ਮੁਗ਼ਲਮਾਜਰੀ 'ਚ ਕਨੂੰਨੀ ਨਿਯਮਾਂ ਦੀ ਅਣਦੇਖੀ ਕਰ ਕੇ ਖੇਡਿਆ ਜਾ ਰਿਹੈ ਸ਼ਿਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿੰਡ ਮੁਗ਼ਲਮਾਜਰੀ ਦੀ ਨਦੀ ਵਿਚਾਲੇ ਜੰਗਲੀ ਇਲਾਕੇ ਵਿਚ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਪਾਬੰਦੀਆਂ ਦੇ ਬਾਬਜੂਦ ਸ਼ਿਕਾਰ ਦੇ ਸ਼ੌਕੀਨ.........

People ready for Hunting And Weapons in Jeep for Hunting

ਕੁਰਾਲੀ : ਪਿੰਡ ਮੁਗ਼ਲਮਾਜਰੀ ਦੀ ਨਦੀ ਵਿਚਾਲੇ  ਜੰਗਲੀ ਇਲਾਕੇ ਵਿਚ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਪਾਬੰਦੀਆਂ ਦੇ ਬਾਬਜੂਦ ਸ਼ਿਕਾਰ ਦੇ ਸ਼ੌਕੀਨ ਕੁਝ ਵਿਅਕਤੀਆਂ ਵਲੋਂ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗਦੇ ਹੋਏ ਸ਼ਿਕਾਰ ਖੇਡਿਆ ਜਾ ਰਿਹਾ ਹੈ । ਸ਼ਿਕਾਰ ਖੇਡਣ ਦਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਨਦੀ ਨੇੜਲੇ ਡੇਰਾ ਬਾਬਾ ਗਾਜੀ ਦਾਸ ਦੇ ਮਹੰਤ ਸੁਖਦੇਵ ਸਿੰਘ ਵਲੋਂ ਸ਼ਿਕਾਰ ਖੇਡਣ ਦੀ ਇਕ ਗੁਪਤ ਸੂਚਨਾ ਦਿਤੀ ਗਈ। ਜਦੋਂ ਪੱਤਰਕਾਰਾਂ ਦੀ ਇਕ ਟੀਮ ਨੇ ਸ਼ਿਕਾਰ ਖੇਡਣ ਵਾਲੇ ਸਥਾਨ ਦਾ ਦੌਰਾ ਕੀਤਾ ਤਾਂ ਉਥੇ ਕਈ ਥਾਵਾਂ 'ਤੇ ਜਾਨਵਰਾਂ ਖ਼ਾਸ ਕਰ ਕੇ ਮੋਰਾਂ ਨੂੰ ਅਪਣਾ ਸ਼ਿਕਾਰ ਬਣਾਉਣ

ਲਈ ਜਾਲ ਵਿਛਾਏ ਹੋਏ ਦਿਖਾਈ ਦਿਤੇ। ਉਥੇ ਹੀ ਲੁੱਕ ਕੇ ਬੈਠੇ ਵਿਅਕਤੀਆਂ ਨੇ ਵਿਛਾਏ ਹੋਏ ਜਾਲਾਂ ਨੂੰ ਇਕੱਠਾ ਕਰ ਕੇ ਨੇੜੇ ਖੜੀਆਂ ਜੀਪਸੀਆਂ ਵਿਚ ਸੁੱਟਣਾ ਸ਼ੁਰੂ ਕਰ ਦਿਤਾ। ਜਦ ਜਾਲ ਚੁੱਕੀ ਜਾ ਰਹੇ ਇਕ ਵਿਅਕਤੀ ਨੂੰ ਪੁੱਛਿਆ ਤਾਂ ਉਸ ਨੇ ਦਸਿਆ ਕਿ ਉਹ ਤਾਂ ਸਿਰਫ਼ ਇਕ ਦਿਹਾੜੀਦਾਰ ਹੈ ਉਸ ਨੂੰ ਇਸ ਕੰਮ ਲਈ ਤਿੰਨ ਸੌ ਰੁਪਏ ਦਿਹਾੜੀ ਦਿਤੀ ਜਾਂਦੀ ਹੈ। ਉਸ ਨੇ ਦਸਿਆ ਕਿ ਉਹ ਕਿਸੇ ਹੋਰ (ਜੋ ਉਥੇ ਖੜੀ ਜੀਪਸੀ ਵਿਚ ਬੈਠਾ ਸੀ) ਲਈ ਕੰਮ ਕਰਦੇ ਹਨ ਤੇ ਉਹ ਇਥੇ ਜੰਗਲੀ ਜਾਨਵਰਾਂ ਲਈ ਜਾਲ ਵਿਛਾਉਂਦੇ ਹਨ।

ਉਨ੍ਹਾਂ ਵਲੋਂ ਵਿਛਾਏ ਜਾਲ ਵਿਚ ਕੋਈ ਸ਼ਿਕਾਰ ਫਸਣ 'ਤੇ ਉਨ੍ਹਾਂ ਨੂੰ ਦਿਹਾੜੀ ਦੇ ਨਾਲ-ਨਾਲ ਜਾਲ ਵਿਚ ਫਸੇ ਸ਼ਿਕਾਰ ਦੇ ਮਾਸ ਵਿਚੋਂ ਵੀ ਹਿੱਸਾ ਦਿਤਾ ਜਾਂਦਾ ਹੈ। 
ਜਦੋਂ ਇਸ ਸਬੰਧੀ ਜੀਪਸੀ 'ਚ ਬੈਠੇ ਵਿਅਕਤੀ ਨਾਲ ਗੱਲਬਾਤ ਕੀਤੀ ਤਾਂ ਉਸ ਵਲੋਂ ਸ਼ਿਕਾਰ ਖੇਡਣ ਦੀ ਗੱਲ 'ਤੇ ਕੰਨੀ ਕੱਟਣ ਦੀ ਕੋਸ਼ਿਸ਼ ਕੀਤੀ ਜਦਕਿ ਉਸ ਦੀ ਜੀਪਸੀ ਵਿਚ ਸ਼ਿਕਾਰ ਖੇਡਣ ਲਈ ਕੰਮ ਆਉਣ ਵਾਲੇ ਜਾਲ, ਲਾਠੀਆਂ ਤੋਂ ਇਲਾਵਾ ਹੋਰ ਹਥਿਆਰ ਵੀ ਮਾਜੂਦ ਸਨ। ਜਦੋਂ ਉਥੇ ਹੀ ਖੜੇ ਇਕ ਹੋਰ ਸ਼ਖ਼ਸ ਬਾਰੇ ਪੁਛਿਆ ਤਾਂ ਇਕ ਮਜਦੂਰ ਵਲੋਂ ਦਸਿਆ ਗਿਆ ਕਿ ਉਹ ਉਸ ਨੂੰ ਨਹੀਂ ਜਾਣਦੇ ਪਰ ਉਨ੍ਹਾਂ ਵਲੋਂ ਦੱਸੇ ਅਨੁਸਾਰ ਉਹ ਇਕ ਆਰਮੀ ਮੁਲਾਜ਼ਮ ਹੈ। 

ਕੀ ਕਹਿਣਾ ਮਹੰਤ ਸੁਖਦੇਵ ਸਿੰਘ ਦਾ : ਇਸ ਸਬੰਧੀ ਜਦ ਮੌਕੇ 'ਤੇ ਮਹੰਤ ਸੁਖਦੇਵ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦਸਿਆ ਕਿ ਇਸ ਇਲਾਕੇ ਵਿਚ ਮੋਰ ਬਹੁਤੀ ਗਿਣਤੀ ਵਿਚ ਪਾਏ ਜਾਂਦੇ ਹਨ ਤੇ ਇਸ ਤੋਂ ਇਲਾਵਾ ਹੋਰ ਜੰਗਲੀ ਜੀਵ ਇਥੇ ਇਕਾ-ਦੁੱਕਾ ਹੀ ਦੇਖਣ ਨੂੰ ਮਿਲਦਾ ਹੈ ਤੇ ਉਨ੍ਹਾਂ ਨੂੰ ਸ਼ਿਕਾਰੀਆਂ ਵਲੋਂ ਇਥੇ ਪਿਛਲੇ ਲੰਮੇ ਸਮੇਂ ਤੋਂ ਸ਼ਿਕਾਰ ਖੇਡਣ ਦਾ ਅੰਦੇਸ਼ਾ ਸੀ ਪਰ ਜਦ ਅੱਜ ਉਨ੍ਹਾਂ ਨੂੰ ਪਤਾ ਚਲਾ ਕਿ ਨਦੀ ਵਿਚ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਜਾਲ ਵਿਛਾਏ ਜਾ ਰਹੇ ਹਨ ਤਾਂ ਉਨ੍ਹਾਂ ਇਸ ਸਬੰਧੀ ਫ਼ੋਨ 'ਤੇ ਸੂਚਨਾ ਦਿਤੀ ਸੀ। ਉਨ੍ਹਾਂ ਦਸਿਆ ਕਿ ਇਸ ਥਾਂ 'ਤੇ ਪਹਿਲਾਂ ਕਈ ਵਾਰ ਮੋਰ ਤੇ ਹੋਰ ਕਈ ਜਾਨਵਰਾਂ ਦੇ ਅਵਸ਼ੇਸ਼ ਮਿਲ ਚੁੱਕੇ ਸਨ।