ਵਿਧਾਨ ਸਭਾ ਸੈਸ਼ਨ : ਨਵਜੋਤ ਸਿੱਧੂ, ਫੂਲਕਾ, ਖਹਿਰਾ, ਮਜੀਠੀਆ ਤੇ ਵੱਡੇ ਬਾਦਲ ਨਹੀਂ ਆਏ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਪਾਲ ਖਹਿਰਾ ਤਾਂ ਵਿਦੇਸ਼ ਦੌਰੇ ਉਤੇ ਗਏ ਹੋਣ ਕਰ ਕੇ ਗ਼ੈਰ ਹਾਜ਼ਰ ਰਹੇ ਜਦਕਿ ਬਾਕੀ ਤਿੰਨਾਂ ਨੇ ਹਾਜ਼ਰੀ ਭਰੀ

Vidhan Sabha Sessions:Sidhu,Phulka, Khaira, Majithia and parkash Badal Did Not Come

ਚੰਡੀਗੜ੍ਹ  (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਦੀ ਬੈਠਕ ਵਿਚ ਹਾਊਸ ਦੀ ਦੂਸਰੀ ਕਤਾਰ ਵਿਚ ਅਲਾਟ ਕੀਤੀ ਸੀਟ ਉਤੇ ਮੰਤਰੀ ਪਦ ਛੱਡਣ ਵਾਲੇ ਨਵਜੋਤ ਸਿੱਧੂ ਅੱਜ ਨਹੀਂ ਆਏ। ਉਨ੍ਹਾਂ ਨੂੰ ਲੀਡਰ ਆਫ਼ ਦੀ ਹਾਊਸ ਦੇ ਕਹਿਣ ਉਤੇ ਸੀਨੀਅਰ ਵਿਧਾਇਕ ਰਾਕੇਸ਼ ਪਾਂਡੇ ਤੋਂ ਬਾਅਦ ਵਾਲੀ ਸੀਟ ਅਲਾਟ ਕੀਤੀ ਗਈ। 

ਵਿਰੋਧੀ ਧਿਰ ''ਆਪ'' ਦੇ ਹਰਵਿੰਦਰ ਸਿੰਘ ਫੂਲਕਾ, ਜਿਨ੍ਹਾਂ 10 ਮਹੀਨੇ ਪਹਿਲਾਂ ਤੋਂ ਅਸਤੀਫ਼ਾ ਦਿਤਾ ਹੋਇਆ ਹੈ, ਵੀ ਅੱਜ ਸਦਨ ਵਿਚ ਨਹੀਂ ਆਏ। ਸ. ਫੂਲਕਾ ਦੀ ਸੀਟ ਅਜੇ ਵੀ ਪਹਿਲੀ ਕਤਾਰ ਵਿਚ ਹੀ ਹੈ।

ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਦੇ ਕਹਿਣ ਉਤੇ ਸੁਖਪਾਲ ਖਹਿਰਾ, ਨਾਜ਼ਰ ਸਿੰਘ ਮਾਨਸ਼ਾਹੀਆ, ਅਮਰਜੀਤ ਸੰਦੋਆ ਅਤੇ ਬਲਦੇਵ ਸਿੰਘ ਜੈਤੋ ਨੂੰ ਇਕ ਵਖਰੇ ਗਰੁੱਪ ਦੇ ਤੌਰ ਉਤੇ ਸੀਟਾਂ ਮਿਲੀਆਂ ਹਨ।

ਸੁਖਪਾਲ ਖਹਿਰਾ ਤਾਂ ਵਿਦੇਸ਼ ਦੌਰੇ ਉਤੇ ਗਏ ਹੋਣ ਕਰ ਕੇ ਗ਼ੈਰ ਹਾਜ਼ਰ ਰਹੇ ਜਦਕਿ ਬਾਕੀ ਤਿੰਨਾਂ ਨੇ ਹਾਜ਼ਰੀ ਭਰੀ। ਹਰਪਾਲ ਚੀਮਾ ਨੇ ਇਸ਼ਾਰਾ ਕੀਤਾ ''ਮਾਨਸਾਹੀਆ, ਸੰਦੋਆ ਤੇ ਬਲਦੇਵ ਦੀ ਨੈਤਿਕਤਾ ਹੁਣ ਕਿੱਥੇ ਗਈ ਹੈ।'' ਜ਼ਿਕਰਯੋਗ ਹੈ ਕਿ ਮਾਨਸ਼ਾਹੀਆ ਤੇ ਸੰਦੋਆ ਡੇਢ ਮਹੀਨਾਂ ਪਹਿਲਾਂ, ਸੱਤਾਧਾਰੀ ਕਾਂਗਰਸ ਵਿਚ ਜਾ ਚੁੱਕੇ ਹਨ

ਅਤੇ ਬਲਦੇਵ ਜੈਤੋ ਤੇ ਖਹਿਰਾ ਉਤੇ ਅਯੋਗਤਾ ਕਰਾਰ ਕਰ ਦੇਣ ਵੀ ਤਲਵਾਰ ਲਟਕੀ ਹੋਈ ਹੈ ਕਿਉਂਕਿ ਇਹ ਦੋਵੇਂ ਨਵੀਂ ਪਾਰਟੀ 'ਪੰਜਾਬ ਏਕਤਾ ਪਾਰਟੀ' ਬਣਾ ਕੇ ਲੋਕ ਸਭਾ ਚੋਣ ਲੜ ਚੁੱਕੇ ਹਨ। ਅਕਾਲੀ ਦਲ ਵਿਚ ਵੀ ਵੱਡੇ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਗ਼ੈਰ ਹਾਜ਼ਰ ਰਹੇ।