ਅਕਾਲੀ ਦਲ ਦੇ ਮਾਰਚ ਦਾ ਸਿੱਖ ਨੌਜਵਾਨਾਂ ਵਲੋਂ ਕਾਲੀਆਂ ਝੰਡੀਆਂ ਨਾਲ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ ਦਲ ਬਾਦਲ ਵਲੋਂ ਕੋਟਕਪੂਰਾ ਤੋਂ ਲੈ ਕੇ ਫ਼ਰੀਦਕੋਟ ਤਕ ਨਸ਼ਿਆਂ ਵਿਰੁਧ ਕੱਢੇ ਗਏ ਪੈਦਲ ਮਾਰਚ 'ਚ.........

Bhai Daler Singh Dod and other Giving Memorandum to District Police Chief

ਕੋਟਕਪੂਰਾ : ਅਕਾਲੀ ਦਲ ਬਾਦਲ ਵਲੋਂ ਕੋਟਕਪੂਰਾ ਤੋਂ ਲੈ ਕੇ ਫ਼ਰੀਦਕੋਟ ਤਕ ਨਸ਼ਿਆਂ ਵਿਰੁਧ ਕੱਢੇ ਗਏ ਪੈਦਲ ਮਾਰਚ 'ਚ ਉਸ ਵੇਲੇ ਸਥਿਤੀ ਕਸੂਤੀ ਬਣ ਗਈ ਜਦੋਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਸਮੇਤ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਦੇ ਨੌਜਵਾਨਾਂ ਨੇ ਜੌੜੀਆਂ ਨਹਿਰਾਂ 'ਤੇ ਕਾਲੀਆਂ ਝੰਡੀਆਂ ਵਿਖਾ ਕੇ ਸਖ਼ਤ ਵਿਰੋਧ ਕਰਦਿਆਂ ਅਕਾਲੀ ਦਲ ਵਿਰੁਧ ਜੰਮ ਕੇ ਨਾਹਰੇਬਾਜ਼ੀ ਕਰਨ ਉਪਰੰਤ ਫ਼ਰੀਦਕੋਟ ਦੇ ਐਸ.ਐਸ.ਪੀ.ਡਾ.ਨਾਨਕ ਸਿੰਘ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਮੰਗ ਪੱਤਰ ਸੌਂਪਿਆ ਤਾਂ ਜੋ ਨਸ਼ਿਆਂ ਵਿਰੁਧ ਡਰਾਮੇਬਾਜ਼ੀ ਕਰ ਰਹੇ

ਅਕਾਲੀ ਸਰਕਾਰ ਵੇਲੇ ਅਮਰਵੇਲ ਵਾਂਗ ਪੰਜਾਬ ਅੰਦਰ ਵਧੇ ਨਸ਼ੇ ਦੀ ਸਹੀ ਪੜਤਾਲ ਹੋ ਸਕੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਪ੍ਰਧਾਨ ਦਲੇਰ ਸਿੰਘ ਡੋਡ ਸਮੇਤ ਗੁਰਸੇਵਕ ਸਿੰਘ ਭਾਣਾ, ਜਸਵਿੰਦਰ ਸਿੰਘ ਸਾਦਿਕ, ਗੁਰਪ੍ਰੀਤ ਸਿੰਘ, ਚਰਨਜੀਤ ਸਿੰਘ, ਪਰਮਜੀਤ ਸਿੰਘ ਕਿੱਲੀ, ਰੁਪਿੰਦਰ ਸਿੰਘ ਪੰਜਗਰਾਂਈ ਆਦਿ ਨੇ ਕਿਹਾ ਕਿ ਪਿਛਲੇ 10 ਸਾਲ ਸੱਤਾ 'ਚ ਰਹੀ ਬਾਦਲ ਸਰਕਾਰ ਨੇ ਉਸ ਸਮੇਂ ਨਸ਼ਿਆਂ ਦੀ ਦਲਦਲ 'ਚ ਧਸਦੀ ਜਾ ਰਹੀ ਨੌਜਵਾਨ ਪੀੜ੍ਹੀ ਨੂੰ ਬਚਾਉਣ ਲਈ ਇਕ ਵੀ ਵੱਡੇ ਨਸ਼ਾ ਤਸਕਰ ਵਿਰੁਧ ਕਾਰਵਾਈ ਅਮਲ 'ਚ ਨਹੀ ਲਿਆਂਦੀ। '

ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਸਬੰਧਤ ਕਈ ਲੀਡਰਾਂ 'ਤੇ ਦੋਸ਼ ਲਗਦੇ ਰਹੇ ਹਨ ਕਿ ਇਹ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ ਪਰ ਸਭ ਕੁੱਝ ਜਾਣਦੇ ਹੋਏ ਵੀ ਤਤਕਾਲੀਨ ਬਾਦਲ ਸਰਕਾਰ ਨੇ ਜਾਂਚ ਕਰਨ ਦੀ ਜ਼ਰੂਰਤ ਹੀ ਨਹੀ ਸਮਝੀ ਤੇ ਹੁਣ ਜਦੋਂ ਪੰਜਾਬ ਅੰਦਰ ਸੱਤਾ ਬਦਲ ਚੁਕੀ ਹੈ ਤਾਂ ਨਸ਼ਿਆਂ ਦੀ ਵੱਧ ਰਹੀ ਕਰੋਪੀ ਨੂੰ ਲੈ ਕੇ ਅਕਾਲੀ ਦਲ ਸੜਕਾਂ 'ਤੇ ਡਰਾਮੇਬਾਜ਼ੀ ਕਰ ਰਿਹਾ ਹੈ। ਉਨ੍ਹਾਂ ਸਰਕਾਰ ਪਾਸੋਂ ਮੰਗ ਕੀਤੀ ਕਿ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਨਸ਼ੇ ਬੰਦ ਕਰਨ ਦੇ ਨਾਲ-ਨਾਲ ਨਸ਼ਾ ਤਸਕਰਾਂ ਵਿਰੁਧ ਵੀ ਉਚਿਤ ਕਾਰਵਾਈ ਅਮਲ 'ਚ ਲਿਆਂਦੀ ਜਾਵੇ।