ਮਰਿਆਦਾ ਦੀ ਪ੍ਰਵਾਹ ਕੀਤੇ ਬਗ਼ੈਰ ਸਿਫ਼ਾਰਸ਼ਾਂ ’ਤੇ ਭੇਜੇ ਜਾਂਦੇ ਰਹੇ ਪਾਵਨ ਸਰੂਪ : ਭੌਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਗੁਮ ਹੋਏ ਸਰੂਪਾਂ ਸਬੰਧੀ ਇਕ ਹੋਰ ‘ਘਰ ਦੇ ਭੇਤੀ’ ਦਾ ਵੱਡਾ ਪ੍ਰਗਟਾਵਾ

sukhdev singh bhaur

ਚੰਡੀਗੜ੍ਹ, 2 ਜੁਲਾਈ (ਨੀਲ ਭਲਿੰਦਰ ਸਿੰਘ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇਸ ਦੇ ਮੂਲ ਗਠਨ ਦੀ ਭਾਵਨਾ, ਗੁਰਦੁਆਰਿਆਂ ਖਾਸਕਰ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪਾਂ ਦੀ ਮਰਿਆਦਾ ਮੁਤਾਬਕ ਸਾਂਭ-ਸੰਭਾਲ ਨੂੰ ਲੈ ਕੇ ਪ੍ਰਤੀਬੱਧਤਾ ਅਤੇ ਜ਼ਿੰਮੇਵਾਰੀ ਇਕ ਵਾਰ ਫਿਰ ਸਵਾਲਾਂ ਦੇ ਘੇਰੇ ਵਿਚ ਹੈ। 
ਵੱਡੀ ਗਿਣਤੀ ’ਚ ਪਾਵਨ ਸਰੂਪਾਂ ਦੇ ਰੀਕਾਰਡ ਵਿਚ ਨਾ ਹੋਣ ਦੇ ਮਾਮਲੇ ਵਿਚ ਵੀ ਨਿੱਤ ਨਵੇਂ ਪ੍ਰਗਟਾਵੇ ਹੋ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਪਬਲੀਕੇਸ਼ਨ ਵਿਭਾਗ ਦੇ ਹਾਲ ਹੀ ਵਿਚ ਸੇਵਾ ਮੁਕਤ ਹੋਏ ਸਹਾਇਕ ਸੁਪਰਵਾਈਜ਼ਰ ਕੰਵਲਜੀਤ ਸਿੰਘ ਤੋਂ ਬਾਅਦ 2003-2016 ਦਰਮਿਆਨ ਸ਼੍ਰੋਮਣੀ ਕਮੇਟੀ ਦੇ  ਜਨਰਲ ਸਕੱਤਰ ਰਹੇ ਅਤੇ 1996 ਤੋਂ ਮੈਂਬਰ ਜਥੇਦਾਰ ਸੁਖਦੇਵ ਸਿੰਘ ਭੌਰ ਨੇ ਵੀ ਹੁਣ ਇਸ ਮਾਮਲੇ ਵਿੱਚ ਵੱਡੇ ‘ਭੇਤ’ ਖੋਲ੍ਹੇ ਹਨ। 

ਭੌਰ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਰਸੂਖ਼ਵਾਨਾਂ ਵਲੋਂ ਅਕਸਰ ਹੀ ਬਗ਼ੈਰ ਰੀਕਾਰਡ ਜਾਂ ‘ਜਮ੍ਹਾਂ-ਖਰਚ’ ਦੇ ਲਾਜ਼ਮੀ ਇੰਦਰਾਜ ਕਰਨ ਤੋਂ ਹੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਵੱਡੀ ਗਿਣਤੀ ਵਿਚ ਸਿਫ਼ਾਰਸ਼ਾਂ ਉਤੇ ਭੇਜੇ ਜਾਂਦੇ ਰਹੇ ਹਨ। ਭੌਰ ਨੇ ਅਪਣੇ ਸ਼੍ਰੋਮਣੀ ਕਮੇਟੀ ਹਲਕੇ ਦਾ ਹਵਾਲਾ ਦਿੰਦੇ ਹੋਏ ਹੀ ਦਾਅਵਾ ਕੀਤਾ ਕਿ ਜ਼ਿਲ੍ਹਾ ਨਵਾਂ ਸ਼ਹਿਰ ਨਾਲ ਸਬੰਧਤ ਇਕ ਧਾਰਮਕ ਸਥਾਨ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ ਚਾਲੀ ਸਰੂਪ ਪ੍ਰਾਪਤ ਕਰਨ ਲਈ ਸ਼ੋਮਣੀ ਕਮੇਟੀ ਕੋਲ ਸੰਪਰਕ ਕੀਤਾ ਗਿਆ ਸੀ।

ਉਨ੍ਹਾਂ ਦਿਨਾਂ ਵਿਚ ਮਰਹੂਮ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਨ। ਭੌਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਧਾਨ ਅਤੇ ਮਰਿਆਦਾ ਮੁਤਾਬਕ ਸੱਭ ਤੋਂ ਪਹਿਲਾਂ ਸਥਾਨਕ ਸ਼੍ਰੋਮਣੀ ਕਮੇਟੀ ਮੈਂਬਰ ਨੇ ਵੇਖਣਾ ਹੁੰਦਾ ਹੈ ਕਿ ਜਿੱਥੇ ਪਾਵਨ ਸਰੂਪ ਭੇਜੇ ਜਾਣੇ ਹਨ, ਕੀ ਉਥੇ ਗੁਰੂ ਗ੍ਰੰਥ ਸਾਹਿਬ ਦੀ ਤੈਅ ਮਰਿਆਦਾ ਲਾਗੂ ਹੈ ਨਿਭਾਈ ਜਾ ਰਹੀ ਹੈ ਜਾਂ ਨਹੀਂ? ਉਨ੍ਹਾਂ ਦਾਅਵੇ ਨਾਲ ਕਿਹਾ ਕਿ ਜਿਸ ਧਾਰਮਕ ਸਥਾਨ ਵਲੋਂ ਇੰਨੀ ਵੱਡੀ ਗਿਣਤੀ ਵਿਚ ਸਰੂਪ ਮੰਗੇ ਗਏ ਸਨ। ਉਨ੍ਹਾਂ ਉਸ ਬਾਰੇ ਨਿੱਜੀ ਤੌਰ ’ਤੇ ਪੜਤਾਲ ਕੀਤੀ ਸੀ ਅਤੇ ਸਪੱਸ਼ਟ ਤੌਰ ਉਤੇ ਸ਼੍ਰੋਮਣੀ ਕਮੇਟੀ ਨੂੰ ਤੈਅ ਪ੍ਰਕਿਰਿਆ ਮੁਤਾਬਕ ਜਾਣੂ ਕਰਵਾ ਦਿਤਾ ਸੀ ਕਿ ਸਬੰਧਤ ਸਥਾਨ ਉਤੇ ਗੁਰੂ ਗ੍ਰੰਥ  ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਮਰਿਆਦਾ ਨਹੀਂ ਨਿਭਾਈ ਜਾ ਰਹੀ। ਉਨ੍ਹਾਂ ਇਹ ਵੀ ਕਿਹਾ ਕਿ ਇਸ ਬਾਰੇ ਬਾਕਾਇਦਾ ਪਾਠੀ ਸਿੰਘਾਂ ਦੀ ਟੀਮ ਨੇ ਜਾ ਕੇ ਵੀ ਪੜਤਾਲ ਕੀਤੀ ਸੀ ਤੇ ਉਨ੍ਹਾਂ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਸਪੱਸ਼ਟ ਕਰ ਦਿਤਾ ਸੀ ਕਿ ਸਬੰਧਤ ਸਥਾਨ ਉਤੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਨੂੰ ਲੈ ਕੇ ਲਾਜ਼ਮੀ ਮਰਿਆਦਾ ਦੀ ਕਮੀ ਹੈ। 

ਭੌਰ ਨੇ ਕਿਹਾ ਕਿ ਸਬੰਧਤ ਧਾਰਮਕ ਸਥਾਨ ਦੇ ਪ੍ਰਬੰਧਕਾਂ ਵਲੋਂ ਅਪਣਾ ਰਸੂਖ ਵਰਤਦੇ ਹੋਏ ਤਤਕਾਲੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮੱਕੜ ਕੋਲ ਰਾਬਤਾ ਕਰ ਲਿਆ ਗਿਆ ਅਤੇ ਮੱਕੜ ਵਲੋਂ ਬਗ਼ੈਰ ਮਰਿਆਦਾ ਦੀ ਪ੍ਰਵਾਹ ਕੀਤਿਆਂ ਚਾਲੀ ਸਰੂਪ ਭੇਜਣ ਦੀ ਸਿਫ਼ਾਰਸ਼ ਕਰ ਦਿੱਤੀ ਗਈ। ਭੌਰ ਨੇ ਇਹ ਵੀ ਦਾਅਵਾ ਕੀਤਾ ਕਿ ਅਕਸਰ ਹੀ ਬਗ਼ੈਰ ਰਿਕਾਰਡ ਵਿੱਚ ਚੜ੍ਹਾਇਆ ਜਾਂ ਜਮ੍ਹਾਂ ਖਰਚ ਦਰਜ ਕੀਤਿਆਂ ਪੰਜਾਬ ਤੋਂ ਬਾਹਰ ਚਲਦੇ ਸ਼੍ਰੋਮਣੀ ਕਮੇਟੀ ਮਿਸ਼ਨਾਂ ਅਤੇ ਕਈ ਹੋਰ ਥਾਵਾਂ ਉਤੇ ਵੀ ਇਸੇ ਤਰ੍ਹਾਂ ਸਿਫ਼ਾਰਸ਼ਾਂ ਨਾਲ ਸਰੂਪ ਅਕਸਰ ਭੇਜੇ ਜਾਂਦੇ ਰਹੇ ਹਨ। 

ਗੁਰਦੁਆਰਾ ਰਾਮਸਰ ਸਾਹਿਬ ਵਿਖੇ ਅੱਗ ਲੱਗਣ ਦੀ ਘਟਨਾ ਕਾਰਨ ਪਾਵਨ ਸਰੂਪਾਂ ਦੇ ਨੁਕਸਾਨੇ ਗਏ ਹੋਣ ਦੀ ਪੁਸ਼ਟੀ ਕਰਦਿਆਂ ਭੌਰ ਨੇ ਕਿਹਾ ਕਿ ਉਹ ਵੀ ਮੌਕਾ ਵੇਖਣ ਗਏ ਸਨ। ਪਰ ਹੁਣ ਜੋ ਤਾਜ਼ਾ ਵਿਵਾਦ ਉਠਿਆ ਹੈ ਉਹ ਦੋ ਵੱਖ-ਵੱਖ ਮਸਲੇ ਹਨ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੀ ਘਟਨਾ ਵਿਚ ਇੰਨੇ ਜ਼ਿਆਦਾ ਸਰੂਪ ਨਹੀਂ ਨੁਕਸਾਨੇ ਗਏ। ਅੱਗ ਲੱਗਣ ਕਾਰਨ ਨੁਕਸਾਨੇ ਗਏ ਸਰੂਪਾਂ ਦੀ ਗਿਣਤੀ ਅਤੇ ਗੁਮ ਹੋਏ ਸਰੂਪਾਂ ਦੀ ਗਿਣਤੀ ਵਿਚ ਵੱਡਾ ਅੰਤਰ ਹੈ। ਇਨ੍ਹਾਂ ਦੋਵਾਂ ਮਾਮਲਿਆਂ ਨੂੰ ਵੱਖ-ਵੱਖ ਤੌਰ ’ਤੇ ਜਾਂਚ ਦਾ ਵਿਸ਼ਾ ਬਣਾਉਣਾ ਚਾਹੀਦਾ ਹੈ ਤੇ ਇਹ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਵਲੋਂ ਕੁੱਝ ਸਾਲ ਪਹਿਲਾਂ ਅੰਤਰਿੰਗ ਕਮੇਟੀ ਵਿਚ ਪਾਸ ਕਰਾਏ ਗਏ ਫ਼ੈਸਲੇ ਮੁਤਾਬਕ ਨਵੇਂ ਛਪੇ ਸਰੂਪਾਂ ’ਚ ਇਕ ‘ਗੁਪਤ ਕੋਡ’ ਜਾਂ ਨੰਬਰ ਲਾਉਣ ਦੀ ਤਕਨੀਕ ਅਪਣਾਈ ਜਾ ਚੁੱਕੀ ਹੈ ਤਾਂ ਗੁੰਮ ਹੋਏ ਸਰੂਪਾਂ ਦੀ ਥਾਹ ਪਾਉਣੀ ਕੋਈ ਔਖੀ ਨਹੀਂ ਹੈ।