ਬਠਿੰਡਾ ਥਰਮਲ ਅੱਗੇ ਜਾਨ ਦੇਣ ਵਾਲੇ ਕਿਸਾਨ ਦੇ ਪੁੱਤਰ ਨੂੰ ਮਿਲੇਗੀ ਨੌਕਰੀ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

10 ਲੱਖ ਨਕਦ ਤੇ ਕਰਜ਼ੇ ਉਪਰ ਵੀ ਫਿਰੇਗੀ ਲੀਕ, ਥਰਮਲ ਮੁੜ ਚਾਲੂ ਕਰਨ ਦੀ ਵੀ ਰੱਖੀ ਮੰਗ 

Farmer

ਬਠਿੰਡਾ, 2 ਜੁਲਾਈ (ਸੁਖਜਿੰਦਰ ਮਾਨ) : ਬੀਤੇ ਕੱਲ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ’ਚ ਅਪਣੀ ਜਾਨ ਦੇਣ ਵਾਲੇ ਕਿਸਾਨ ਜੋਗਿੰਦਰ ਸਿੰਘ ਉਰਫ਼ ਭੋਲਾ ਦੇ ਪੁੱਤਰ ਨੂੰ ਪੰਜਾਬ ਸਰਕਾਰ ਨੌਕਰੀ ਦੇਵੇਗੀ। ਇਸ ਤੋਂ ਇਲਾਵਾ ਕਿਸਾਨ ਜਥੇਬੰਦੀ ਵਲੋਂ ਰੱਖੀ ਮੰਗ ਨੂੰ ਸਵੀਕਾਰ ਕਰਦਿਆਂ ਪ੍ਰਸ਼ਾਸਨ ਨੇ ਰੈਡ ਕਰਾਸ ਦੇ ਫੰਡਾਂ ਵਿਚੋਂ ਪ੍ਰਵਾਰ ਨੂੰ ਅੱਜ ਪੰਜ ਲੱਖ ਦਾ ਚੈੱਕ ਦੇ ਦਿਤਾ ਤੇ ਬਾਕੀ ਪੰਜ ਲੱਖ ਇਕ ਹਫ਼ਤੇ ਵਿਚ ਦੇਣ ਦਾ ਭਰੋਸਾ ਦਿਤਾ ਗਿਆ। ਇਸੇ ਤਰ੍ਹਾਂ ਪ੍ਰਵਾਰ ਸਿਰ ਚੜ੍ਹੇ ਕਰੀਬ 20 ਲੱਖ ਰੁਪਏ ਦੇ ਕਰਜ਼ੇ ਉਪਰ ਲੀਕ ਫ਼ੇਰਨ ਅਤੇ ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦੀ ਮੰਗ ਵੀ ਸਰਕਾਰ ਅੱਗੇ ਰੱਖਣ ਲਈ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਲਿਖ ਕੇ ਭੇਜੀ ਜਾਵੇਗੀ। ਇਹ ਫ਼ੈਸਲੇ ਅੱਜ ਸਾਰਾ ਦਿਨ ਡਿਪਟੀ ਕਮਿਸ਼ਨਰ ਤੇ ਐਸਐਸਪੀ ਅਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਵਫ਼ਦ ਵਿਚ ਹੋਈਆਂ ਲੰਮੀਆਂ ਮੀਟਿੰਗਾਂ ਤੋਂ ਬਾਅਦ ਲਿਆ ਗਿਆ। 

ਸੂਤਰਾਂ ਮੁਤਾਬਕ ਪਹਿਲਾਂ ਜ਼ਿਲ੍ਹਾ ਪ੍ਰਸ਼ਾਸ਼ਨ ਜਥੇਬੰਦੀ ਨੂੰ ਤੋੜਣ ਲਈ ਮ੍ਰਿਤਕ ਕਿਸਾਨ ਦੇ ਪ੍ਰਵਾਰ ਨੂੰ ਦੋ-ਤਿੰਨ ਲੱਖ ਰੁਪਏ ਦੇਣ ’ਤੇ ਅੜਿਆ ਰਿਹਾ ਜਿਸ ਕਾਰਨ ਕਈ ਵਾਰ ਕਿਸਾਨ ਆਗੂਆਂ ਅਤੇ ਅਧਿਕਾਰੀਆਂ ਵਿਚਕਾਰ ਗਲਬਾਤ ਟੁਟਦੀ ਰਹੀ। ਕਿਸਾਨ ਆਗੂ ਸਿੰਗਾਰਾ ਸਿੰਘ ਮਾਨ ਨੇ ਪ੍ਰਸ਼ਾਸਨ ਨਾਲ ਸਮਝੋਤਾ ਹੋਣ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮ੍ਰਿਤਕ ਕਿਸਾਨ ਜੋਗਿੰਦਰ ਸਿੰਘ ਉਰਫ਼ ਭੋਲਾ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੰਤਮ ਸਸਕਾਰ ਕਰ ਦਿਤਾ ਜਾਵੇਗਾ। ਥਰਮਲ ਪਲਾਂਟ ਨੂੰ ਮੁੜ ਚਾਲੂ ਕਰਨ ਦੇ ਮੁੱਦੇ ਸਬੰਧੀ ਉਨ੍ਹਾਂ ਕਿਹਾ ਕਿ ਇਹ ਸੰਘਰਸ਼ ਲੰਮਾ ਚਲਾਇਆ ਜਾਵੇਗਾ ਤੇ ਇਸ ਦੇ ਲਈ ਹਮਖਿਆਲੀ ਜਥੇਬੰਦੀਆਂ ਨਾਲ ਮਿਲ ਕੇ ਅਗਲਾ ਫ਼ੈਸਲਾ ਕੀਤਾ ਜਾਵੇਗਾ।

ਮ੍ਰਿਤਕ ਦੇ ਪੁੱਤਰ ਕੁਲਵਿੰਦਰ ਸਿੰਘ ਮੁਤਾਬਕ ਉਨ੍ਹਾਂ ਕੋਲ ਚਾਰ ਏਕੜ ਜ਼ਮੀਨ ਹੈ ਜਿਸ ਵਿਚੋਂ ਦੋ ਏਕੜ ਗਹਿਣੇ ਰੱਖੀ ਹੋਈ ਹੈ। ਇਸ ਤੋਂ ਇਲਾਵਾ ਸੋਸਾਇਟੀ, ਸਹਿਕਾਰੀ ਬੈਂਕ ਤੇ ਆੜ੍ਹਤੀ ਆਦਿ ਸਹਿਤ ਪ੍ਰਵਾਰ ਸਿਰ ਕੁੱਲ 19.50 ਲੱਖ ਰੁਪਏ ਦਾ ਕਰਜ਼ਾ ਹੈ। ਉਧਰ ਇਹ ਸਮਝੋਤਾ ਹੋਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਜਾਬ ਸਰਕਾਰ ਖ਼ਾਸਕਰ ਵਿਤ ਮੰਤਰੀ ਦੀ ਟੀਮ ਨੇ ਸੁੱਖ ਦਾ ਸਾਹ ਲਿਆ ਹੈ। ਦਸਣਾ ਬਣਦਾ ਹੈ ਕਿ ਇਸ ਮਾਮਲੇ ਨੂੰ ਭਖਾਉਣ ਲਈ ਸ਼੍ਰੋਮਣੀ ਅਕਾਲੀ ਦਲ, ‘ਆਪ’ ਤੇ ਹੋਰਨਾਂ ਸਿਆਸੀ ਧਿਰਾਂ ਵਲੋਂ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ।

 ਮੌਤ ਦੇ ਕਾਰਨ ਹਾਲੇ ਸਪੱਸ਼ਟ ਨਹੀਂ
ਕਿਸਾਨ ਯੂਨੀਅਨ ਦੇ ਸਰਗਰਮ ਵਰਕਰ ਜੋਗਿੰਦਰ ਸਿੰਘ ਉਰਫ਼ ਭੋਲਾ ਵਾਸੀ ਚੀਮਾ ਮੰਡੀ ਜ਼ਿਲ੍ਹਾ ਸੰਗਰੂਰ ਨੇ ਬੀਤੇ ਕੱਲ ਥਰਮਲ ਪਲਾਂਟ ਨੂੰ ਬੰਦ ਕਰਨ ਵਿਰੁਧ ਅਪਣੀ ਜਾਨ ਦੇ ਦਿਤੀ ਸੀ। ਹਾਲਾਂਕਿ ਹਾਲੇ ਤਕ ਇਹ ਪਤਾ ਨਹੀਂ ਚੱਲ ਸਕਿਆ ਕਿ ਮ੍ਰਿਤਕ ਕਿਸਾਨ ਨੇ ਕੋਈ ਜ਼ਹਿਰੀਲੀ ਵਸਤੂ ਖਾਧੀ ਹੈ ਜਾਂ ਫ਼ਿਰ ਉਸ ਨੂੰ ਗਰਮੀ ਕਾਰਨ ਦਿਲ ਦਾ ਦੌਰਾ ਪਿਆ ਹੈ। ਕਿਸਾਨ ਦੀ ਲਾਸ਼ ਕੋਲੋਂ ਕਿਸਾਨ ਜਥੇਬੰਦੀ ਦਾ ਝੰਡਾ ਅਤੇ ਇਕ ਤਖ਼ਤੀ ਵੀ ਮਿਲੀ ਹੈ, ਜਿਸ ਉਪਰ ਸ਼੍ਰੀ ਗੁਰੂ ਨਾਨਕ ਦੇਵ ਜੀ ਫ਼ੋਟੋ ਹੇਠਾਂ ਲਿਖਿਆ ਹੋਇਆ ਸੀ ‘‘ਗੁਰੂ ਨਾਨਕ ਦੇਵ ਇਤਿਹਾਸਿਕ ਥਰਮਲ ਪਲਾਂਟ ਹੈ ਸ਼ਾਨ, ਮੈਂ ਇਸ ਨੂੰ ਵੇਚਣ ਤੋਂ ਰੋਕਣ ਲਈ ਕਰਦਾ ਹਾਂ ਜਿੰਦ ਕੁਰਬਾਨ’’।