ਪੰਜਾਬ ’ਚ ਕੋਰੋਨਾ ਨਾਲ 3 ਹੋਰ ਮੌਤਾਂ ਹੋਈਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ’ਚ ਕੋਰੋਨਾ ਦੇ ਕਹਿਰ ਦੇ ਚਲਦੇ ਅੱਜ 3 ਹੋਰ ਮੌਤਾਂ ਹੋਈਆਂ ਹਨ ਅਤੇ 120 ਤੋਂ ਵਧ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ।

corona virus

ਚੰਡੀਗੜ੍ਹ, 2 ਜੁਲਾਈ (ਗੁਰਉਪਦੇਸ਼ ਭੁੱਲਰ) : ਪੰਜਾਬ ’ਚ ਕੋਰੋਨਾ ਦੇ ਕਹਿਰ ਦੇ ਚਲਦੇ ਅੱਜ 3 ਹੋਰ ਮੌਤਾਂ ਹੋਈਆਂ ਹਨ ਅਤੇ 120 ਤੋਂ ਵਧ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਕੁਲ ਪਾਜ਼ੇਟਿਵ ਮਾਮਲਿਆਂ ਦਾ ਅੰਕੜਾ 5784 ਤਕ ਪਹੁੰਚ ਗਿਆ ਹੈ। ਅੱਜ ਬਠਿੰਡਾ, ਅੰਮ੍ਰਿਤਸਰ ਅਤੇ ਸੰਗਰੂਰ ਜ਼ਿਲ੍ਹੇ ਵਿਚ ਇਕ ਇਕ ਮੌਤ ਹੋਈ ਹੈ। ਕੁਲ ਮੌਤਾਂ ਦੀ ਗਿਣਤੀ 155 ਤਕ ਪਹੁੰਚ ਚੁਕੀ ਹੈ। 29 ਇਲਾਜ ਅਧੀਨ ਮਰੀਜ਼ ਗੰਭੀਰ ਹਾਲਤ ਵਿਚ ਹਨ, ਜਿਨ੍ਹਾਂ ’ਚੋਂ 27 ਆਕਸੀਜਨ ਅਤੇ 2 ਵੈਂਟੀਲੇਟਰ ’ਤੇ ਹਨ। ਅੱਜ 155 ਹੋਰ ਮਰੀਜ਼ ਠੀਕ ਵੀ ਹੋਏ ਹਨ। ਇਨ੍ਹਾਂ ਦੀ ਗਿਣਤੀ ਵੀ ਹੁਣ 4144 ਤਕ ਪਹੁੰਚ ਚੁੱਕੀ ਹੈ। ਰਿਕਵਰੀ ਰੇਟ ਕਾਫ਼ੀ ਬੇਹਤਰ ਹੈ।

1488 ਮਰੀਜ਼ ਇਸ ਸਮੇਂ ਇਲਾਜ ਅਧੀਨ ਹਨ। ਕੁੱਲ ਸੈਂਪਲ ਹੁਣ ਤਕ 3 ਲੱਖ 17 ਹਜ਼ਾਰ 802 ਲਏ ਜਾ ਚੁਕੇ ਹਨ। ਲੁਧਿਆਣਾ ਵਿਚ ਅੱਜ ਲਗਾਤਾਰ ਪੰਜਵੇਂ ਦਿਨ ਵੀ ਕੋਰੋਨਾ ਬਲਾਸਟ ਹੋਇਆ, ਜਿਥੇ ਇਕ ਦਿਨ ਵਿਚ 39 ਹੋਰ ਨਵੇਂ ਪਾਜ਼ੇਟਿਵ ਮਾਮਲੇ ਆਏ ਹਨ। ਅੱਜ 17 ਜ਼ਿਲਿ੍ਹਆਂ ’ਚੋਂ ਨਵੇਂ ਪਾਜ਼ੇਟਿਵ ਮਾਮਲੇ ਦਰਜ ਹੋਏ ਹਨ। ਮਾਲਵਾ ਦੇ ਜ਼ਿਲਿ੍ਹਆਂ ਵਿਚੋਂ ਵੀ ਹੁਣ ਹਰ ਦਿਨ ਨਵੇਂ ਕੇਸ ਆ ਰਹੇ ਹਨ ਜਦਕਿ ਪਹਿਲਾਂ ਦੋਆਬਾ ਤੇ ਮਾਝਾ ਵਿਚ ਜ਼ਿਆਦਾ ਜ਼ੋਰ ਰਿਹਾ ਹੈ। ਇਸ ਸਮੇਂ ਜ਼ਿਲ੍ਹਾ ਅੰਮ੍ਰਿਤਸਰ ਸੂਬੇ ਵਿਚ ਪਾਜ਼ੇਟਿਵ ਕੇਸਾਂ ਦੇ ਕੁੱਲ ਅੰਕੜੇ ਵਿਚ ਸੱਭ ਤੋਂ ਉਪਰ ਹੈ। ਉਥੇ ਅੱਜ ਸ਼ਾਮ ਤਕ 928 ਪਾਜ਼ੇਟਿਵ ਮਾਮਲੇ ਦਰਜ ਹੋ ਚੁੱਕੇ ਹਨ। ਲੁਧਿਆਣਾ 917 ਨਾਲ ਦੂਜੇ ਅਤੇ ਇਸ ਤੋਂ ਬਾਅਦ ਜਲੰਧਰ, ਸੰਗਰੂਰ ਤੇ ਪਟਿਆਲਾ ਜ਼ਿਲ੍ਹੇ ਹਨ।