ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਹੁਣ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ ਹਰਜੋਤ ਸਿੰਘ ਬੈਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਅਤੇ ਹਿਮਾਚਲ ਲਈ ਅਹਿਮ ਨੰਗਲ ਫਲਾਈਓਵਰ ਦੇ ਕਾਰਜ ਨੂੰ ਜਲਦ ਮੁਕੰਮਲ ਕਰਨ 'ਤੇ ਦਿਤਾ ਜ਼ੋਰ 

Cabinet Minister Harjot Singh Bains

ਚੰਡੀਗੜ੍ਹ : ਪੰਜਾਬ ਅਤੇ ਹਿਮਾਚਲ ਲਈ ਅਹਿਮ ਨੰਗਲ ਫਲਾਈਓਵਰ ਦੇ ਕਾਰਜ ਨੂੰ ਜਲਦ ਮੁਕੰਮਲ ਕਰਨ ਹਿੱਤ ਸੂਬੇ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਫ਼ੈਸਲਾ ਕੀਤਾ ਹੈ ਕਿ ਇਸ ਪ੍ਰਾਜੈਕਟ ਦੀ ਪ੍ਰਗਤੀ ਸਬੰਧੀ ਜਾਣਕਾਰੀ ਕਰਨ ਲਈ ਉਹ ਹਰ ਹਫ਼ਤੇ ਸਮੀਖਿਆ ਮੀਟਿੰਗ ਕਰਨਗੇ।
 
ਪੰਜਾਬ ਰਾਜ ਦੇ ਸਕੱਤਰੇਤ ਵਿਖੇ ਨੰਗਲ ਫਲਾਈਓਵਰ ਦੀ ਪ੍ਰਗਤੀ ਸਬੰਧੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੰਤਰੀ ਬੈਂਸ ਨੇ ਕਿਹਾ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਮਿੱਥੇ ਸਮੇਂ ਤੋਂ ਬਹੁਤ ਪਿੱਛੇ ਚਲ ਰਿਹਾ ਹੈ ਜਿਸ ਕਾਰਨ ਜਿੱਥੇ ਇਸ ਰਸਤੇ ਰਾਹੀਂ ਯਾਤਰਾ ਕਰਨ ਵਾਲੇ ਲੋਕਾਂ ਨੂੰ ਨਿੱਤ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਥੇ ਨਾਲ ਹੀ ਨੰਗਲ ਸ਼ਹਿਰ ਦੇ ਵਪਾਰ ਨੂੰ ਵੀ ਬਹੁਤ ਸੱਟ ਵੱਜੀ ਹੈ।

ਇਹ ਵੀ ਪੜ੍ਹੋ:  ਬੈਂਗਲੁਰੂ ਵਿਖੇ ਮਕਾਨ ਮਾਲਕ ਨੇ ਕਿਰਾਏਦਾਰ ਦੇ ਸਟਾਰਟਅੱਪ 'ਚ ਕੀਤਾ 10 ਹਜ਼ਾਰ ਡਾਲਰ ਦਾ ਨਿਵੇਸ਼?

ਮੀਟਿੰਗ ਦੌਰਾਨ ਲੋਕ ਨਿਰਮਾਣ ਵਿਭਾਗ, ਪੰਜਾਬ, ਉੱਤਰ ਰੇਲਵੇ ਦੇ ਅਧਿਕਾਰੀ, ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਸਥਾਨਕ ਪ੍ਰਸ਼ਾਸਨ ਅਤੇ ਠੇਕੇਦਾਰ ਮੀਟਿੰਗ ਵਿਚ ਹਾਜ਼ਰ ਸਨ। ਮੀਟਿੰਗ ਦੌਰਾਨ ਹਾਜ਼ਰ ਅਧਿਕਾਰੀਆਂ ਨੇ ਇਸ ਪ੍ਰਾਜੈਕਟ ਦੇ ਮੁਕੰਮਲ ਵਿਚ ਹੋ ਰਹੀ ਦੇਰੀ ਦੇ ਵੱਖ-ਵੱਖ ਕਾਰਨਾਂ 'ਤੇ ਚਾਨਣਾ ਪਾਇਆ। ਇਸ ਪ੍ਰਾਜੈਕਟ ਦੇ ਸਮੇਂ ਤੋਂ ਪਛੜਣ ਦਾ ਸਭ ਤੋਂ ਵੱਡਾ ਕਾਰਨ ਰੇਲਵੇ ਵਿਭਾਗ ਵਲੋਂ ਦਿਤੀ ਜਾਣ ਵਾਲੀਆਂ ਪ੍ਰਵਾਨਗੀਆਂ ਅਤੇ ਇਸ ਪ੍ਰਾਜੈਕਟ ਵਿਚ ਵਰਤੋਂ ਹੋਣ ਵਾਲੇ ਸਮਾਨ ਦੀ ਗੁਣਵਤਾ ਸਬੰਧੀ ਪ੍ਰਵਾਨਗੀ ਦੇਣ ਵਾਲੀ ਸੰਸਥਾ ਵੱਲੋਂ ਕੀਤੀ ਜਾਣ ਵਾਲੀ ਦੇਰੀ ਹੈ।

ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਮੌਕੇ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਹ ਪ੍ਰਾਜੈਕਟ ਪਹਿਲਾਂ ਹੀ ਆਪਣੇ ਮਿੱਥੇ ਸਮੇਂ ਤੋਂ ਬਹੁਤ ਪਛੜ ਗਿਆ ਹੈ ਜਿਸ ਲਈ ਹੁਣ ਉਨ੍ਹਾਂ ਨੂੰ ਨੰਗਲ ਫਲਾਈਓਵਰ ਪ੍ਰਾਜੈਕਟ ਸਬੰਧੀ ਪ੍ਰਵਾਨਗੀਆਂ ਜਲਦ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਲੋਕਾਂ ਨੂੰ ਆ ਰਹੀ ਮੁਸ਼ਕਲ ਦਾ ਹੱਲ ਹੋ ਸਕੇ। ਉਨ੍ਹਾਂ ਰੇਲਵੇ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਜੇਕਰ ਇਸ ਪ੍ਰਾਜੈਕਟ ਸਬੰਧੀ ਕੇਂਦਰ ਸਰਕਾਰ ਤੋਂ ਕੋਈ ਪ੍ਰਵਾਨਗੀ ਲੈਣ ਵਿਚ ਕੋਈ ਦਿੱਕਤ ਆ ਰਹੀ ਹੈ, ਤਾਂ ਉਹਨਾਂ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਜੋ ਇਸ ਬਾਬਤ ਉਹ ਖ਼ੁਦ ਕੇਂਦਰ ਸਰਕਾਰ ਨਾਲ ਰਾਬਤਾ ਕਰ ਸਕਣ।