ਗੁਰਦਵਾਰਾ ਪ੍ਰਬੰਧਾਂ ਦੀ ਬਦਨਾਮੀ ਦਾ ਕਾਰਨ ਬਣਨ ਵਾਲੇ ਮੁਲਾਜ਼ਮਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਮੁਲਾਜ਼ਮਾਂ ਨੂੰ ਚੇਤਾਵਨੀ

giani raghbir singh

ਸ੍ਰੀ ਅਨੰਦਪੁਰ ਸਾਹਿਬ, 2 ਜੁਲਾਈ (ਭਗਵੰਤ ਸਿੰਘ ਮਟੌਰ, ਸੇਵਾ ਸਿੰਘ): ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਹੈ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵਿਚ ਕਿਸੇ ਵੀ ਤਰ੍ਹਾਂ ਦੀਆਂ ਬੇਨਿਯਮੀਆਂ, ਅਨੁਸ਼ਾਸਨਹੀਣਤਾ, ਭ੍ਰਿਸ਼ਟਾਚਾਰ ਅਤੇ ਮਰਿਆਦਾ ਦੀ ਉਲੰਘਣਾ ਨੂੰ ਭਵਿੱਖ ਵਿਚ ਬਿਲਕੁਲ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੰਗਤਾਂ ਦੀਆਂ ਸੱਚੀਆਂ-ਸੁੱਚੀਆਂ ਭਾਵਨਾਵਾਂ ਅਨੁਸਾਰ ਪਾਰਦਰਸ਼ੀ, ਜਵਾਬਦੇਹ ਅਤੇ ਗੁਰਮਤਿ ਮੁਤਾਬਕ ਸੁਚਾਰੂ ਪ੍ਰਬੰਧ ਦੇਣ ਲਈ ਵਚਨਬੱਧ ਹੈ।

ਅੱਜ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਵੇਂ ਆਏ ਮੈਨੇਜਰ ਸ. ਗੁਰਦੀਪ ਸਿੰਘ ਕੰਗ ਦੀ ਸਟਾਫ਼ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਬੇਸ਼ੱਕ ਗੁਰਦੁਆਰਾ ਸੇਵਾ ਸੰਭਾਲ ਕਰਨ ਵਾਲੀ ਸੰਸਥਾ ਹੈ ਪਰ ਸਮੇਂ-ਸਮੇਂ ਜਦੋਂ ਵੀ ਮਨੁੱਖਤਾ ’ਤੇ ਕੋਈ ਬਿਪਤਾ ਤੇ ਆਫ਼ਤ ਆਈ ਤਾਂ ਸ਼੍ਰੋਮਣੀ ਕਮੇਟੀ ਨੇ ਅੱਗੇ ਹੋ ਕੇ ਰਾਹਤ ਕਾਰਜਾਂ ਵਿਚ ਭੂਮਿਕਾ ਨਿਭਾਈ ਹੈ। ਕੋਰੋਨਾ ਵਾਇਰਸ ਦੌਰਾਨ ਤਾਲਾਬੰਦੀ ਦੇ ਹਾਲਾਤ ਵਿਚ ਸ਼੍ਰੋਮਣੀ ਕਮੇਟੀ ਨੇ ਲੱਖਾਂ ਲੋੜਵੰਦ ਲੋਕਾਂ ਤਕ ਲੰਗਰ ਪਹੁੰਚਾਉਣ ਦੀ ਜੋ ਭੂਮਿਕਾ ਨਿਭਾਈ ਉਸ ਦੀ ਪ੍ਰਸ਼ੰਸਾ ਵਿਸ਼ਵ ਪੱਧਰ ਤਕ ਹੋਈ ਹੈ

ਪਰ ਪਿਛਲੇ ਦਿਨੀਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਕੁੱਝ ਮੁਲਾਜ਼ਮਾਂ ਦੀ ਅਨੈਤਿਕ ਕਾਰਵਾਈ ਗੁਰਦੁਆਰਾ ਪ੍ਰਬੰਧਾਂ ਦੀ ਬਦਨਾਮੀ ਦਾ ਕਾਰਨ ਬਣੀ ਜੋ ਕਿ ਬਹੁਤ ਦੁਖਦਾਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਲੰਗਰ ਪ੍ਰਬੰਧ ਦੀ ਬਦਨਾਮੀ ਦਾ ਕਾਰਨ ਬਣੇ ਦੋਸ਼ੀ ਮੁਲਾਜ਼ਮਾਂ ਵਿਰੁਧ ਤੁਰਤ ਸਖ਼ਤ ਕਾਰਵਾਈ ਕਰ ਕੇ ਉਨ੍ਹਾਂ ਨੂੰ ਮੁਅੱਤਲ ਕਰ ਦਿਤਾ ਗਿਆ ਹੈ ਅਤੇ ਹੁਣ ਤਕ ਪੜਤਾਲੀਆ ਰੀਪੋਰਟ ਅਨੁਸਾਰ ਲਗਭਗ 50 ਹਜ਼ਾਰ 600 ਰੁਪਏ ਦੀ ਬੇਨਿਯਮੀ ਸਾਹਮਣੇ ਆਈ ਹੈ ਜਦੋਂਕਿ ਵਿਸਥਾਰਤ ਜਾਂਚ ਅਜੇ ਜਾਰੀ ਹੈ।

ਉਨ੍ਹਾਂ ਇਹ ਵੀ ਸਪੱਸ਼ਟ ਕੀਤਾ ਕਿ ਸਾਰੇ ਪਹਿਲੂਆਂ ਤੋਂ ਵਿਸਥਾਰਤ ਪੜਤਾਲ ਤੋਂ ਬਾਅਦ ਜੋ ਵੀ ਸੱਚਾਈ ਸਾਹਮਣੇ ਆਵੇਗੀ ਉਸ ਅਨੁਸਾਰ ਦੋਸ਼ੀਆਂ ਵਿਰੁਧ ਮਿਸਾਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ  ਗਿਆਨੀ ਰਘਬੀਰ ਸਿੰਘ ਨੇ ਇਸ ਤੋਂ ਪਹਿਲਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੁਲਾਜ਼ਮਾਂ ਨਾਲ ਮੀਟਿੰਗ ਦੌਰਾਨ ਸਖ਼ਤ ਲਹਿਜੇ ਵਿਚ ਚਿਤਾਵਨੀ ਵੀ ਦਿਤੀ ਕਿ ਸਾਰੇ ਮੁਲਾਜ਼ਮ ਸੇਵਾ ਨਿਯਮਾਂ ਅਤੇ ਮਰਿਆਦਾ ਵਿਚ ਰਹਿ ਕੇ ਡਿਊਟੀ ਕਰਨ ਦੇ ਪਾਬੰਦ ਬਣ ਜਾਣ।