿਚ ਕੋਰ ਕਮੇਟੀ ਚੇਅਰਮੈਨ ਅਤੇ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨਾਲ ਸਪੋਕਸਮੈਨ ਟੀਵੀ ਨੇ ਖ਼ਾਸ ਗੱਲਬਾਤ ਕੀਤੀ।

ਜਿਸ ਦੌਰਾਨ ਉਨ੍ਹਾਂ ਦਿੱਲੀ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਵਿਚ ਪਾਰਟੀ ਦੀ ਹਾਰ ਪੰਜਾਬ ਸਰਕਾਰ ਨੂੰ ਘੇਰਨ ਦੀਆਂ ਤਿਆਰੀਆਂ ਬੇਅਦਬੀ ਕੇਸ ਵਿਚ ਚਾਰਜਸ਼ੀਟ ਵਿਚ ਨਾਮ ਆਉਣ ਉਤੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਸਤੀਫ਼ੇ ਦੀ ਮੰਗ ਉਤੇ ਜ਼ੋਰ ਅਤੇ ਸੂਬੇ ਵਿਚ ਮਹਿੰਗੀ ਬਿਜਲੀ ਦੇ ਮੁੱਦੇ ਉਤੇ ਵਿਆਪਕ ਅੰਦੋਲਨ ਖੜ੍ਹੇ ਕਰਨਾ ਦੱਸਿਆ। ਨਾਲ ਹੀ ਸਵਾਲਾਂ ਦੇ ਜਵਾਬ ਦਿੰਦਿਆਂ ਕੋਰ ਕਮੇਟੀ ਚੇਅਰਮੈਨ ਨੇ ਕਿਹਾ ਕਿ ਪਾਰਟੀ ਵਿਧਾਇਕ ਦਲ ਵਿਚ ਏਕੇ ਪ੍ਰਤੀ ਆਸਵੰਦ ਹੈ

ਪਰ ਇਸ ਸਬੰਧ ਵਿਚ ਸਾਬਕਾ ਨੇਤਾ ਵਿਰੋਧੀ ਧਿਰ ਅਤੇ ਪਾਰਟੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨਾਲ ਮੁੜ ਰਲੇਵੇਂ ਦੀ ਇਛੁੱਕ ਨਹੀਂ ਹੈ, ਜਿਸ ਦਾ ਕਾਰਨ ਉਨ੍ਹਾਂ ਖਹਿਰਾ ਦਾ ਅੜੀਅਲ ਰਵੱਈਆ, ਪਾਰਟੀ ਦੁਫੇੜ ਲਈ ਅਹਿਮ ਰੋਲ ਅਦਾ ਕਰਨਾ, ਸਮਝੌਤੇ ਦੀਆਂ ਕੋਸ਼ਿਸ਼ਾਂ ਦਾ ਰੁੱਖਾ ਜਵਾਬ ਦੇਣਾ ਆਦਿ ਦੱਸਿਆ। ਉਨ੍ਹਾਂ ਕਿਹਾ ਕਿ ਖਹਿਰਾ ਨਵੀਂ ਪਾਰਟੀ ਬਣਾ ਕੇ ਲੋਕ ਸਭਾ ਦੀ ਚੋਣ ਲੜ ਚੁੱਕੇ ਹਨ ਪਰ ਖਰੜ ਤੋਂ ਆਪ ਵਿਧਾਇਕ ਕੰਵਰ ਸੰਧੂ ਸਣੇ ਤਿੰਨ-ਚਾਰ ਪਾਰਟੀ ਵਿਧਾਇਕ ਅਜਿਹੇ ਹਨ ਜਿੰਨ੍ਹਾਂ ਖਹਿਰਾ ਨਾਲ ਮੰਚ ਸਾਂਝੇ ਨਹੀਂ ਕੀਤੇ ਤੇ ਪਾਰਟੀ ਦੇ ਅਨੁਸ਼ਾਸਨ ਦਾ ਵੀ ਕਾਫ਼ੀ ਹੱਦ ਤੱਕ ਖ਼ਿਆਲ ਰੱਖਿਆ ਹੈ।

ਪ੍ਰਿੰਸੀਪਲ ਬੁੱਧਰਾਮ ਨੇ ਇਨ੍ਹਾਂ ਤਿੰਨ-ਚਾਰ ਵਿਧਾਇਕਾਂ ਦੀ ਮੁੜ ਵਾਪਸੀ ਪ੍ਰਤੀ ਪੂਰੀ ਆਸ ਪ੍ਰਗਟ ਕੀਤੀ ਹੈ ਤੇ ਨਾਲ ਹੀ ਅਪਣੀ ਨਿੱਜੀ ਰਾਏ ਰੱਖਦਿਆਂ ਇੱਥੋਂ ਤੱਕ ਆਖ ਦਿਤਾ ਹੈ ਕਿ ਜੇਕਰ ਇਨ੍ਹਾਂ ਵਿਚੋਂ ਕੋਈ ਵੀ ਵਿਧਾਇਕ ਉਨ੍ਹਾਂ ਦਾ ਪੰਜਾਬ ਆਪ ਕੋਰ ਕਮੇਟੀ ਚੇਅਰਮੈਨ ਵਾਲਾ ਅਹੁਦਾ ਲੈਣਾ ਚਾਹੁੰਦਾ ਹੋਵੇ ਤਾਂ ਉਹ ਛੱਡਣ ਲਈ ਤਿਆਰ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਪੰਜਾਬ ਵਿਧਾਨ ਸਭਾ ਵਿਚ ਸੀਟਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਦੇ ਜਲਾਲਾਬਾਦ ਤੇ ਸੋਮ ਪ੍ਰਕਾਸ਼ ਦੇ ਫਗਵਾੜਾ ਸੀਟ ਤੋਂ ਅਸਤੀਫ਼ਿਆਂ ਮਗਰੋਂ ਹੋਰ ਕਮਜ਼ੋਰ ਹੋ ਗਿਆ ਹੈ।

ਅਜਿਹੇ ਵਿਚ ਆਪ ਦੇ ਰੁੱਸੇ ਵਿਧਾਇਕਾਂ ਦੀ ਘਰ ਵਾਪਸੀ ਨਾਲ ਪਾਰਟੀ ਦਾ ਪਲੜਾ ਵਿਧਾਨ ਸਭਾ ਵਿਚ ਭਾਰੀ ਹੀ ਰਹੇਗਾ। ਉਨ੍ਹਾਂ ਇਕ ਵਾਰ ਫਿਰ ਦੁਹਰਾਇਆ ਕਿ ਪਾਰਟੀ ਵਿਧਾਇਕਾਂ ਵਿਚ ਖਹਿਰਾ ਦੀ ਕਾਫ਼ੀ ਵਿਰੋਧਤਾ ਹੈ ਤੇ ਹਾਲ ਦੀ ਘੜੀ ਖਹਿਰਾ ਤੋਂ ਬਗੈਰ ਹੀ ਏਕੇ ਦੀਆਂ ਉਮੀਦਾਂ ਰੱਖੀਆਂ ਜਾ ਰਹੀਆਂ ਹਨ। ਇਸ ਮੌਕੇ ਉਨ੍ਹਾਂ ਪਾਰਟੀ ਛੱਡ ਕੇ ਕਾਂਗਰਸ ਵਿਚ ਗਏ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਤੇ ਅਮਰਜੀਤ ਸਿੰਘ ਸੰਦੋਆ ਦੀ ਵੀ ਰੱਜ ਕੇ ਨਿੰਦਾ ਕੀਤੀ।