ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਸਰੇ ਪਾਸੇ ਦਰਬਾਰ ਸਾਹਿਬ ’ਤੇ ਫ਼ੌਜ ਚੜ੍ਹ ਰਹੀ

ਏਜੰਸੀ

ਖ਼ਬਰਾਂ, ਪੰਜਾਬ

ਇਕ ਪਾਸੇ ਇੰਦਰਾ ਗਾਂਧੀ ਸ਼ਾਂਤੀ ਦਾ ਸੰਦੇਸ਼ ਦੇ ਰਹੀ ਸੀ ਦੂਸਰੇ ਪਾਸੇ ਦਰਬਾਰ ਸਾਹਿਬ ’ਤੇ ਫ਼ੌਜ ਚੜ੍ਹ ਰਹੀ ਸੀ

image

3 ਜੂਨ ਵਾਲੇ ਦਿਨ ਹੀ ਅੰਮ੍ਰਿਤਸਰ ਵਿਚ ਮੌਜੂਦ ਭਾਰਤੀ ਅਤੇ ਵਿਦੇਸ਼ੀ ਮੀਡੀਆ ਦੇ ਕੁੱਝ ਨਾਮਵਰ ਪੱਤਰਕਾਰ ਸੰਤ ਜਰਨੈਲ ਸਿੰਘ ਖ਼ਾਲਸਾ ਨੂੰ ਮਿਲਣ ਲਈ ਸ੍ਰੀ ਦਰਬਾਰ ਸਾਹਿਬ ਗਏ। ਇਨ੍ਹਾਂ ਪੱਤਰਕਾਰਾਂ ਦੀ ਟੀਮ ਦੀ ਅਗਵਾਈ ਉਘੇ ਪੱਤਰਕਾਰ ਸ਼ਤੀਸ਼ ਜੈਕਬ ਕਰ ਰਹੇ ਸਨ। ਇਸ ਟੀਮ ਵਿਚ ਪੱਤਰਕਾਰ ਬ੍ਰਹਮ ਚੈਲਾਨੀ, ਗੁਰਦੀਪ ਸਿੰਘ, ਮੁਹਿੰਦਰ ਸਿੰਘ, ਸ਼ੁਭਾਸ਼ ਕਿਰਪੇਕਰ ਅਤੇ ਜਸਪਾਲ ਸਿੰਘ ਆਦਿ ਮੌਜੂਦ ਸਨ। ਇਨ੍ਹਾਂ ਪੱਤਰਕਾਰਾਂ ਵਲੋਂ ਲਈ ਗਈ ਇੰਟਰਵਿਊ ਵਿਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਪੁਛੇ ਗਏ ਸਵਾਲਾਂ ਵਿਚ ਇਕ ਸਵਾਲ ਇਹ ਵੀ ਸੀ ਕਿ ਜੇਕਰ ਫ਼ੌਜ ਅੰਦਰ ਆ ਗਈ ਤਾਂ ਤੁਸੀਂ ਉਸ ਦੀ ਤਾਕਤ ਦਾ ਮੁਕਾਬਲਾ ਨਹੀਂ ਕਰ ਸਕੋਗੇ ਤੇ ਆਤਮ ਸਮਰਪਣ ਕਰ ਦਿਉਗੇ ਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਤੁਹਾਨੂੰ ਪਤਾ ਨਹੀਂ ਹਜ਼ਾਰਾਂ ਭੇਡਾਂ ਨੂੰ ਇਕ ਸ਼ੇਰ ਹੀ ਕਾਬੂ ਕਰ ਸਕਦਾ ਹੈ ਅਤੇ ਜਦੋਂ ਦੂਸਰਾ ਸਵਾਲ ਕੀਤਾ ਕਿ ਤੁਹਾਨੂੰ ਡਰ ਨਹੀਂ ਕਿ ਇਸ ਲੜਾਈ ਵਿਚ ਤੁਸੀ ਮਰ ਜਾਉਗੇ? ਤਾਂ ਉਨ੍ਹਾਂ ਜਵਾਬ ਵਿਚ ਕਿਹਾ,‘‘ਸਰੀਰਕ ਮੌਤ ਕੋਈ ਮੌਤ ਨਹੀਂ ਜ਼ਮੀਰ ਦਾ ਮਰ ਜਾਣਾ ਹੀ ਅਸਲ ਮੌਤ ਹੈ ਅਤੇ ਸਿੱਖ ਮੌਤ ਤੋਂ ਨਹੀਂ ਡਰਦਾ ਅਤੇ ਜੋ ਡਰਦਾ ਹੈ ਉਹ ਸਿੱਖ ਹੀ ਨਹੀ ਹੁੰਦਾ।’’ ਇਨ੍ਹਾਂ ਪੱਤਰਕਾਰਾਂ ਦੇ ਸ੍ਰੀ ਦਰਬਾਰ ਸਾਹਿਬ ਪੁਜਣ ਤੋਂ ਪਹਿਲਾਂ  ਅੰਮ੍ਰਿਤਸਰ ਤੋਂ ਚੰਡੀਗੜ੍ਹ ਤਬਦੀਲ ਹੋਏ ਇਕ ਸੀਨੀਅਰ ਪੱਤਰਕਾਰ ਮਨਜੀਤ ਸਿੰਘ ਦੀ ਸੰਤਾਂ ਨਾਲ ਫ਼ੋਨ ’ਤੇ ਗੱਲਬਾਤ ਹੋਈ। ਬਜ਼ੁਰਗ ਪੱਤਰਕਾਰ ਸ. ਮਨਜੀਤ ਸਿੰਘ ਇਹ ਯਾਦ ਕਰਦਿਆਂ ਦਸਦੇ ਹਨ ਕਿ ਪੰਜਾਬ ਵਿਚ ਉਨ੍ਹਾਂ ਦਿਨਾਂ ਵਿਚ ਫ਼ੋਨ ’ਤੇ ਗੱਲ ਕਰਨ ਵਿਚ ਬੜੀ ਔਖ ਆ ਰਹੀ ਸੀ। ਕਾਫ਼ੀ ਜਦੋਜਹਿਦ ਤੋਂ ਬਾਅਦ ਸੰਤਾਂ ਨਾਲ ਫ਼ੋਨ ’ਤੇ ਗੱਲਬਾਤ ਹੋ ਸਕੀ। ਉਨ੍ਹਾਂ ਯਾਦ ਕਰਦਿਆਂ ਕਿਹਾ,‘‘ਮੈਂ ਅਪਣੇ ਸਾਰੇ ਸੂਤਰਾਂ ਤੋਂ ਪਤਾ ਲਾਇਆ ਹੈ ਕਿ ਸਰਕਾਰ ਦੀ ਨੀਯਤ ਵਿਚ ਖੋਟ ਹੈ।’’ ਮੈਂ ਸੰਤਾ ਨਾਲ ਫ਼ੋਨ ’ਤੇ ਗੱਲਬਾਤ ਕਰਦਿਆਂ ਅਪਣਾ ਤੋਖਲਾ ਜ਼ਾਹਰ ਕੀਤਾ ਤਾਂ ਸੰਤ ਜਰਨੈਲ ਸਿੰਘ ਖ਼ਾਲਸਾ ਨੇ ਪੂਰੇ ਜੋਸ਼ ਨਾਲ ਕਿਹਾ,‘‘ਤੂੰ ਘਬਰਾ ਨਾ ਫੱਟੇ ਚੱਕ ਦਿਆਂਗੇ।’’ ਉਨ੍ਹਾਂ ਯਾਦ ਕਰਦਿਆਂ ਕਿਹਾ,‘‘ਮੈਂ ਸੰਤਾਂ ਨੂੰ ਫਿਰ ਕਿਹਾ ਕਿ ਪੰਜਾਬ ਵਿਚ ਸਰਕਾਰ ਕੁੱਝ ਅਜਿਹਾ ਕਰਨ ਜਾ ਰਹੀ ਹੈ ਜਿਸ ਦੀ ਉਮੀਦ ਨਹੀਂ ਕੀਤੀ ਜਾ ਸਕਦੀ।’’ ਤਾਂ ਸੰਤਾਂ ਨੇ ਪੂਰੀ ਚੜ੍ਹਦੀ ਕਲਾ ਨਾਲ ਕਿਹਾ,‘‘ਮੈਂ ਸੱਭ ਜਾਣਦਾ ਹਾਂ ਸਰਕਾਰ ਦੀ ਨੀਯਤ ਤੋਂ ਜਾਣੂ ਹਾਂ।’’ ਉਘੇ ਪੱਤਰਕਾਰ ਸਤੀਸ਼ ਜੈਕਬ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਬਾਰੇ ਅਪਣੀ ਲਿਖੀ ਕਿਤਾਬ ਵਿਚ ਵਰਨਣ ਕਰਦਿਆਂ ਕਿਹਾ,‘‘ਮੈਂ ਸੰਤਾਂ ਨੂੰ ਜਦ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਮਿਲਿਆ ਤਾਂ ਉਹ ਕੁੱਝ ਤਲਖ ਨਜ਼ਰ ਆ ਰਹੇ ਸਨ। ਹਰ ਸਮੇ ਮੁਸਕੁਰਾ ਕੇ ਗੱਲ ਕਰਨ ਵਾਲੇ ਸੰਤ ਅੱਜ ਅਪਣੇ ਸੁਭਾਅ ਤੋਂ ਉਲਟ ਨਜ਼ਰ ਆ ਰਹੇ ਸਨ।’’ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਸ਼ਾਮ ਤਕ ਮੋਰਚਾਬੰਦੀ ਹੋ ਚੁੱਕੀ ਸੀ। ਹੁਣ ਇੰਤਜ਼ਾਰ ਸੀ ਦੁਸ਼ਮਣ ਦੇ ਪਹਿਲੇ ਹੱਲੇ ਦਾ। ਜਰਨਲ ਸੁਬੇਗ ਸਿੰਘ ਨੇ ਵੀ ਅਪਣੀਆਂ ਤਿਆਰੀਆਂ ਨੂੰ ਆਖ਼ਰੀ ਛੋਹਾਂ ਦੇ ਦਿਤੀਆਂ ਸਨ। ਸੰਤਾਂ ਦੇ ਨਾਲ ਰਹਿਣ ਵਾਲੇ ਸਿੰਘਾਂ ਦੇ ਮਾਲਾ ਵਾਲੇ ਹੱਥਾਂ ਵਿਚ ਬੰਦੂਕਾਂ ਆ ਚੁਕੀਆਂ ਸਨ। 

ਫੋਟੋ ਰੋਪੜ-2-01 ਤੋਂ ਪ੍ਰਾਪਤ ਕਰੋ ਜੀ।