ਬੰਗਾ ’ਚ ਭਿਆਨਕ ਸੜਕ ਹਾਦਸਾ, ਤਿੰਨ ਦੀ ਮੌਤ, ਦੋ ਜ਼ਖ਼ਮੀ
ਜ਼ਖ਼ਮੀਆਂ ਨੂੰ ਬੰਗਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ
ਬੰਗਾ: ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਅੱਜ ਬੰਗਾ ਸ਼ਹਿਰ ’ਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ।
ਹਾਦਸਾ ਐਤਵਾਰ ਸਵੇਰੇ ਉਦੋਂ ਵਾਪਰਿਆ ਜਦੋਂ ਪੀੜਤ ਬੱਧੀਆਂ ਪਿੰਡ ’ਚ ਸਥਿਤ ਡੇਰਾ ਰਾਧਾ ਸੁਆਮੀ ਸਤਿਸੰਗ ਭਵਨ ਡੇਰਾ ਭਵਨ ਤੋਂ ਸਤਿਸੰਗ ਸੁਣ ਕੇ ਬਾਹਰ ਆ ਰਹੇ ਸਨ।
ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਸ਼ਹਿਰ ਬੰਗਾ ਦੇ ਡੀ.ਐਸ.ਪੀ. ਸਰਵਣ ਸਿੰਘ ਬੱਲ ਨੇ ਕਿਹਾ ਕਿ ਤੇਜ਼ ਰਫ਼ਤਾਰ ਕਾਰ ਫ਼ਗਵਾੜਾ ਵਾਲੇ ਪਾਸੇ ਤੋਂ ਆ ਰਹੀ ਸੀ ਜਿਸ ਨੇ ਡੇਰਾ ਭਵਨ ਤੋਂ ਬਾਹਰ ਨਿਕਲ ਰਹੇ ਵਿਅਕਤੀਆਂ ’ਚ ਬਹੁਤ ਜ਼ੋਰ ਦੀ ਟੱਕਰ ਮਾਰੀ।
ਮ੍ਰਿਤਕਾਂ ਦੀ ਪਛਾਣ ਗੋਸਲਾ ਪਿੰਡ ਦੇ ਅਮਰ ਨਾਥ, ਬੰਗਾ ਦੇ ਭੁਪਿੰਦਰ ਸਿੰਘ ਅਤੇ ਸੋਨੂੰ ਬਾਲਾ ਵਜੋਂ ਹੋਈ ਹੈ। ਇਸ ਤੋਂ ਇਲਾਵਾ ਸੋਨੂੰ ਦੀ 9 ਸਾਲਾਂ ਦੀ ਬੱਚੀ ਅੰਕਿਤਾ ਅਤੇ ਦੁਸਾਂਝ ਖੁਰਦ ਪਿੰਡ ਦੇ ਵਾਸੀ ਅਵਤਾਰ ਚੰਦ ਨੂੰ ਜ਼ਖ਼ਮੀ ਹੋਣ ਕਾਰਨ ਬੰਗਾ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ।
ਕਾਰ ਡਰਾਈਵਰ ਦੀ ਪਛਾਣ ਜ਼ੀਰਕਪੁਰ ਦੇ ਪਿੰਡ ਭੁੱਡਾ ਵਾਸੀ ਤਰਸੇਮ ਸਿੰਘ ਵਜੋਂ ਹੋਈ ਹੈ। ਤਰਸੇਮ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਕਾਰ ਜ਼ਬਤ ਕਰ ਲਈ ਗਈ ਹੈ। ਮ੍ਰਿਤਕ ਦੇਹਾਂ ਨੂੰ ਪੋਸਟ ਮਾਰਟਮ ਤੋਂ ਬਾਅਦ ਪ੍ਰਵਾਰ ਨੂੰ ਸੌਂਪ ਦਿਤੀਆਂ ਗਈਆਂ ਹਨ।