ਸਤਲੁਜ ਦਰਿਆ ਤੋਂ ਸੀ.ਆਈ. ਨੇ ਫੜੀ ਪਾਕਿਸਤਾਨੀ ਬੇੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨੇ ਇਕ ਖਾਲੀ ਪਾਕਿਸਤਾਨੀ ਬੇੜੀ ਨੂੰ ਸਤਲੁਜ ਦਰਿਆ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ...............

Pakistani boat caught by Counter Intelligence Firozpur

ਫ਼ਿਰੋਜ਼ਪੁਰ : ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਨੇ ਇਕ ਖਾਲੀ ਪਾਕਿਸਤਾਨੀ ਬੇੜੀ ਨੂੰ ਸਤਲੁਜ ਦਰਿਆ ਤੋਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਕਾਊਂਟਰ ਇੰਟੈਲੀਜੈਂਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਬੇੜੀ ਪਾਕਿਸਤਾਨੀ ਮਛੇਰਿਆਂ ਦੀ ਜਾਪ ਰਹੀ ਹੈ ਅਤੇ ਦੂਜੇ ਪਾਸੇ ਖੁਫ਼ੀਆ ਏਜੰਸੀਆਂ ਵਲੋਂ 15 ਅਗੱਸਤ ਨੂੰ ਆਜ਼ਾਦੀ ਦਿਵਸ ਤਿਉਹਾਰ ਦੇ ਮੱਦੇਨਜ਼ਰ ਸਰਹੱਦ 'ਤੇ ਅਜਿਹੀ ਘਟਨਾ ਹੋਣ ਤੋਂ ਬਾਅਦ ਅਲਰਟ ਜਾਰੀ ਕਰਦਿਆਂ ਜਾਂਚ ਆਰੰਭ ਦਿਤੀ ਹੈ। ਕਾਊਂਟਰ ਇੰਟੈਲੀਜੈਂਸ ਫ਼ਿਰੋਜ਼ਪੁਰ ਦੇ ਸਬ ਇੰਸਪੈਕਟਰ ਤਰਲੋਚਨ ਸਿੰਘ ਨੇ ਦਸਿਆ ਕਿ ਉਨ੍ਹਾਂ ਦੀ ਟੀਮ ਨੂੰ ਸਤਲੁਜ ਦਰਿਆ ਨੇੜੇ ਵਸੇ ਪਿੰਡਾਂ ਦੇ ਲੋਕਾਂ ਨੇ ਸੂਚਿਤ ਕੀਤਾ

ਕਿ ਅੱਜ ਦਰਿਆ ਵਿਚ ਪਾਕਿਸਤਾਨ ਦੀ ਤਰਫੋਂ ਇਕ ਬੇੜੀ ਆਈ ਹੈ, ਜੋ ਕਿ ਖਾਲੀ ਹੈ ਅਤੇ ਉਸ 'ਤੇ ਉਰਦੂ ਦੇ ਅੱਖਰਾਂ ਵਿਚ ਕੁੱਝ ਲਿਖਿਆ ਹੋਇਆ ਹੈ। ਤਰਲੋਚਨ ਸਿੰਘ ਨੇ ਦਸਿਆ ਕਿ ਸੂਚਨਾ ਮਿਲਦਿਆਂ ਸਾਰ ਜਦੋਂ ਸਤਲੁਜ ਦਰਿਆ 'ਤੇ ਜਾ ਕੇ ਵੇਖਿਆ ਗਿਆ ਤਾਂ ਵਾਕਿਆ ਹੀ ਉਕਤ ਬੇੜੀ ਪਾਕਿਸਤਾਨ ਦੀ ਹੀ ਸੀ ਅਤੇ ਬੇੜੀ ਦੇ ਇਕ ਪਾਸੇ ਉਰਦੂ ਭਾਸ਼ਾ ਵਿਚ ਕੁੱਝ ਸ਼ਬਦ ਲਿਖੇ ਸਨ ''ਮੀਰ ਮੁਬਾਰਕ ਅਲੀ ਜੈਨ'' ਜਿਨ੍ਹਾਂ ਦੇ ਆਲੇ-ਦੁਆਲੇ ਸੁੰਦਰ ਡਿਜ਼ਾਇਨ ਕੀਤਾ ਹੋਇਆ ਸੀ। ਉਨ੍ਹਾਂ ਦਸਿਆ ਕਿ ਪਾਕਿਸਤਾਨੀ ਖਾਲੀ ਬੇੜੀ ਨੂੰ ਉਨ੍ਹਾਂ ਵਲੋਂ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ।