ਸਿੱਖੀ ਬਾਰੇ ਜਾਣੂ ਕਰਵਾਉਣ ਲਈ ਅੱਜ ਤਕ ਕਿਸੇ ਨੇ ‘ਉੱਚਾ ਦਰ...’ ਤੋਂ ਵੱਡਾ ਕੋਈ ਵੀ ਉਪਰਾਲਾ ਨਹੀਂ ਕੀਤਾ :MP ਸ. ਰਵਨੀਤ ਸਿੰਘ ਬਿੱਟੂ
ਜਦੋਂ ਮੈਂ ‘ਉੱਚਾ ਦਰ...’ ਜਾ ਕੇ ਵੇਖਿਆ ਕਿ ਸਿੱਖੀ ਨੂੰ ਕਿੰਨੀ ਬਾਰੀਕੀ ਨਾਲ ਲੋਕਾਂ ਨੂੰ ਦਸਿਆ ਜਾਣਾ ਹੈ ਤਾਂ ਮੈਂ ਹੈਰਾਨ ਰਹਿ ਗਿਆ
ਚੰਡੀਗੜ੍ਹ (ਰਮਨਦੀਪ ਕੌਰ/ਸਨਮ ਭੱਲਾ): ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਦਾ ਕਹਿਣਾ ਹੈ ਕਿ ਲੋਕਾਂ ਨੂੰ ਸਿੱਖੀ ਤੋਂ ਜਾਣੂ ਕਰਵਾਉਣ ਲਈ ਅੱਜ ਤਕ ‘ਉੱਚਾ ਦਰ...’ ਤੋਂ ਵੱਡਾ ਕੋਈ ਉਪਰਾਲਾ ਨਹੀਂ ਹੋਇਆ ਅਤੇ ਇਸ ਵਿਰੁਧ ਕੀਤਾ ਜਾ ਰਿਹਾ ਕੂੜ ਪ੍ਰਚਾਰ ਗ਼ਲਤ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਕ ਸਾਲ ਪਹਿਲਾਂ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸ.ਜੀ.ਪੀ.ਸੀ.) ਨੂੰ ਅਪਣਾ ਯੂਟਿਊਬ ਚੈਨਲ ਸ਼ੁਰੂ ਕਰਨ ਦੇ ਹੁਕਮ ਜਾਰੀ ਕਰ ਦਿਤੇ ਸਨ, ਪਰ ਐਸ.ਜੀ.ਪੀ.ਸੀ., ਸ਼੍ਰੋਮਣੀ ਅਕਾਲੀ ਦਲ ਅਤੇ ਪੀ.ਟੀ.ਸੀ. ਨੇ ਉਨ੍ਹਾਂ ਦੇ ਹੁਕਮ ਨੂੰ ਪੂਰਾ ਨਹੀਂ ਕੀਤਾ।
ਸ. ਰਵਨੀਤ ਸਿੰਘ ਬਿੱਟੂ ਐਮ.ਪੀ. ਨੇ ਕਿਹਾ,‘‘ਰੋਜ਼ਾਨਾ ਸਪੋਕਸਮੈਨ ਅਦਾਰੇ ਦੇ ਮੁੱਖ ਸੰਪਾਦਕ ਸ. ਜੋਗਿੰਦਰ ਸਿੰਘ, ਜਿਨ੍ਹਾਂ ਦੀ 80 ਸਾਲ ਦੇ ਕਰੀਬ ਉਮਰ ਹੋ ਗਈ ਹੈ, ਕਹਿੰਦੇ ਹਨ ਕਿ ਮੈਂ ਅਪਣੇ ਜਿਉਂਦਿਆਂ ਅਪਣੇ ਧਰਮ ਅਤੇ ਬਾਬਾ ਨਾਨਕ ਲਈ ਜੋ ਕੁੱਝ ਵੀ ਕਰਾਂ ਉਹ ਥੋੜ੍ਹਾ ਹੈ।’’ ਅੱਜ ‘ਉੱਚਾ ਦਰ...’ ਟਰੱਸਟ ਨੂੰ ਲੈ ਕੇ ਉਨ੍ਹਾਂ ’ਤੇ ਸ਼ਬਦੀ ਹਮਲੇ ਕੀਤੇ ਜਾ ਰਹੇ ਹਨ ਜੋ ਗ਼ਲਤ ਹਨ।’’
ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਸ. ਜੋਗਿੰਦਰ ਸਿੰਘ ਪਾਈ-ਪਾਈ ਇਕੱਠੀ ਕਰ ਕੇ ਇਸ ਟਰੱਸਟ ਨੂੰ ਖੜਾ ਕਰ ਰਹੇ ਹਨ। ਉਹ ਅੱਜ ਇੰਨੇ ਕਰਜ਼ਾਈ ਹੋ ਗਏ ਹਨ ਕਿ ਉਨ੍ਹਾਂ ਕੋਲ ਖ਼ੁਦ ਦਾ ਘਰ ਵੀ ਨਹੀਂ। ਅਪਣਾ ਜੋ ਕੁੱਝ ਵੀ ਉਨ੍ਹਾਂ ਕੋਲ ਸੀ ਉਨ੍ਹਾਂ ਨੇ ‘ਉੱਚਾ ਦਰ...’ ’ਤੇ ਲਗਾ ਦਿਤਾ। ਸਿੱਖੀ ਬਾਰੇ ਜਾਣੂ ਕਰਵਾਉਣ ਲਈ ਅੱਜ ਤਕ ਕਿਸੇ ਨੇ ਇਸ ਤੋਂ ਵੱਡਾ ਕੋਈ ਵੀ ਉਪਰਾਲਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ. ਜੋਗਿੰਦਰ ਸਿੰਘ ਦੇ ਪ੍ਰਵਾਰ ਨੇ ਸਿੱਖੀ ਕਰ ਕੇ ਬਾਦਲਾਂ ਨਾਲ ਮੱਥਾ ਲਗਾਇਆ। ਬਾਦਲਾਂ ਨੇ 10 ਸਾਲ ਅਖ਼ਬਾਰ ਦੇ ਸਰਕਾਰੀ ਇਸ਼ਤਿਹਾਰ ਬੰਦ ਰੱਖੇ ਅਤੇ ਤਾਨਾਸ਼ਾਹੀ ਹੁਕਮਨਾਮੇ ਜਾਰੀ ਕਰਵਾਉਂਦੇ ਰਹੇ। ਰਵਨੀਤ ਬਿੱਟੂ ਨੇ ਕਿਹਾ ਕਿ ਲੋਕਾਂ ਨੂੰ ਰੋਜ਼ਾਨਾ ਸਪੋਕਸਮੈਨ ਦੇ ਨਾਲ ਖੜਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਅੱਜ ਰੋਜ਼ਾਨਾ ਸਪੋਕਸਮੈਨ ਦਾ ਵਿਰੋਧ ਕਿਉਂ ਹੋ ਰਿਹਾ ਹੈ? ਇਸ ਦਾ ਕਾਰਨ ਇਹ ਹੈ ਕਿ ਰੋਜ਼ਾਨਾ ਸਪੋਕਸਮੈਨ ਨੇ ਪਹਿਲਾਂ ਵੀ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ਕੀਤਾ ਸੀ ਕਿ ਉਹ ਸਿੱਖੀ ਅਤੇ ਧਰਮ ਨੂੰ ਵੇਚ ਰਹੇ ਹਨ। ਅੱਜ ਵੀ ਜਦੋਂ ਗੁਰਬਾਣੀ ਪ੍ਰਸਾਰਣ ਦੀ ਗੱਲ ਆਈ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਇਸ਼ਾਰੇ ’ਤੇ ਪੀ.ਟੀ.ਸੀ. ਰੋਜ਼ਾਨਾ ਸਪੋਕਸਮੈਨ ਦੇ ਮਗਰ ਪੈ ਗਿਆ ਹੈ।’’
ਉਨ੍ਹਾਂ ਸੱਦਾ ਦਿਤਾ ਕਿ ਸਰਕਾਰ, ਕਾਰੋਬਾਰੀ ਅਤੇ ਜਿੰਨੇ ਵੀ ਚੰਗੇ ਲੋਕ ਹਨ ਉਹ ਇਸ ਪ੍ਰਾਜੈਕਟ ਨੂੰ ਸੰਪੂਰਨ ਕਰਨ ਵਿਚ ਯੋਗਦਾਨ ਦੇਣ। ਉਨ੍ਹਾਂ ਕਿਹਾ, ‘‘ਜੇ ਇਹ ‘ਉੱਚਾ ਦਰ...’ ਦਾ ਪ੍ਰਾਜੈਕਟ ਅਧੂਰਾ ਰਹਿ ਗਿਆ ਤਾਂ ਅੱਜ ਦੀ ਪੀੜ੍ਹੀ ਅਸਲ ਸਿੱਖ ਇਤਿਹਾਸ ਨੂੰ ਜਾਣਨ ਤੋਂ ਵਾਂਝੀ ਰਹਿ ਜਾਵੇਗੀ।’’ ਬਿੱਟੂ ਨੇ ਕਿਹਾ ਕਿ ਉਨ੍ਹਾਂ ਖ਼ੁਦ ‘ਉੱਚਾ ਦਰ...’ ਦਾ ਦੌਰਾ ਕੀਤਾ। ਉਨ੍ਹਾਂ ਕਿਹਾ, ‘‘ਜਦੋਂ ਮੈਂ ਉਥੇ ਜਾ ਕੇ ਵੇਖਿਆ ਕਿ ਸਿੱਖੀ ਨੂੰ ਕਿੰਨੀ ਬਾਰੀਕੀ ਨਾਲ ਲੋਕਾਂ ਨੂੰ ਦਸਿਆ ਜਾਣਾ ਹੈ ਤਾਂ ਮੈਂ ਹੈਰਾਨ ਰਹਿ ਗਿਆ। ਪਰ ਜੋ ਇਸ ਬਾਰੇ ਕੂੜ ਪ੍ਰਚਾਰ ਕੀਤਾ ਜਾ ਰਿਹਾ ਹੈ ਉਹ ਗ਼ਲਤ ਹੈ।’’
ਉਨ੍ਹਾਂ ਕਿਹਾ, ‘‘ਜਦੋਂ ਤੁਸੀਂ ‘ਉੱਚਾ ਦਰ...’ ’ਚ ਦਾਖ਼ਲ ਹੁੰਦੇ ਹੋ ਤਾਂ ਪਹਿਲਾਂ ਤਾਂ ਉਥੇ ਕੋਈ ਬਰਛਿਆਂ ਵਾਲੇ ਨਹੀਂ ਖੜੇ ਜੋ ਤੁਹਾਨੂੰ ਕਿਸੇ ਗੱਲ ਤੋਂ ਰੋਕਦੇ ਹਨ। ਉਥੇ ਦਾਖ਼ਲ ਹੁੰਦੇ ਹੀ ਰੂਹਾਨੀਅਤ ਅਤੇ ਬਾਬੇ ਨਾਨਕ ਦੇ ਸੰਦੇਸ਼ ਦੀ ਖ਼ੁਸ਼ਬੂ ਆਉਂਦੀ ਹੈ। ਇਕ ਵਾਰ ਜਾ ਕੇ ਵੇਖਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗੇਗਾ ਕਿ ਸ. ਜੋਗਿੰਦਰ ਸਿੰਘ ਨੇ ਸਿੱਖੀ ਲਈ ਕੀ ਕੁੱਝ ਕੀਤਾ ਹੈ।’’ ਉਨ੍ਹਾਂ ਕਿਹਾ,‘‘ਜਿਸ ਦਿਨ ਐਸ.ਜੀ.ਪੀ.ਸੀ ਦਾ ਅਪਣਾ ਚੈਨਲ ਸ਼ੁਰੂ ਹੋ ਗਿਆ ਉਸ ਤੋਂ ਬਾਅਦ, ਆਉਣ ਵਾਲੇ ਸਮੇਂ ’ਚ ਤੁਹਾਡੇ ਸਾਹਮਣੇ ਬਹੁਤ ਸਾਰੀਆਂ ਗੱਲਾਂ ਆਉਣਗੀਆਂ। ਇਹ ਵੀ ਪਤਾ ਲਗੇਗਾ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿਵੇਂ ਲੁੱਟਿਆ ਗਿਆ।’’