ਅਸ਼ਵਨੀ ਸ਼ਰਮਾ ਨੇ ਭਾਜਪਾ ਦੇ ਪੰਜਾਬ ਪ੍ਰਧਾਨ ਦੇ ਅਹੁਦੇ ਤੋਂ ਦਿਤਾ ਅਸਤੀਫ਼ਾ, ਨਵੇਂ ਪ੍ਰਧਾਨ 'ਤੇ ਜਲਦ ਲੱਗ ਸਕਦੀ ਹੈ ਮੋਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੂਤਰਾਂ ਅਨੁਸਾਰ ਸੁਨੀਲ ਜਾਖੜ ਬਣ ਸਕਦੇ ਹਨ ਪੰਜਾਬ ਭਾਜਪਾ ਦੇ ਨਵੇਂ ਪ੍ਰਧਾਨ

photo

 

ਚੰਡੀਗੜ੍ਹ: ਪੰਜਾਬ ਭਾਜਪਾ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਜਲਦੀ ਹੀ ਨਵੇਂ ਪ੍ਰਧਾਨ ਦਾ ਐਲਾਨ ਹੋ ਸਕਦਾ ਹੈ। ਦੂਜੇ ਪਾਸੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਨੀਲ ਜਾਖੜ ਨੂੰ ਪੰਜਾਬ ਭਾਜਪਾ ਦਾ ਨਵਾਂ ਪ੍ਰਧਾਨ ਬਣਾਇਆ ਜਾ ਸਕਦਾ ਹੈ।

ਲੋਕ ਸਭਾ 2024 ਦੀਆਂ ਚੋਣਾਂ ਤੋਂ ਪਹਿਲਾਂ ਬੀਜੇਪੀ ਪੰਜਾਬ ਜਿੱਤਣ ਦੀ ਤਿਆਰੀ ਵਿਚ ਜੁੱਟ ਗਈ ਹੈ। ਜਿਸ ਨੂੰ ਲੈ ਕੇ ਭਾਜਪਾ ਸੂਬੇ ਵਿਚ ਵੱਡਾ ਫੇਰਬਦਲ ਕਰ ਸਕਦੀ ਹੈ। ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਭਾਜਪਾ ਸੁਨੀਲ ਜਾਖੜ ਨੂੰ ਪੰਜਾਬ ਦਾ ਨਵਾਂ ਪ੍ਰਧਾਨ ਬਣਾ ਸਕਦੀ ਹੈ।

ਭਾਜਪਾ ਅੱਜ ਹੀ ਕਈ ਰਾਜਾਂ ਦੇ ਨਾਲ-ਨਾਲ ਪੰਜਾਬ ਵਿਚ ਵੀ ਨਵੇਂ ਮੁਖੀ ਦਾ ਐਲਾਨ ਕਰੇਗੀ। ਸੁਨੀਲ ਜਾਖੜ ਦੇ ਨਾਂ ਦੀ ਚਰਚਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਤੋਂ ਸ਼ੁਰੂ ਹੋ ਗਈ ਸੀ। ਭਾਜਪਾ 2024 ਦੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਇਕ ਵੱਡਾ ਦਾਅ ਖੇਡਣ ਦੀ ਤਿਆਰੀ 'ਚ ਹੈ।

ਪੰਜਾਬ 'ਚ ਸੁਨੀਲ ਜਾਖੜ ਭਾਰਤੀ ਜਨਤਾ ਪਾਰਟੀ ਦੇ ਨਵੇਂ ਸੂਬਾ ਪ੍ਰਧਾਨ ਹੋ ਸਕਦੇ ਹਨ। ਪੰਜਾਬ 'ਚ ਸੁਨੀਲ ਜਾਖੜ ਹਿੰਦੂ ਤੇ ਜੱਟ ਭਾਈਚਾਰੇ ਦਾ ਇੱਕ ਸਾਂਝਾ ਚਿਹਰਾ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੂੰ ਸੁਨੀਲ ਜਾਖੜ ਦੇ ਨਾਂ ਦਾ ਐਲਾਨ ਕਰਨ ਤੋਂ ਪਹਿਲਾਂ ਭਾਜਪਾ ਅੰਦਰਲੇ ਵਿਰੋਧ ਨੂੰ ਸ਼ਾਂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਾਜਪਾ ਦਾ ਮੌਜੂਦਾ ਨਿਸ਼ਾਨਾ 2024 ਦੀਆਂ ਲੋਕ ਸਭਾ ਚੋਣਾਂ ਹਨ। ਗੁਰਦਾਸਪੁਰ 'ਚ ਜਿਸ ਤਰ੍ਹਾਂ ਸੁਨੀਲ ਜਾਖੜ ਨੂੰ ਸਟੇਜ 'ਤੇ ਪੇਸ਼ ਕੀਤਾ ਗਿਆ, ਉਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਤੋਂ ਇਲਾਵਾ ਸੰਸਦ ਮੈਂਬਰ ਦੇ ਉਮੀਦਵਾਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ।

 ਇਹ ਵੀ ਪੜ੍ਹੋ:ਪਰਲਜ਼ ਗਰੁੱਪ ਦੀ ਜਾਇਦਾਦਾਂ ਦਾ ਪਤਾ ਲਗਾਉਣ ਲਈ ਫੀਲਡ ਵੈਰੀਫਿਕੇਸ਼ਨ ਮੁਹਿੰਮ ਸ਼ੁਰੂ 

ਜਾਣਕਾਰੀ ਅਨੁਸਾਰ ਅਸ਼ਵਨੀ ਸ਼ਰਮਾ ਨੇ ਪਾਰਟੀ ਦਫਤਰ ਤੋ ਅਪਣਾ ਸਮਾਨ ਚੁੱਕ ਲਿਆ ਹੈ ਤੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਹੈ ਕਿ ਉਹ ਨਾਰਾਜ਼ ਨਹੀਂ ਹਨ।