ਲਾਲੜੂ ਖੇਤਰ ਵਿਚ ਲੀਕ ਹੋਈ ਕਲੋਰੀਨ ਗੈਸ, ਮਚੀ ਹਫੜਾ-ਦਫੜੀ
ਦੋ ਦਰਜਨ ਲੋਕ ਹਸਪਤਾਲ ਭਰਤੀ, ਗੈਸ ਦੀ ਚਪੇਟ ’ਚ ਆਈ ਗਰਭਵਤੀ ਔਰਤ ਦੀ ਹਾਲਤ ਵਿਗੜੀ
ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਕੀਤੀ ਕਾਬੂ
ਲਾਲੜੂ (ਜੇ.ਐੱਸ. ਕਲੇਰ): ਸੋਮਵਾਰ ਦੁਪਹਿਰ ਵੇਲੇ ਮੁਹਾਲੀ ਜ਼ਿਲ੍ਹੇ ਦੇ ਲਾਲੜੂ ’ਚ ਪਿੰਡ ਚੌਂਧਹੇੜੀ ਵਿਖੇ ਰਿਹਾਇਸ਼ੀ ਇਲਾਕੇ ਵਿਚ ਕਲੋਰੀਨ ਗੈਸ ਲੀਕ ਹੋਣ ਨਾਲ ਹਫੜਾ-ਦਫੜੀ ਮੱਚ ਗਈ।
ਗੈਸ ਪਿੰਡ ਦੇ ਇਕ ਟਿਊਬਵੈਲ ਨੇੜੇ ਕਰੀਬ 10 ਸਾਲਾਂ ਤੋਂ ਪਏ ਪੁਰਾਣੇ ਸਿਲੰਡਰ ਵਿਚੋਂ ਲੀਕ ਹੋਈ। ਗੈਸ ਲੀਕ ਹੋਣ ’ਤੇ ਲੋਕਾਂ ਨੂੰ ਅਚਾਨਕ ਸਾਹ ਲੈਣ ਵਿਚ ਦਿੱਕਤ ਹੋਣ ਲਗੀ ਅਤੇ ਅੱਖਾਂ ਵਿਚ ਜਲਣ ਸ਼ੁਰੂ ਹੋ ਗਈ। ਗੈਸ ਲੀਕ ਹੋਣ ਦੀ ਖ਼ਬਰ ਫੈਲਣ ਸਾਰ ਪਿੰਡ ਵਿਚ ਹਫੜਾ-ਦਫੜੀ ਮਚ ਗਈ ਅਤੇ ਲੋਕ ਬੱਚਿਆਂ ਨੂੰ ਲੈ ਕੇ ਘਰਾਂ ਤੋਂ ਬਾਹਰ ਨਿਕਲ ਗਏ।
ਕਲੋਰੀਨ ਗੈਸ ਰਿਸਣ ਨਾਲ ਇਲਾਕੇ ਦੇ 2 ਦਰਜਨ ਤੋਂ ਵੱਧ ਲੋਕ ਡੇਰਾਬੱਸੀ ਹਸਪਤਾਲ ’ਚ ਭਰਤੀ ਕਰਾਏ ਗਏ ਜਿਨ੍ਹਾਂ ਵਿਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਇਕ ਗਰਭਵਤੀ ਔਰਤ ਨੂੰ ਹਾਲਤ ਗੰਭੀਰ ਹੋਣ ਕਾਰਨ ਚੰਡੀਗੜ੍ਹ ਸੈਕਟਰ-32 ਦੇ ਹਸਪਤਾਲ ਰੈਫਰ ਕਰ ਦਿਤਾ ਗਿਆ।
ਹਸਪਤਾਲ ਪਹੁੰਚੇ ਲੋਕਾਂ ਨੇ ਦਸਿਆ ਕਿ ਪਿੰਡ ਵਿਚ ਲੱਗੇ ਪਾਣੀ ਦੇ ਟਿਊਬਵੈਲ ਦੀ ਮੋਟਰ ਖਰਾਬ ਹੋਣ ’ਤੇ ਉਸ ਦੀ ਮੁਰੰਮਤ ਦਾ ਕੰਮ ਚਲ ਰਿਹਾ ਸੀ। ਇਸ ਦੌਰਾਨ ਅੰਦਰ ਪਿਆ ਕਲੋਰੀਨ ਗੈਸ ਵਾਲਾ ਕਰੀਬ 10 ਸਾਲ ਪੁਰਾਣਾ ਸਿਲੰਡਰ ਠੇਕੇਦਾਰ ਵਲੋਂ ਬਾਹਰ ਕੱਢ ਕੇ ਰੱਖ ਦਿਤਾ ਗਿਆ ਜੋ ਲੀਕ ਹੋਣ ਲਗ ਪਿਆ। ਹੌਲੀ-ਹੌਲੀ ਗੈਸ ਫੈਲਣ ਲਗੀ ਅਤੇ ਲੋਕਾਂ ਨੂੰ ਸਾਹ ਲੈਣ ਵਿਚ ਦਿੱਕਤ ਹੋਣ ਲਗੀ।
ਸੂਚਨਾ ਮਿਲਣ ’ਤੇ ਡੇਰਾਬੱਸੀ ਤੋਂ ਫਾਇਰ ਬ੍ਰਿਗੇਡ ਕਰਮੀਆਂ ਨੇ ਮੌਕੇ ’ਤੇ ਪਹੁੰਚ ਕੇ ਕਰੀਬ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਸਥਿਤੀ ਕਾਬੂ ਕੀਤੀ। ਕਲੋਰੀਨ ਗੈਸ ਵਾਲੇ ਸਿਲੰਡਰ ਨੂੰ ਪਾਣੀ ਵਾਲੇ ਟੋਏ ਵਿਚ ਡੁਬੋ ਕੇ ਗੈਸ ਦਾ ਪ੍ਰਭਾਵ ਰੋਕਿਆ ਗਿਆ, ਜਿਸ ਤੋਂ ਬਾਅਦ ਲੋਕਾਂ ਨੇ ਸੁਖ ਦਾ ਸਾਹ ਲਿਆ।