ਫ਼ਾਜ਼ਿਲਕਾ- ਫ਼ਾਜ਼ਿਲਕਾ ਅਬੋਹਰ ਸੜਕ 'ਤੇ ਹੋਏ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪੀ.ਏ.ਦੀ ਮੌਤ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਅਤੇ ਕਾਰ ਦੀ ਟੱਕਰ ਦੇ ਦੌਰਾਨ ਇਹ ਹਾਦਸਾ ਵਾਪਰਿਆ ਹੈ, ਜਿਸ ਵਿਚ ਕਾਰ ਸਵਾਰ ਦੀ ਮੌਤ ਹੋ ਗਈ।
ਮ੍ਰਿਤਕ ਦੀ ਪਹਿਚਾਣ ਭੁਪਿੰਦਰ ਸਿੰਘ ਉਰਫ ਸੰਨੀ ਬਰਾੜ ਦੇ ਰੂਪ ਵਿਚ ਹੋਈ ਹੈ। ਫ਼ਾਜ਼ਿਲਕਾ ਦੇ ਡੀ.ਐਸ.ਪੀ. ਜ਼ੋਰਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਰਾਜਾ ਵੜਿੰਗ ਦਾ ਪੀ. ਏ. ਦੱਸਿਆ ਜਾ ਰਿਹਾ ਹੈ। ਮ੍ਰਿਤਕ ਵਿਅਕਤੀ ਦੀ ਲਾਸ਼ ਨੂੰ ਫ਼ਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ।
ਰਾਜਾ ਵੜਿੰਗ ਨੇ ਵੀ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਮੌਤ 'ਤੇ ਸੋਗ ਜਤਾਇਆ ਹੈ।
ਉਨ੍ਹਾਂ ਨੇ ਪੋਸਟ ਸ਼ੇਅਰ ਕਰਦਿਆਂ ਲਿਖਿਆ-'ਭੁਪਿੰਦਰ ਸਿੰਘ ਬਰਾੜ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੀ ਖ਼ਬਰ ਸੁਣ ਕੇ ਬਹੁਤ ਗਹਿਰਾ ਸਦਮਾ ਲੱਗਾ। ਮੇਰੀ ਪਰਿਵਾਰ ਨਾਲ ਡੂੰਘੀ ਸੰਵੇਦਨਾ ਹੈ ਤੇ ਮੈਂ ਪਰਿਵਾਰ ਨਾਲ ਹਮੇਸ਼ਾ ਖੜ੍ਹਾ ਰਹਾਂਗਾ। ਵਾਹਿਗੁਰੂ ਵਿਛੜੀ ਰੂਹ ਨੂੰ ਸ਼ਾਂਤੀ ਬਖਸ਼ਣ।