ਨਗਰ ਨਿਗਮ ਦਫ਼ਤਰ ਵਿਚੋਂ ਵਿਵਾਦਿਤ ਟ੍ਰੀ-ਪਰੂਨਿੰਗ ਮਸ਼ੀਨ ਦਾ ਰਿਕਾਰਡ ਗ਼ਾਇਬ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਬਕਾ ਕੌਂਸਲਰ ਬੇਦੀ ਵਲੋਂ ਉਚ ਅਧਿਕਾਰੀਆਂ ਸਮੇਤ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਫ਼.ਆਈ.ਆਰ. ਦਰਜ ਕਰਵਾਉਣ ਦੀ ਮੰਗ

ਸਾਬਕਾ ਕੌਂਸਲਰ ਬੇਦੀ ਵਲੋਂ ਉਚ ਅਧਿਕਾਰੀਆਂ ਸਮੇਤ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਫ਼.ਆਈ.ਆਰ. ਦਰਜ ਕਰਵਾਉਣ ਦੀ ਮੰਗ

ਐਸ.ਏ.ਐਸ ਨਗਰ, 2 ਜੂਨ (ਸੁਖਦੀਪ ਸਿੰਘ ਸੋਈਂ): ਪਿਛਲੇ ਕੁਝ ਸਮੇਂ ਤੋਂ ਵਿਵਾਦਾਂ ਵਿੱਚ ਘਿਰੀ ਟ੍ਰੀ-ਪਰੂਨਿੰਗ ਮਸ਼ੀਨ ਦੀ ਨਗਰ ਨਿਗਮ ਵਲੋਂ ਖਰੀਦੋ ਫਰੋਖ਼ਤ ਸਬੰਧੀ ਸਰਕਾਰੀ ਰਿਕਾਰਡ ਨਗਰ ਨਿਗਮ ਐਸ.ਏ.ਐਸ. ਨਗਰ (ਮੁਹਾਲੀ) ਦੇ ਦਫ਼ਤਰ ਵਿੱਚ  ਗਾਇਬ ਹੋ ਜਾਣ ਦਾ ਸਮਾਚਾਰ ਹੈ। ਇਹ ਮਾਮਲਾ ਨਿਗਮ ਦੇ ਸਾਬਕਾ ਕੌਂਸਲਰ ਕੁਲਜੀਤ ਸਿੰਘ ਬੇਦੀ ਵਲੋਂ ਉਜਾਗਰ ਕੀਤਾ ਗਿਆ ਹ ਉਹਨਾਂ ਵਲੋਂ ਇਸ ਸਬੰਧੀ ਨਗਰ ਨਿਗਮ ਦੇ ਕਮਿਸ਼ਨਰ ਰਾਹੀਂ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ, ਵਧੀਕ ਮੁੱਖ ਸਕੱਤਰ ਅਤੇ ਡਾਇਰੈਕਟਰ ਨੂੰ ਲਿਖਤੀ ਸ਼ਿਕਾਇਤਾਂ ਭੇਜ ਕੇ ਮੰਗ ਕੀਤੀ ਗਈ ਹੈ ਕਿ ਇਸ ਮਾਮਲੇ ਵਿੱਚ ਉਕਤ ਮਸ਼ੀਨ ਸਬੰਧੀ ਨਗਰ ਨਿਗਮ ਦੇ ਦਫਤਰ ਵਿੱਚੋਂ ਸਰਕਾਰੀ ਰਿਕਾਰਡ ਗਾਇਬ ਹੋਣ ਸਬੰਧੀ ਐਫ.ਆਈ.ਆਰ. ਦਰਜ ਕਰਵਾਈ ਜਾਵੇ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਸੰਬੰਧੀ ਨਗਰ ਨਿਗਮ ਵਲੋਂ ਮਸ਼ੀਨ ਲਈ ਖਰਚ ਕੀਤੇ 89.50 ਲੱਖ ਰੁਪਏ ਦੀ ਵਿਆਜ ਸਮੇਤ ਵਸੂਲੀ ਕੀਤੇ ਜਾਣ ਦੀ ਵੀ ਮੰਗ ਕੀਤੀ ਹੈ।


ਬੇਦੀ ਨੇ ਦਸਿਆ ਕਿ ਨਗਰ ਨਿਗਮ ਮੁਹਾਲੀ ਵਲੋਂ ਜਨਵਰੀ 2017 ਵਿਚ ਟ੍ਰੀ-ਪਰੂਨਿੰਗ ਮਸ਼ੀਨ ਦੀ ਖਰੀਦ ਕਰਨ ਦਾ ਫ਼ੈਸਲਾ ਕੀਤਾ ਗਿਆ ਸੀ ਅਤੇ ਟੈਂਡਰ ਲੱਗਣ ਉਪਰੰਤ ਇੱਕ ਕੰਪਨੀ ਨੂੰ 89.50 ਲੱਖ ਰੁਪਏ ਦੀ ਐਡਵਾਂਸ ਪੇਮੈਂਟ ਵੀ ਕੀਤੀ ਗਈ ਸੀ ਬਾਅਦ ਵਿੱਚ ਮਸ਼ੀਨ ਦੀ ਖਰੀਦ ਵਿਵਾਦਾਂ ਵਿੱਚ ਘਿਰਨ ਉਪਰੰਤ ਸਰਕਾਰ ਵੱਲੋਂ ਇਸ ਸੌਦੇ ਦੀ ਜਾਂਚ ਕਰਵਾਈ ਗਈ ਸੀ ਅਤੇ ਕੁਝ ਅਧਿਕਾਰੀਆਂ ਨੂੰ ਚਾਰਜਸ਼ੀਟ ਵੀ ਕੀਤਾ ਗਿਆ ਸੀ।

ਉਹਨਾਂ ਦੱਸਿਆ ਕਿ ਜਾਂਚ ਦੌਰਾਨ ਪੰਜਾਬ ਸਰਕਾਰ ਨੇ ਮਸ਼ੀਨ ਦੀ ਖਰੀਦ ਵਿੱਚ ਭਾਰੀ ਊਣਤਾਈਆਂ ਪਾਏ ਜਾਣ ਤੇ ਨਗਰ ਨਿਗਮ ਵਲੋਂ ਖਰਚੇ ਗਏ 89.50 ਲੱਖ ਰੁਪਏ ਦੀ ਰਿਕਵਰੀ ਕਰਨ ਦੇ ਹੁਕਮ ਵੀ ਜਾਰੀ ਕੀਤੇ ਸਨ ਅਤੇ ਮਸ਼ੀਨ ਦਾ ਟੈਂਡਰ ਰੱਦ ਕਰਨ ਦੇ ਹੁਕਮ ਵੀ ਜਾਰੀ ਕਰ ਦਿੱਤੇ ਗਏ ਸਨ। ਇਸ ਸੰਬੰਧੀ ਸਰਕਾਰ ਵੱਲੋਂ ਮਸ਼ੀਨ ਦੀ ਖਰੀਦ ਵਿੱਚ ਪਾਈਆਂ ਗਈਆਂ ਉਣਤਾਈਆਂ ਲਈ ਬੀ.ਆਰ. ਬਾਂਸਲ (ਰਿਟਾ.) ਐਡੀਸ਼ਨਲ ਡਿਸਟ੍ਰਿਕਟ ਐਂਡ ਸ਼ੈਸ਼ਨਜ ਜੱਜ ਨੂੰ ਰੈਗੂਲਰ ਪੜਤਾਲ ਕਰਨ ਲਈ ਨਿਯੁਕਤ ਕੀਤਾ ਗਿਆ ਸੀ ਜਿਹਨਾਂ ਨੇ ਇਸ ਮਾਮਲੇ ਦੀ ਪੜਤਾਲ ਕਰਨ ਉਪਰੰਤ 20 ਅਕਤੂਬਰ 2019 ਨੂੰ ਸਰਕਾਰ ਕੋਲ ਰਿਪੋਰਟ ਪੇਸ਼ ਕੀਤੀ ਸੀ ਅਤੇ ਇਸ ਰਿਪੋਰਟ ਵਿੱਚ ਮਸ਼ੀਨ ਦੀ ਖਰੀਦ ਸਬੰਧੀ ਊਣਤਾਈਆਂ ਦੀ ਪੁਸ਼ਟੀ ਕੀਤੀ ਗਈ ਸੀ ।


ਬੇਦੀ ਨੇ ਕਿਹਾ ਕਿ ਹੁਣ ਤਕ ਨਿਗਮ ਵਲੋਂ ਉਕਤ ਮਸ਼ੀਨ ਵਾਲੀ ਕੰਪਨੀ ਨੂੰ ਕੀਤੀ ਗਈ ਐਡਵਾਂਸ ਅਦਾਇਗੀ ਦੀ ਰਕਮ (ਜੋ ਵਿਆਜ ਨੂੰ ਮਿਲਾ ਕੇ ਲਗਭਗ 2 ਕਰੋੜ ਰੁਪਏ ਤੋਂ ਉਪਰ ਬਣਦੀ ਹੈ) ਵਾਪਸ ਲੈਣ ਲਈ ਕੋਈ ਕਾਰਵਾਈ ਤਾਂ ਕੀ ਕਰਨੀ ਸੀ ਉਕਤ ਟ੍ਰੀ-ਪਰੂਨਿੰਗ ਮਸ਼ੀਨ ਦੀ ਖਰੀਦ ਅਤੇ ਪੜਤਾਲ ਨਾਲ ਸਬੰਧਿਤ ਜ਼ਰੂਰੀ ਰਿਕਾਰਡ ਵੀ ਨਿਗਮ ਦਫ਼ਤਰ ਵਿਚੋਂ ਗਾਇਬ ਹੋ ਗਿਆ ਹੈ।

ਬੇਦੀ ਨੇ ਮੰਗ ਕੀਤੀ ਕਿ ਨਗਰ ਨਿਗਮ ਦੇ 2 ਕਰੋੜ ਰੁਪਏ ਦੇ ਵਿੱਤੀ ਨੁਕਸਾਨ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਇਸ ਕੇਸ ਦੀ ਫਾਈਲ ਨੂੰ ਤੁਰੰਤ ਟ੍ਰੇਸ ਕਰਵਾਇਆ ਜਾਵੇ। ਜੇ ਇਸ ਫ਼ਾਈਲ ਬਾਰੇ ਪਤਾ ਨਹੀਂ ਲੱਗਦਾ ਤਾਂ ਪੁਲਿਸ ਕੇਸ ਦਰਜ ਕਰਵਾਇਆ ਜਾਵੇ ਇਸ ਦੇ ਨਾਲ ਹੀ ਨਿਗਮ ਦੇ ਪੈਸੇ ਦੀ ਤੁਰਤ ਰਿਕਵਰੀ ਕਰਵਾਈ ਜਾਵੇ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਉਕਤ ਮਸ਼ੀਨ ਦੇ ਰਿਕਾਰਡ ਗਾਇਬ ਹੋਣ ਸਬੰਧੀ ਅਤੇ ਪੈਸੇ ਦੀ ਰਿਕਵਰੀ ਸਬੰਧੀ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਉਹ ਮਜ਼ਬੂਰ ਹੋ ਕੇ ਅਦਾਲਤ ਦਾ ਦਰਵਾਜ਼ਾ ਖੜਕਾਉਣ ਲਈ ਮਜਬੂਰ ਹੋਣਗੇ।