ਮਾਨ ਸਰਕਾਰ ਵੱਲੋਂ ਪੰਜਾਬ ਦੇ ਹਰ ਸਕੂਲ ਦੇ ਵਿਦਿਆਰਥੀਆਂ ਨੂੰ ਪੰਜਾਬ ਦੀ ਮਹਾਨ ਵਿਰਾਸਤ ਨਾਲ ਜੋੜਣ ਲਈ ਨਿਵੇਕਲਾ ਉਪਰਾਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਹਰਜੋਤ ਸਿੰਘ ਬੈਂਸ ਵਲੋਂ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ ਕਰਵਾਉਣ ਦੇ ਹੁਕਮ

Harjot Bains

ਚੰਡੀਗੜ੍ਹ: ਸੂਬੇ ਦੇ ਸਕੂਲਾਂ ਵਿਚ ਪੜ੍ਹਦੇ ਵਿਦਿਆਰਥੀਆਂ ਨੂੰ ਪੰਜਾਬ ਰਾਜ ਦੀ ਮਹਾਨ ਵਿਰਾਸਤ ਅਤੇ ਵਿਰਸੇ ਨਾਲ ਜੋੜਣ ਲਈ ਭਗਵੰਤ ਮਾਨ ਸਰਕਾਰ ਨੇ ਇਕ  ਨਿਵੇਕਲਾ ਉਪਰਾਲਾ ਕਰਦਿਆਂ ਫੈਂਸਲਾ ਕੀਤਾ ਹੈ ਕਿ ਗਰਮ ਰੁੱਤ ਦੀਆਂ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੂੰ ਛੁੱਟੀਆਂ ਦੇ ਕੰਮ ਦੇ ਨਾਲ ਨਾਲ ਸੱਭਿਆਚਾਰ ਅਤੇ ਪੰਜਾਬੀ ਭਾਸ਼ਾ ਨਾਲ ਜੋੜਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਰਾਜ ਸਰਕਾਰ ਦੇ ਇਸ ਫੈਂਸਲੇ ਨਾਲ ਸੂਬੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ ਦੇ ਪਹਿਲੀ ਤੋਂ ਅੱਠਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਨੂੰ ਰੋਜ਼ਾਨਾ ਇੱਕ-ਇੱਕ ਠੇਠ ਪੰਜਾਬੀ ਦਾ ਸ਼ਬਦ ਲੱਭ ਕੇ ਯਾਦ  ਕਰਵਾਇਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸਾਰੇ ਸਕੂਲਾਂ ਦੇ ਪੰਜਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਠੇਠ ਪੰਜਾਬੀ ਸ਼ਬਦਾਂ ਦੇ ਨਾਲ-ਨਾਲ ਦੇਸੀ ਮਹੀਨਿਆਂ ਦੇ ਨਾਮ (ਬਾਰਾਂ ਮਾਹ) ਅਤੇ ਦੇਸੀ ਮਹੀਨਿਆਂ ਦਾ ਰੁੱਤਾਂ ਨਾਲ ਸਬੰਧ ਯਾਦ ਕਰਵਾਉਣ ਸਬੰਧੀ ਵੀ ਹੁਕਮ ਦਿੱਤੇ ਗਏ ਹਨ। ਬੈਂਸ ਨੇ ਕਿਹਾ ਕਿ ਪ੍ਰੀ-ਨਰਸਰੀ ਦੇ ਬੱਚਿਆਂ ਨੂੰ ਛੁੱਟੀਆਂ ਦੌਰਾਨ ਸਰੀਰਕ ਕ੍ਰਿਆਵਾਂ, ਸਰੀਰ ਦੀ ਸਫਾਈ, ਰਸਤਾ ਲੱਭਣਾ ਅਤੇ ਆਪਸੀ ਜਾਣ-ਪਹਿਚਾਣ ਬਾਰੇ ਹੋਮਵਰਕ ਦਿੱਤਾ ਗਿਆ ਹੈ

ਜਦਕਿ ਪਹਿਲੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀ ਨੈਤਿਕ ਕਦਰਾਂ ਕੀਮਤਾਂ, ਰਿਸ਼ਤੇਦਾਰਾਂ ਨਾਲ ਸਾਂਝ, ਘਰੇਲੂ ਵਰਤੋਂ ਦੀਆਂ ਚੀਜਾਂ ਦੇ ਨਵੇਂ ਅਤੇ ਪੁਰਾਣੇ ਨਾਵਾਂ ਤੋੰ ਵੀ ਜਾਣੂ ਹੋਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੇ ਇਸ ਫੈਂਸਲੇ ਦਾ ਉਦੇਸ਼ ਸਕੂਲੀ ਵਿਦਿਆਰਥੀਆਂ ਨੂੰ ਠੇਠ ਪੰਜਾਬੀ ਨਾਲ ਜੋੜਨ ਦੇ ਨਾਲ ਪੰਜਾਬੀ ਵਿਰਾਸਤ ਤੋਂ ਜਾਣੂ ਕਰਵਾਉਣ ਹੈ।

ਉਨ੍ਹਾਂ ਦੱਸਿਆ ਕਿ ਅਲੋਪ ਹੋ ਰਹੇ ਪੰਜਾਬੀ ਸ਼ਬਦਾਂ ਨੂੰ ਖੋਜਣ ਦੀ ਜਗਿਆਸਾ ਅਤੇ ਉਹਨਾਂ ਬਾਰੇ ਸਮਝ ਵਿਕਸਤ ਹੋਣ ਨਾਲ ਨਵੀਂ ਪੀੜ੍ਹੀ ਦੇ ਵਿਦਿਆਰਥੀਆਂ ਵਿਚ ਪੁਰਾਣੇ ਸੱਭਿਆਚਾਰ ਨਾਲ ਜੁੜਨ ਦੀ ਇੱਛਾ ਪ੍ਰਬਲ ਹੋਵੇਗੀ। ਬੈਂਸ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਹ ਫੈਂਸਲਾ ਲੈਣ ਵੇਲੇ ਇਸ ਗੱਲ ਦਾ ਵਿਸ਼ੇਸ਼ ਧਿਆਨ ਕਰਨ ਵਿਦਿਆਰਥੀਆਂ ਤੋਂ ਇਹ ਕਾਰਜ ਕਰਵਾਉਣ ਵਿਚ ਕਿਸੇ ਤਰ੍ਹਾਂ ਦਾ ਕੋਈ ਖਰਚ ਨਾ ਆਵੇ।