ਨਸ਼ਾ ਤਸਕਰਾਂ ਨੂੰ ਫਾਂਸੀ ਦੀ ਸਿਫ਼ਾਰਸ਼
ਪਿਛਲੇ ਕੁੱਝ ਦਿਨਾਂ ਵਿਚ ਨਸ਼ਈ ਮੁੰਡਿਆਂ ਦੀਆਂ 15 ਤੋਂ ਵੱਧ ਮੌਤਾਂ ਹੋ ਜਾਣ 'ਤੇ ਇਸ ਸਰਹੱਦੀ ਸੂਬੇ ਵਿਚ ਹਾਹਾਕਾਰ ਮਚ ਗਈ......
ਚੰਡੀਗੜ੍ਹ: ਪਿਛਲੇ ਕੁੱਝ ਦਿਨਾਂ ਵਿਚ ਨਸ਼ਈ ਮੁੰਡਿਆਂ ਦੀਆਂ 15 ਤੋਂ ਵੱਧ ਮੌਤਾਂ ਹੋ ਜਾਣ 'ਤੇ ਇਸ ਸਰਹੱਦੀ ਸੂਬੇ ਵਿਚ ਹਾਹਾਕਾਰ ਮਚ ਗਈ, ਲੋਕਾਂ ਨੇ ਕਾਂਗਰਸ ਸਰਕਾਰ ਦੀ ਸਖ਼ਤ ਭੰਡੀ ਕਰਨੀ ਸ਼ੁਰੂ ਕਰ ਦਿਤੀ ਜਿਸ ਮਗਰੋਂ ਗੁੜ੍ਹੀ ਨੀਂਦ ਤੋਂ ਜਾਗੀ ਪੰਜਾਬ ਸਰਕਾਰ ਨੇ ਅੱਜ ਸਵੇਰੇ ਵਿਸ਼ੇਸ਼ ਮੰਤਰੀ ਮੰਡਲ ਦੀ ਬੈਠਕ ਕੀਤੀ ਅਤੇ ਸਖ਼ਤ ਸੁਝਾਅ ਦਿਤਾ ਕਿ ਨਸ਼ਾ ਤਸਕਰਾਂ ਵਿਰੁਧ ਮਾਮਲਾ ਦਰਜ ਕਰ ਕੇ ਮੌਤ ਦੀ ਸਜ਼ਾ ਯਾਨੀ ਫਾਂਸੀ ਦਿਤੀ ਜਾਵੇ।
ਇਸ ਕਾਨੂੰਨੀ ਤੇ ਅਦਾਲਤੀ ਦਾਅਪੇਚ ਵਾਲੀ ਫਾਂਸੀ ਦੀ ਸਜ਼ਾ ਵਾਲੀ ਧਾਰਾ ਪੰਜਾਬ ਵਿਚ ਲਾਗੂ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੇਂਦਰ ਦੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਪੱਤਰ ਲਿਖਣਗੇ ਤਾਕਿ ਪਾਰਲੀਮੈਂਟ ਵਿਚ ਇਸ ਨਵੇਂ ਸਖ਼ਤ ਕਾਨੂੰਨ ਨੂੰ ਪਾਸ ਕਰਵਾ ਲਿਆ ਜਾਵੇ। ਮੰਤਰੀ ਮੰਡਲ ਦੀ ਬੈਠਕ ਵਿਚ ਪੰਜਾਬ ਦੇ ਡੀ.ਜੀ.ਪੀ. ਸੁਰੇਸ਼ ਅਰੋੜਾ ਨੂੰ ਵੀ ਤਲਬ ਕੀਤਾ ਗਿਆ, ਇਕ ਦੋ ਹੋਰ ਸੀਨੀਅਰ ਪੁਲਿਸ ਅਧਿਕਾਰੀ ਵੀ ਬੁਲਾਏ ਗਏ, ਘੰਟਾ ਭਰ ਚਰਚਾ ਹੋਈ। ਮਗਰੋਂ ਮੁੱਖ ਮੰਤਰੀ ਨਾਲ ਸਬੰਧਤ ਮੰਤਰੀਆਂ ਨੇ ਇਸ ਗੰਭੀਰ ਵਿਸ਼ੇ ਨਸ਼ਾ ਤਸਕਰੀ ਅਤੇ ਹੋ ਰਹੀਆਂ ਮੌਤਾਂ ਬਾਰੇ 2 ਘੰਟੇ ਹੋਰ ਚਰਚਾ ਕੀਤੀ।
ਮੰਤਰੀ ਮੰਡਲ ਦੇ ਸੀਨੀਅਰ ਸਾਥੀ ਪੰਚਾਇਤਾਂ ਤੇ ਦਿਹਾਤੀ ਵਿਕਾਸ ਮੰਤਰੀ ਸ. ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੀਡੀਆ ਨੂੰ ਦਸਿਆ ਕਿ ਪੰਜਾਬ ਸਰਕਾਰ ਤੇ ਵਿਸ਼ੇਸ਼ ਕਰ ਕੇ ਮੰਤਰੀ ਮੰਡਲ ਨਸ਼ਿਆਂ ਨਾਲ ਹੋ ਰਹੀਆਂ ਮੌਤਾਂ 'ਤੇ ਗਹਿਰੀ ਚਿੰਤਾ ਵਿਚ ਹੈ ਜਿਸ ਕਰ ਕੇ ਨਸ਼ਾ ਤਸਕਰਾਂ ਨੂੰ ਫਾਂਸੀ ਅਤੇ ਦੋਸ਼ੀ ਪੁਲਿਸ ਅਧਿਕਾਰੀ ਨੂੰ ਨੌਕਰੀ ਤੋਂ ਹਟਾਉਣ ਦਾ ਸਖ਼ਤ ਕਦਮ ਚੁਕਿਆ ਹੈ। ਤ੍ਰਿਪਤ ਬਾਜਵਾ ਨੇ ਕਿਹਾ ਕਿ ਸਖ਼ਤ ਸਜ਼ਾਵਾਂ ਦੇਣ ਦੇ ਫ਼ੈਸਲੇ ਲੈਣੇ ਬਹੁਤ ਜ਼ਰੂਰੀ ਹਨ ਅਤੇ ਕਾਂਗਰਸ ਸਰਕਾਰ ਨੇ ਪਿਛਲੇ ਡੇਢ ਸਾਲ ਵਿਚ 10,000 ਨਸ਼ਾ ਵੇਚਣ ਵਾਲੇ ਜੇਲਾਂ ਵਿਚ ਸੁੱਟੇ ਹਨ,
ਕਿਲੋ ਦੋ ਕਿਲੋ ਵਾਲੇ ਸਾਰੇ ਫੜ ਲਏ ਅਤੇ ਛੋਟੀ ਮਿਕਦਾਰ ਵਾਲੇ ਵੀ ਕਾਬੂ ਕਰ ਲਏ ਜਾਣਗੇ। ਇਹ ਪੁਛੇ ਜਾਣ 'ਤੇ ਕਿ ਪੁਲਿਸ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਪੰਜਾਬ ਵਿਚ ਨਸ਼ੇ ਵਿਕਦੇ ਹਨ, ਕਈਆਂ ਨੂੰ ਸਰਪ੍ਰਸਤੀ ਕਾਂਗਰਸੀ ਲੀਡਰਾਂ ਦੀ ਹੈ, ਦੇ ਜਵਾਬ ਵਿਚ ਤ੍ਰਿਪਤ ਬਾਜਵਾ ਨੇ ਸਪਸ਼ਟ ਕੀਤਾ ਕਿ ਕਾਂਗਰਸ ਦੇ ਕਿਸੇ ਮੰਤਰੀ, ਵਿਧਾਇਕ ਜਾਂ ਹੋਰ ਨੇਤਾ ਦੀ ਨਸ਼ਾ ਤਸਕਰਾਂ ਨਾਲ ਕੋਈ ਨੇੜਤਾ ਨਹੀਂ ਹੈ, ਨਾ ਹੀ ਸ਼ਹਿ ਹੈ, ਉਲਟਾ ਗ੍ਰਹਿ ਸਕੱਤਰ ਨੂੰ 2 ਦਿਨਾਂ ਵਿਚ ਮੋਗਾ ਦੇ ਪੁਲਿਸ ਮੁਖੀ ਰਾਜਜੀਤ ਸਿੰਘ ਬਾਰੇ, ਰੀਪੋਰਟ ਦੇਣ ਲਈ ਕਹਿ ਦਿਤਾ ਹੈ, ਉਸ ਵਿਰੁਧ ਸਖ਼ਤ ਐਕਸ਼ਨ ਲਿਆ ਜਾਵੇਗਾ।
ਮੰਤਰੀ ਨੇ ਕਿਹਾ ਕਿ ਜਿਸ ਪੁਲਿਸ ਅਧਿਕਾਰੀ ਵਿਰੁਧ ਨਸ਼ਾ ਤਸਕਰੀ ਜਾਂ ਨਸ਼ਾ ਵੇਚਣ ਬਾਰੇ ਸਬੂਤ ਹੋਣਗੇ, ਤਫ਼ਤੀਸ਼ ਤੋਂ ਬਾਅਦ ਨੌਕਰੀ ਤੋਂ ਹਟਾ ਦਿਤਾ ਜਾਵੇਗਾ। ਕਾਂਗਰਸ ਸਰਕਾਰ ਤੇ ਸੱਤਾਧਾਰੀ ਪਾਰਟੀ ਦਾ ਗਰਾਫ਼ ਹੇਠਾਂ ਆਉਣ ਬਾਰੇ ਪੁਛੇ ਸਵਾਲ ਦਾ ਜਵਾਬ ਦਿੰਦੇ ਹੋਏ ਕੈਬਨਿਟ ਮੰਤਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਸ਼ਾਹਕੋਟ ਦੀ ਜ਼ਿਮਨੀ ਚੋਣ 40,000 ਵੋਟਾਂ ਦੇ ਫ਼ਰਕ ਨਾਲ ਜਿੱਤੀ ਗਈ ਅਤੇ ਇਸ ਤੋਂ ਪਹਿਲਾਂ ਗੁਰਦਾਸਪੁਰ ਲੋਕ ਸਭਾ ਸੀਟ ਵੀ ਕਾਂਗਰਸ ਨੇ 1,93000 ਵੋਟਾਂ ਦੇ ਫ਼ਰਕ ਨਾਲ ਜਿੱਤੀ ਸੀ, ਲੋਕ ਸਾਡੇ ਨਾਲ ਖੜੇ ਹਨ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਵਿਚ ਸਾਰੀਆਂ 13 ਸੀਟਾਂ 'ਤੇ ਕਾਂਗਰਸ ਜਿੱਤ ਪ੍ਰਾਪਤ ਕਰੇਗੀ।
ਉਨ੍ਹਾਂ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਅੰਦਰ ਵੀ ਕੋਈ ਗੁੱਟਬੰਦੀ ਨਹੀਂ ਹੈ ਪਰ ਲੋੜ ਹੈ ਨਸ਼ਿਆਂ ਦੀ ਵਿਕਰੀ ਤੇ ਤਸਕਰੀ ਰੋਕਣ ਦੀ ਜਿਸ ਵਾਸਤੇ ਸਰਕਾਰ ਸਖ਼ਤ ਕਦਮ ਚੁਕ ਰਹੀ ਹੈ। ਇਹ ਪੁਛੇ ਜਾਣ 'ਤੇ ਕਿ ਨਸ਼ਈਆਂ ਨੂੰ ਬਚਾਉਣ ਲਈ ਨਸ਼ਾ ਛੁਡਾਊ ਕੇਂਦਰਾਂ 'ਤੇ ਪੁਨਰਵਾਸ ਸਥਾਨਾਂ 'ਤੇ ਹਸਪਤਾਲਾਂ ਵਿਚ ਯੋਗ ਪ੍ਰਬੰਧ ਨਾ ਹੋਣ ਸਬੰਧੀ ਪੁਛੇ ਸਵਾਲ ਦੇ ਜਵਾਬ ਦਿੰਦਿਆਂ
ਤ੍ਰਿਪਤ ਬਾਜਵਾ ਨੇ ਕਿਹਾ ਕਿ ਹਰ ਜ਼ਿਲ੍ਹਾ ਤੇ ਤਹਿਸੀਲ ਪੱਧਰ 'ਤੇ ਇਹ ਇੰਤਜ਼ਾਮ ਜਲਦੀ ਕੀਤੇ ਜਾ ਰਹੇ ਹਨ ਅਤੇ ਡਾਕਟਰਾਂ ਦੀ ਡਿਊੁਟੀ ਵੀ ਲਗਾਈ ਗਈ ਹੈ। ਉਨ੍ਹਾਂ ਮਾਪਿਆਂ ਤੇ ਆਮ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਅਪਣਿਆਂ ਬੱਚਿਆਂ, ਸਾਥੀਆਂ ਤੇ ਨੇੜਲੇ ਸਬੰਧੀਆਂ 'ਤੇ ਨਜ਼ਰ ਰੱਖਣ, ਨਸ਼ਾ ਨਾ ਕਰਨ ਦੇਣ, ਕਿਉਂਕਿ ਸਰਕਾਰ ਨੇ ਸਖ਼ਤੀ ਕਰ ਕੇ ਨਸ਼ਾ ਸਪਲਾਈ ਚੇਨ ਤੋੜ ਦਿਤੀ ਹੈ।