ਜੈਤੋ ਅਤੇ ਕੋਟਸੁਖੀਆ ਵਿਖੇ ਕਿਸਾਨਾਂ ਵਲੋਂ ਅਕਾਲੀ ਦਲ ਬਾਦਲ ਦਾ ਤਿੱਖਾ ਵਿਰੋਧ, ਕੀਤੀ ਨਾਹਰੇਬਾਜ਼ੀ

ਏਜੰਸੀ

ਖ਼ਬਰਾਂ, ਪੰਜਾਬ

ਜੈਤੋ ਅਤੇ ਕੋਟਸੁਖੀਆ ਵਿਖੇ ਕਿਸਾਨਾਂ ਵਲੋਂ ਅਕਾਲੀ ਦਲ ਬਾਦਲ ਦਾ ਤਿੱਖਾ ਵਿਰੋਧ, ਕੀਤੀ ਨਾਹਰੇਬਾਜ਼ੀ

image


ਕਿਸਾਨਾਂ ਨੇ ਜੈਤੋ ਵਿਖੇ ਧਰਨਾ ਦੇ ਰਹੇ ਅਕਾਲੀਆਂ ਨੂੰ  ਭੱਜਣ ਲਈ ਕੀਤਾ ਮਜਬੂਰ

ਕੋਟਕਪੂਰਾ, 2 ਜੁਲਾਈ (ਗੁਰਿੰਦਰ ਸਿੰਘ) : ਕੇਂਦਰ ਦੀ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਪਿਛਲੇ ਲਗਭਗ 9 ਮਹੀਨਿਆਂ ਤੋਂ ਕਿਸਾਨੀ ਸੰਘਰਸ਼ ਦੌਰਾਨ ਦੇਸ਼ ਦੇ ਅਨੇਕਾਂ ਰਾਜਾਂ ਵਿਚ ਭਾਜਪਾ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ, ਅੱਜ ਕਿਸਾਨਾਂ ਨੇ ਨੇੜਲੇ ਕਸਬੇ ਜੈਤੋ ਅਤੇ ਪਿੰਡ ਕੋਟਸੁਖੀਆ ਵਿਖੇ ਅਕਾਲੀ ਦਲ ਬਾਦਲ ਦੇ ਆਗੂਆਂ ਦਾ ਵਿਰੋਧ ਕਰਦਿਆਂ ਉਨ੍ਹਾਂ ਵਿਰੁਧ ਤਿੱਖੀ ਨਾਹਰੇਬਾਜ਼ੀ ਕੀਤੀ ਗਈ | ਜਾਣਕਾਰੀ ਅਨੁਸਾਰ ਪਿੰਡ ਕੋਟਸੁਖੀਆ ਵਿਖੇ ਅਕਾਲੀ ਦਲ ਬਾਦਲ ਦੇ ਜ਼ਿਲ੍ਹਾ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਵਾਈ ਵਿਚ ਲੱਗੇ ਧਰਨੇ ਦੇ ਸਾਹਮਣੇ 'ਕਾਲੀਆਂ ਝੰਡੀਆਂ ਲੈ ਕੇ ਪੁੱਜੇ ਕਿਸਾਨ ਆਗੂ ਦਰਸ਼ਨ ਸਿੰਘ ਜ਼ੈਲਦਾਰ ਦੀ ਅਗਵਾਈ ਵਾਲੇ ਮਰਦ-ਔਰਤਾਂ ਦੇ ਜੱਥੇ ਨੇ ਪੱਤਰਕਾਰਾਂ ਨੂੰ  ਦਸਿਆ ਕਿ ਪਿਛਲੇ 7 ਮਹੀਨਿਆਂ ਤੋਂ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਗਰਮੀ-ਸਰਦੀ ਦੀ ਪ੍ਰਵਾਹ ਨਾ ਕਰਦੇ ਹੋਏ ਮਰ ਰਿਹਾ ਹੈ ਪਰ ਕਿਸੇ ਵੀ ਸਿਆਸੀ ਧਿਰ ਨੇ ਉਸ ਦੀ ਹਾਲਤ 'ਤੇ ਤਰਸ ਨਹੀਂ ਖਾਦਾ, ਸਗੋਂ ਅਪਣੀਆਂ ਸਿਆਸੀ ਰੋਟੀ ਸੇਕਦੇ ਰਹੇ | ਉਨ੍ਹਾਂ ਆਖਿਆ ਕਿ ਪਿੰਡ ਕੋਟਸੁਖੀਆ ਵਿਖੇ ਅਕਾਲੀ ਦਲ ਦਾ ਦਾਖ਼ਲਾ ਬੰਦ ਕੀਤਾ ਹੋਇਆ ਹੈ | 
ਦੂਜੇ ਪਾਸੇ ਮਨਤਾਰ ਸਿੰਘ ਬਰਾੜ ਨੇ ਧਰਨੇ 'ਚ ਕਿਹਾ ਕਿ ਬਿਜਲੀ ਦੀ ਕਮੀ ਕਰ ਕੇ ਪੰਜਾਬ ਦੇ ਕਿਸਾਨ ਦੀ ਹਾਲਤ ਨਾਜ਼ੁਕ ਹੋ ਰਹੀ ਹੈ | ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਅਕਾਲੀ ਦਲ ਮੰਗ ਕਰਦਾ ਹੈ ਕਿ ਲੋਕਾਂ ਦੀ ਸਮੱਸਿਆ ਨੂੰ  ਸਮਝਦੇ ਹੋਏ ਬਿਜਲੀ 'ਚ ਸੁਧਾਰ ਕੀਤੇ ਜਾਣ | ਇਸੇ ਤਰ੍ਹਾਂ ਜੈਤੋ ਵਿਖੇ ਬਿਜਲੀ ਘਰ ਦੇ ਸਾਹਮਣੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਵਿਚ ਬੈਠੇ ਕਿਸਾਨਾਂ ਦੇ ਧਰਨੇ ਵਿਚ ਸੰਯੁਕਤ ਕਿਸਾਨ ਮੋਰਚੇ ਨਾਲ ਸਬੰਧਤ ਸੰਘਰਸ਼ੀ ਕਿਸਾਨ 'ਕਾਲੇ ਝੰਡਿਆਂ' ਨਾਲ ਆਣ ਧਮਕੇ | ਇਹ ਵੇਖ ਕੇ ਪ੍ਰਸ਼ਾਸਨ ਨੂੰ  ਹੱਥਾਂ-ਪੈਰਾਂ ਦੀ ਪੈ ਗਈ ਅਤੇ ਪੁਲਿਸ ਨੇ ਕਿਸਾਨਾਂ ਨੂੰ  ਬਿਜਲੀ ਘਰ ਦੇ ਗੇਟ ਕੋਲ ਰੋਕ ਲਿਆ | ਧਰਨਾਕਾਰੀ ਨਾਹਰੇ ਲਾ ਰਹੇ ਸਨ ਕਿ 'ਮਰੀਆਂ ਜ਼ਮੀਰਾਂ ਵਾਲਿਓ ਸ਼ਰਮ ਕਰੋ-ਸ਼ਰਮ ਕਰੋ, 'ਕਿਸਾਨੀ ਮੁੱਦਿਆਂ 'ਤੇ ਰੋਟੀਆਂ ਸੇਕਣੀਆਂ ਬੰਦ ਕਰੋ' | ਕਿਸਾਨਾਂ ਨੇ ਦੋਸ਼ ਲਾਇਆ ਕਿ ਬਿਜਲੀ ਕਟੌਤੀ ਕਾਰਨ ਅਕਾਲੀਆਂ ਨੂੰ  ਕਿਸਾਨਾਂ ਨਾਲ ਕੋਈ ਹੇਜ ਨਹੀਂ ਬਲਕਿ ਇਹ ਅਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਡਰਾਮੇਬਾਜ਼ੀ ਕਰ ਰਹੇ ਹਨ | ਉਨ੍ਹਾਂ ਆਖਿਆ ਕਿ ਜੇਕਰ ਹਮਦਰਦੀ ਹੈ ਤਾਂ ਦਿੱਲੀ ਕਿਸਾਨ ਅੰਦੋਲਨ 'ਚ ਜਾ ਕੇ ਡਟਣ ਜਾਂ ਬਿਜਲੀ ਕਮੀ ਵਿਰੁਧ ਕਿਸਾਨ ਧਰਨਿਆਂ 'ਚ ਆਉਣ | 
ਉਨ੍ਹਾਂ ਕਿਹਾ ਕਿ ਅਕਾਲੀਆਂ ਦੀ ਕਿਸਾਨਾਂ ਨਾਲ ਹਮਦਰਦੀ ਉਦੋਂ ਪਤਾ ਲੱਗ ਗਈ ਸੀ, ਜਦੋਂ ਬਾਦਲਾਂ ਦੇ ਟੱਬਰ ਦੇ ਸਾਰੇ ਜੀਅ ਖੇਤੀ ਕਾਨੂੰਨਾਂ ਦੇ ਹੱਕ 'ਚ ਟੈਲੀਵਿਜ਼ਨਾਂ 'ਤੇ ਬੋਲ ਰਹੇ ਸਨ | ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਧਰਨੇ 'ਚ ਉਹ ਕਿਸਾਨ ਵੀ ਸ਼ਾਮਲ ਹਨ, ਜੋ ਆਪਣੇ ਅੰਦੋਲਨਕਾਰੀ ਭਰਾਵਾਂ ਨਾਲ ਦਗ਼ਾ ਕਮਾ ਕੇ ਲੁਟੇਰਿਆਂ ਦਾ ਸਾਥ ਦੇ ਰਹੇ ਹਨ | ਇਸ ਤਣਾਅ ਭਰੇ ਮਾਹੌਲ ਦਾ ਅੰਤ ਉਦੋਂ ਹੋਇਆ ਜਦੋਂ ਜੈਤੋ ਹਲਕੇ ਦੇ ਇੰਚਾਰਜ ਸੂਬਾ ਸਿੰਘ ਬਾਦਲ ਦੀ ਅਗਵਾਈ ਵਿੱਚ ਧਰਨਾ ਦੇ ਰਹੇ ਮੁਕਾਮੀ ਆਗੂ ਅਤੇ ਵਰਕਰ ਹੌਲੀ-ਹੌਲੀ ਕਰ ਕੇ ਧਰਨੇ 'ਚੋਂ ਖਿਸਕ ਗਏ ਅਤੇ ਕਿਸਾਨਾਂ ਨੇ ਧਰਨੇ ਲਈ ਸਜੇ ਪੰਡਾਲ 'ਤੇ ਕਬਜ਼ਾ ਕਰ ਕੇ ਉਥੇ ਬੈਠ ਗਏ |
ਫੋਟੋ :- ਕੇ.ਕੇ.ਪੀ.-ਗੁਰਿੰਦਰ-2-4ਡੀ
ਕੈਪਸ਼ਨ : ਪਿੰਡ ਕੋਟਸੁਖੀਆ ਅਤੇ ਜੈਤੋ ਬਿਜਲੀ ਘਰ ਮੂਹਰੇ ਅਕਾਲੀ ਦਲ ਨੂੰ  ਕਾਲੀਆਂ ਝੰਡੀਆਂ ਦਿਖਾਉਂਦੇ ਹੋਏ ਕਿਸਾਨ | (ਗੋਲਡਨ)