ਜਦ ਇੰਗਲੈਂਡ ਦੀ ਮਹਾਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਹਲੀ ਵਿਚ ਪ੍ਰਕਾਸ਼ਨਾ ਕਰਵਾਈ

ਏਜੰਸੀ

ਖ਼ਬਰਾਂ, ਪੰਜਾਬ

ਜਦ ਇੰਗਲੈਂਡ ਦੀ ਮਹਾਰਾਣੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਕਾਹਲੀ ਵਿਚ ਪ੍ਰਕਾਸ਼ਨਾ ਕਰਵਾਈ

image

1914 ਦੇ ਪਹਿਲੇ ਵਿਸ਼ਵ ਯੁੱਧ ਦੇ ਗਵਾਹ ਰਹੇ ਸ੍ਰੀ ਗੁਰੂ ਗ੍ਰੰਥ ਦੇ ਸਰੂਪ ਅੱਜ ਵੀ ਪਟਿਆਲਾ ਦੀ ਪੰਜਾਬੀ ਯੂਨੀਵਰਸਟੀ ਵਿਖੇ ਮੌਜੂਦ

ਬਿਨਾਂ ਪਾਤਸ਼ਾਹ ਦੇ ਅੱਗੇ ਚੱਲ ਨਹੀਂ ਰਹੀਆਂ ਸਨ ਸਿੱਖ ਫ਼ੌਜਾਂ

ਪਟਿਆਲਾ, 2 ਜੁਲਾਈ (ਅਵਤਾਰ ਗਿੱਲ) : ਜਦੋਂ ਭਾਰਤ ਉਤੇ ਬਿ੍ਟਿਸ਼ ਹਕੂਮਤ ਸੀ, ਉਸ ਸਮੇਂ ਸੰਸਾਰ ਵਿੱਚ ਹੋ ਰਹੀ ਉਥਲ-ਪੁਥਲ ਅਤੇ ਵਿਸ਼ਵ ਦੇ ਵੱਖ-ਵੱਖ ਹਿੱਸੇ ਹੋਣ ਦੀ ਭਿਣਕ ਪੈਣ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਸਿੱਖ ਰੈਜ਼ੀਮੈਂਟਾਂ ਨੂੰ  ਵਿਦੇਸ਼ਾਂ ਵਿਚ ਲੜਨ ਲਈ ਤਿਆਰ ਕਰਨਾ ਸ਼ੁਰੂ ਕੀਤਾ, ਜਿਸ ਤੋਂ ਬਾਅਦ ਜਦੋਂ ਅੰਗਰੇਜ਼ੀ ਹਕੂਮਤ ਨੂੰ  ਪਹਿਲਾ ਵਿਸ਼ਵ ਯੁੱਧ ਸ਼ੁਰੂ ਹੋਣ ਦਾ ਖ਼ਦਸ਼ਾ ਲੱਗਾ ਤਾਂ ਗੋਰਿਆਂ ਵਲੋਂ ਨੇੜੇ ਭਵਿੱਖ ਵਿਚ ਸਿੱਖ ਫ਼ੌਜਾਂ ਨੂੰ  ਕੂਚ ਕਰਨ ਦਾ ਹੁਕਮ ਦਿਤਾ ਗਿਆ ਕਿ ਜਲਦ ਹੀ ਤੁਹਾਨੂੰ ਵਿਸ਼ਵ ਯੁੱਧ ਵਿਚ ਅੰਗਰੇਜ਼ੀ ਹਕੂਮਤ ਲਈ ਲੜਨਾ ਪਵੇਗਾ | ਜਦੋਂ ਸਿੱਖ ਫ਼ੌਜੀ ਇਸ ਯੁੱਧ ਲਈ ਤਿਆਰ ਹੋਏ ਤਾਂ ਉਨ੍ਹਾਂ ਨੇ ਗੁਰੂ ਮਹਾਰਾਜ ਦੇ ਸਰੂਪਾਂ ਨੂੰ  ਨਾਲ ਲੈ ਕੇ ਜਾਣਾ ਚਾਹਿਆ ਤਾਂ ਅੰਗਰੇਜ਼ੀ ਹਕੂਮਤ ਤੇ ਫ਼ੌਜਾਂ ਨੇ ਸਿੱਖਾਂ ਨੂੰ  ਸਵਾਲ ਕੀਤਾ ਕਿ ਤੁਸੀਂ ਇਨ੍ਹਾਂ ਸਰੂਪਾਂ ਨੂੰ  ਕਿਧਰ ਲੈ ਕੇ ਚਲੇ ਹੋ? ਸਿੱਖ ਫ਼ੌਜੀਆਂ ਵਲੋਂ ਅੰਗਰੇਜ਼ ਹਕੂਮਤ ਨੂੰ  ਜਵਾਬ ਦਿਤਾ ਗਿਆ ਕਿ ਸਿੱਖਾਂ ਦਾ ਜੋ ਵੀ ਤੇ ਜਿਸ ਤਰ੍ਹਾਂ ਦਾ ਵੀ ਯੁੱਧ ਹੋਵੇ ਉਹ ਗੁਰੂ ਪਾਤਸ਼ਾਹ ਤੋਂ ਬਿਨਾਂ ਨਹੀਂ ਸੰਭਵ ਹੋ ਸਕਦਾ | ਇਸ ਸਬੰਧੀ ਹੋਰ ਜਾਣਕਾਰੀ ਦੇਂਦਿਆਂ ਪੰਜਾਬੀ ਯੂਨੀਵਰਸਿਟੀ ਵਿਖੇ ਸਥਿਤ ਗੁਰੂ ਗ੍ਰੰਥ ਸਾਹਿਬ ਸਟੱਡੀ ਸੈਂਟਰ ਦੇ ਮੁਖੀ ਡਾ. ਸਰਬਜਿੰਦਰ ਸਿੰਘ ਨੇ ਦਸਿਆ ਕਿ ਸਿੱਖਾਂ ਵਲੋਂ ਦਿਤੇ ਗਏ ਇਸ ਜਵਾਬ ਨੂੰ  ਸੁਣ ਕੇ ਅੰਗਰੇਜ਼ ਹਕੂਮਤ ਚਿੰਤਾ 'ਚ ਪੈ ਗਈ ਕਿ ਜੇਕਰ ਸਿੱਖ ਫ਼ੌਜੀ ਇਨ੍ਹਾਂ ਸਰੂਪਾਂ ਨੂੰ  ਅੱਗੇ ਲੈ ਕੇ ਚਲਣਗੇ ਤਾਂ ਉਹ ਅਪਣੀ ਜਾਨ ਗਵਾ ਸਕਦੇ ਹਨ | ਉਥੇ ਸਿੱਖਾਂ ਵਲੋਂ ਅੰਗਰੇਜ਼ੀ ਹਕੂਮਤ ਨੂੰ  ਜਵਾਬ ਦਿਤਾ ਗਿਆ ਕਿ ਯੁੱਧਾਂ ਵਿਚ ਫ਼ਤਿਹ ਹਾਸਲ ਕਰਨ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉਨ੍ਹਾਂ ਕੋਲ ਜ਼ਰੂਰ ਹੋਣੇ ਚਾਹੀਦੇ ਹਨ | ਮਹਾਰਾਣੀ ਦੇ ਹੁਕਮਾਂ ਨਾਲ ਛੋਟੇ ਸਾਈਜ਼ ਦੇ ਅਜਿਹੇ ਹਜ਼ਾਰਾਂ ਸਰੂਪ 1914 ਵਿਚ ਇਕ ਮਹੀਨੇ ਵਿਚ ਤਿਆਰ ਕੀਤੇ ਗਏ ਤਾਂ ਜੋ ਹਰ ਸਿੱਖ ਸਿਪੇਹਸਲਾਰ ਉਸ ਨੂੰ  ਅਪਣੀ ਦਸਤਾਰ ਵਿਚ ਸਜਾ ਕੇ ਯੁੱਧ ਵਿਚ ਪੈਰ ਧਰ ਸਕੇ | ਅੰਗਰੇਜ਼ੀ ਹਕੂਮਤ ਕਿਸੇ ਵੀ ਹਾਲਤ ਵਿਚ ਜੰਗ ਵਿੱਚ ਜਿੱਤ ਪ੍ਰਾਪਤ ਕਰਨਾ ਚਾਹੁੰਦੀ ਸੀ ਜੋ ਸਿੱਖ ਫ਼ੌਜਾਂ ਤੋਂ ਬਿਨਾਂ ਸੰਭਵ ਨਹੀਂ ਸੀ | ਜਦੋਂ ਯੁੱਧ ਦੌਰਾਨ ਕਿਤੇ ਵੀ ਸਿੱਖ ਰੈਜ਼ੀਮੈਂਟਾਂ ਜਾਂਦੀਆਂ ਤਾਂ ਪਹਿਲਾਂ ਚੱਲਣ ਵਾਲਾ ਸਿੱਖ ਸਿਪੇਹਸਲਾਰ ਗੁਰੂ ਪਾਤਸ਼ਾਹ ਦੇ ਸਰੂਪ ਅਪਣੀ ਦਸਤਾਰ ਵਿਚ ਸਜਾ ਕੇ ਚਲਦਾ | ਜਦੋਂ ਉਸ ਨੂੰ  ਇਸ ਯੁੱਧ ਦੌਰਾਨ ਗੋਲੀ ਲੱਗ ਜਾਂਦੀ ਤਾਂ ਬਿਲਕੁੱਲ ਉਸ ਦੇ ਪਿਛੇ ਵਾਲਾ ਸਿੱਖ ਸਿਪੇਹਸਲਾਰ ਉਸ ਨੂੰ  ਡਿੱਗਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਦੇ ਸਰੂਪ ਨੂੰ  ਆਪਣੇ ਸਿਰ 'ਤੇ ਸਸ਼ੋਭਿਤ ਕਰ ਲੈਂਦਾ ਅਤੇ ਉਸ ਤੋਂ ਬਾਅਦ ''ਬੋਲੇ ਸੋ ਨਿਹਾਲ, 

ਸਤਿ ਸ਼੍ਰੀ ਅਕਾਲ'' ਅਤੇ ''ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ'' ਦੇ ਜੈਕਾਰੇ ਛਡਦੇ ਹੋਏ ਸਿੱਖਾਂ ਫ਼ੌਜਾਂ ਫਿਰ ਅਗਾਂਹ ਫ਼ਤਿਹ ਕਰਨ ਲਈ ਯੁੱਧ ਵਲ ਨੂੰ  ਵੱਧ ਜਾਂਦੀਆਂ | ਇਹ ਗਵਾਹੀ ਭਰਦੇ ਸਰੂਪ ਅੱਜ ਵੀ ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਸਥਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਟੱਡੀ ਭਵਨ ਵਿਖੇ ਸਸ਼ੋਬਿਤ ਹਨ, ਜਿਨ੍ਹਾਂ ਨੂੰ  ਸਮੇਂ ਸਮੇਂ 'ਤੇ ਦੂਰ ਦੁਰਾਡੇ ਤੋਂ ਆਈ ਸੰਗਤਾਂ ਲਈ ਵੀ ਮੁਹਈਆ ਕੀਤਾ ਜਾਂਦਾ ਹੈ | ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਵਿਸ਼ਵ ਕਾਨਫ਼ਰੰਸਾਂ ਵਿਚ ਹਿੱਸਾ ਲੈਣ ਆਏ ਗੋਰਿਆਂ ਲਈ ਖ਼ਾਸ ਖਿੱਚ ਦਾ ਕੇਂਦਰ  ਬਣਦੇ ਨੇ ਇਹ ਸਰੂਪ ਤੇ ਇਨ੍ਹਾਂ ਸਰੂਪਾਂ ਨੂੰ  ਮਾਈਕ੍ਰੋਸਕੋਪ ਨਾਲ ਹੀ ਪੜਿ੍ਹਆ ਜਾ ਸਕਦਾ ਹੈ ਅਤੇ ਇਨ੍ਹਾਂ ਨੂੰ  ਉਸ ਸਮੇਂ ਦੇ ਕਾਰੀਗਰਾਂ ਵਲੋਂ ਬੇਹੱਦ ਸੰਜੀਦਾ ਕਾਰੀਗਰੀ ਨਾਲ ਤਿਆਰ ਕੀਤਾ ਗਿਆ ਜੋ ਕਿ ਅੱਜ ਵੀ ਬਿਲਕੁੱਲ ਨਵੇਂ ਵਾਂਗ ਦਿਸਦੇ ਹਨ | ਬੇਸ਼ੱਕ ਇਨ੍ਹਾਂ ਨੂੰ  ਕੈਮੀਕਲਾਂ ਨਾਲ ਸੁਰੱਖਿਅਤ ਕੀਤਾ ਹੈ ਤਾਂ ਜੋ ਇਹ ਸਰੂਪ ਹਮੇਸ਼ਾਂ ਇਦਾਂ ਹੀ 1914 ਦੇ ਵਿਸ਼ਵ ਯੁੱਧ ਦੀ ਗਵਾਹੀ ਭਰਦੇ ਰਹਿਣ | 
ਫੋਟੋ ਨੰ: 2 ਪੀਏਟੀ 12
ਇੰਗਲੈਂਡ ਦੀ ਮਹਾਰਾਣੀ ਦੇ ਹੁਕਮਾਂ ਤੋਂ ਬਾਅਦ 1914 'ਚ ਤਿਆਰ ਕੀਤੇ ਗਏ ਗੁਰੂ ਪਾਤਸ਼ਾਹ ਦੇ ਸਰੂਪਾਂ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਇਕ ਝਲਕ | ਫੋਟੋ : ਬਲਜਿੰਦਰ ਸਿੰਘ