Lok Sabha Election Result 2024 : ਪੰਜਾਬ 'ਚ ਭਲਕੇ ਹੋਵੇਗੀ ਲੋਕ ਸਭਾ ਵੋਟਾਂ ਦੀ ਗਿਣਤੀ, ਸਾਰੀਆਂ ਤਿਆਰੀਆਂ ਮੁਕੰਮਲ

ਏਜੰਸੀ

ਖ਼ਬਰਾਂ, ਪੰਜਾਬ

23 ਜ਼ਿਲ੍ਹਿਆਂ ਵਿੱਚ 24 ਥਾਵਾਂ 'ਤੇ ਬਣਾਏ ਗਏ ਗਿਣਤੀ ਕੇਂਦਰ, 15 ਹਜ਼ਾਰ ਮੁਲਾਜ਼ਮ ਰਹਿਣਗੇ ਤਾਇਨਾਤ

Counting arrangement
ਸਾਰਾ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ  

Lok Sabha Election Result 2024 : ਪੰਜਾਬ ਵਿੱਚ ਲੋਕ ਸਭਾ ਚੋਣਾਂ ਦੀ ਗਿਣਤੀ 4 ਜੂਨ (ਮੰਗਲਵਾਰ) ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ। 23 ਜ਼ਿਲ੍ਹਿਆਂ ਵਿੱਚ 24 ਥਾਵਾਂ ’ਤੇ 48 ਇਮਾਰਤਾਂ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ। 15 ਹਜ਼ਾਰ ਦੇ ਕਰੀਬ ਮੁਲਾਜ਼ਮ ਗਿਣਤੀ ਲਈ ਡਿਊਟੀ ’ਤੇ ਤਾਇਨਾਤ ਕੀਤੇ ਗਏ ਹਨ।

ਇਸ ਦੇ ਨਾਲ ਹੀ ਹਰੇਕ ਜ਼ਿਲ੍ਹੇ ਵਿੱਚ 450 ਤੋਂ ਵੱਧ ਪੁਲਿਸ ਅਤੇ ਕੇਂਦਰੀ ਸੁਰੱਖਿਆ ਏਜੰਸੀਆਂ ਦੇ ਕਰਮਚਾਰੀ ਗਿਣਤੀ ਕੇਂਦਰਾਂ ਦੀ ਸੁਰੱਖਿਆ ਲਈ ਤਾਇਨਾਤ ਕੀਤੇ ਜਾਣਗੇ। ਹਰੇਕ ਗਿਣਤੀ ਕੇਂਦਰ 'ਤੇ ਸੁਪਰਵਾਈਜ਼ਰ, ਮਾਈਕ੍ਰੋ ਅਬਜ਼ਰਵਰ ਅਤੇ ਸਹਾਇਕ ਸਟਾਫ਼ ਮੌਜੂਦ ਹੋਵੇਗਾ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬੇਨਿਯਮੀ ਨਾ ਹੋਵੇ। ਉਮੀਦ ਹੈ ਕਿ ਦੁਪਹਿਰ ਤੱਕ ਚੋਣ ਨਤੀਜੇ ਸਪੱਸ਼ਟ ਹੋ ਜਾਣਗੇ।

 14 ਟੇਬਲਾਂ 'ਤੇ ਇੱਕੋ ਸਮੇਂ ਚੱਲੇਗੀ ਗਿਣਤੀ 

ਇਸ ਵਾਰ ਸੂਬੇ 'ਚ 328 ਉਮੀਦਵਾਰ ਚੋਣ ਮੈਦਾਨ 'ਚ ਸਨ ਅਤੇ 2.14 ਕਰੋੜ ਵੋਟਰਾਂ 'ਚੋਂ ਸਿਰਫ 62.80 ਫੀਸਦੀ ਨੇ ਹੀ ਆਪਣੀ ਵੋਟ ਪਾਈ। ਸਭ ਤੋਂ ਵੱਧ ਵੋਟਿੰਗ ਬਠਿੰਡਾ 'ਚ ਹੋਈ, ਜਿੱਥੇ 69.36 ਫੀਸਦੀ ਵੋਟਿੰਗ ਹੋਈ, ਜਦਕਿ ਸਭ ਤੋਂ ਘੱਟ ਅੰਮ੍ਰਿਤਸਰ 'ਚ 56.06 ਫੀਸਦੀ ਵੋਟਿੰਗ ਹੋਈ ਸੀ। ਗਿਣਤੀ ਲਈ ਹਰ ਕੇਂਦਰ ਵਿੱਚ ਕਾਊਂਟਿੰਗ ਹਾਲ ਬਣਾਏ ਗਏ ਹਨ। ਹਰ ਹਾਲ 'ਚ 14 ਕਾਊਂਟਿੰਗ ਟੇਬਲ ਹੋਣਗੇ। 

ਹਰ ਇੱਕ ਟੇਬਲ 'ਤੇ ਕਾਉਂਟਿੰਗ ਸੁਪਰਵਾਈਜ਼ਰ, ਇੱਕ ਕਾਉਂਟਿੰਗ ਅਸਿਸਟੈਂਟ, ਕਾਉਂਟਿੰਗ ਸਟਾਫ਼ ਗਰੁੱਪ ਡੀ ਦਾ ਕਰਮਚਾਰੀ ਅਤੇ ਇੱਕ ਮਾਈਕ੍ਰੋ ਅਬਜ਼ਰਵਰ ਹਰੇਕ ਤਾਇਨਾਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਗਿਣਤੀ ਵਾਲੇ ਦਿਨ ਆਖਰੀ ਰੈਂਡਮਾਈਜ਼ੇਸ਼ਨ ਸਵੇਰੇ 5 ਵਜੇ ਹੋਵੇਗੀ। ਇਸ ਦੇ ਨਾਲ ਹੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੂਥਾਂ ਦੇ ਹਿਸਾਬ ਨਾਲ ਹੀ ਗਿਣਤੀ ਕੀਤੀ ਜਾਵੇਗੀ। ਵੋਟਾਂ ਦੀ ਗਿਣਤੀ 17 ਗੇੜਾਂ ਤੋਂ ਲੈ ਕੇ 27 ਗੇੜਾਂ ਤੱਕ ਹੋ ਸਕਦੀ ਹੈ।

ਸਾਰਾ ਦਿਨ ਬੰਦ ਰਹਿਣਗੇ ਸ਼ਰਾਬ ਦੇ ਠੇਕੇ  

4 ਜੂਨ ਨੂੰ ਜਦੋਂ ਪੰਜਾਬ ਭਰ ਵਿੱਚ ਵੋਟਾਂ ਦੀ ਗਿਣਤੀ ਚੱਲ ਰਹੀ ਹੋਵੇਗੀ ਤਾਂ ਇਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਇਸ ਸਬੰਧੀ ਚੋਣ ਕਮਿਸ਼ਨ ਪਹਿਲਾਂ ਹੀ ਹੁਕਮ ਜਾਰੀ ਕਰ ਚੁੱਕਾ ਹੈ। ਕਿਸੇ ਵੀ ਹੋਟਲ ਜਾਂ ਰੈਸਟੋਰੈਂਟ ਵਿੱਚ ਸ਼ਰਾਬ ਨਹੀਂ ਪਰੋਸੀ ਜਾਵੇਗੀ। ਜੇਕਰ ਕੋਈ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।