ਗੁਜਰਾਤ : ਕੈਮੀਕਲ ਫ਼ੈਕਟਰੀ 'ਚ ਲੱਗੀ ਅੱਗ, 40 ਝੁਲਸੇ

ਏਜੰਸੀ

ਖ਼ਬਰਾਂ, ਪੰਜਾਬ

ਗੁਜਰਾਤ : ਕੈਮੀਕਲ ਫ਼ੈਕਟਰੀ 'ਚ ਲੱਗੀ ਅੱਗ, 40 ਝੁਲਸੇ

1

ਭਰੂਚ, 3 ਜੂਨ : ਗੁਜਰਾਤ 'ਚ ਇਕ ਕੈਮੀਕਲ ਫ਼ੈਕਟਰੀ 'ਚ ਅੱਗ ਲੱਗਣ ਕਾਰਨ ਵੱਡਾ ਹਾਦਸਾ ਵਾਪਰ ਗਿਆ ਹੈ। ਜਾਣਕਾਰੀ ਮੁਤਾਬਕ ਭਰੂਚ ਸ਼ਹਿਰ ਦੇ ਦਾਹੇਜ 'ਚ ਸਥਿਤ ਕੈਮੀਕਲ ਫ਼ੈਕਟਰੀ 'ਚ ਬਾਇਲਰ 'ਚ ਵਿਸਫ਼ੋਟ ਹੋਣ ਨਾਲ ਲਗਭਗ 40 ਕਾਮੇ ਝੁਲਸ ਗਏ ਹਨ। ਇਹ ਹਾਦਸਾ ਬੁਧਵਾਰ ਦੁਪਹਿਰ ਨੂੰ ਵਾਪਰਿਆ। ਹੁਣ ਤਕ ਅੱਗ 'ਤੇ ਕਾਬੂ ਨਹੀਂ ਪਾਇਆ ਗਿਆ ਹੈ। ਸਥਾਨਕ ਪ੍ਰਸ਼ਾਸਨ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਇਸ ਤੋਂ ਇਲਾਵਾ ਮੌਕੇ 'ਤੇ 10 ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਪਹੁੰਚੀਆਂ।


ਭਰੂਚ ਦੇ ਕੁਲੈਕਟਰ ਐਮ.ਡੀ. ਮੋਦੀਆ ਨੇ ਦਸਿਆ ਹੈ ਕਿ ਬੁੱਧਵਾਰ ਦੁਪਹਿਰ ਨੂੰ ਇਕ ਐਗਰੋ ਕੈਮੀਕਲ ਕੰਪਨੀ ਦੇ ਬਾਇਲਰ 'ਚ ਵਿਸਫੋਟ ਹੋਣ ਤੋਂ ਬਾਅਦ ਲਗਭਗ 35 ਤੋਂ 40 ਕਾਮੇ ਅੱਗ ਦੀ ਲਪੇਟ 'ਚ ਆ ਗਏ। ਸਾਰੇ ਜ਼ਖ਼ਮੀਆਂ ਨੂੰ ਭਰੂਚ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਅੱਗ 'ਤੇ ਕਾਬੂ ਪਾਉਣ ਦੇ ਯਤਨ ਜਾਰੀ ਹਨ। ਉਨ੍ਹਾਂ ਦਸਿਆ ਹੈ ਕਿ ਅੱਗ ਪੂਰੀ ਫ਼ੈਕਟਰੀ 'ਚ ਫੈਲ ਗਈ ਹੈ। ਸਾਵਧਾਨੀ ਵਜੋਂ ਕੈਮੀਕਲ ਪਲਾਂਟ ਦੇ ਨੇੜੇ ਦੇ 2 ਪਿੰਡਾਂ ਨੂੰ ਖ਼ਾਲੀ ਕਰਵਾਇਆ ਗਿਆ ਹੈ।  (ਏਜੰਸੀ)