ਅਮਿਤਾਭ ਬੱਚਨ ਨੇ ਦਿਤੀ ਕੋਰੋਨਾ ਨੂੰ ਮਾਤ, ਹਸਪਤਾਲੋਂ ਛੁੱਟੀ ਮਿਲੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਕਾਰ ਅਮਿਤਾਭ ਬੱਚਨ ਨੇ ਐਤਵਾਰ ਨੂੰ ਦਸਿਆ ਕਿ ਉਹ ਕੋਰੋਨਾ ਵਾਇਰਸ ਲਾਗ ਤੋਂ ਮੁਕਤ ਹੋ ਗਏ ਹਨ

Amitabh Bachchan

ਮੁੰਬਈ, 2 ਅਗੱਸਤ : ਅਦਾਕਾਰ ਅਮਿਤਾਭ ਬੱਚਨ ਨੇ ਐਤਵਾਰ ਨੂੰ ਦਸਿਆ ਕਿ ਉਹ ਕੋਰੋਨਾ ਵਾਇਰਸ ਲਾਗ ਤੋਂ ਮੁਕਤ ਹੋ ਗਏ ਹਨ ਅਤੇ ਹੁਣ ਉਹ ਘਰ ਵਿਚ ਇਕਾਂਤਵਾਸ ਵਿਚ ਰਹਿਣਗੇ। ਉਨ੍ਹਾਂ ਸ਼ੁਭਚਿੰਤਕਾਂ ਦੁਆਰਾ ਉਨ੍ਹਂ ਦੀ ਤੰਦਰੁਸਤੀ ਲਈ ਕੀਤੀਆਂ ਗਈਆਂ ਅਰਦਾਸਾਂ ਵਾਸਤੇ ਉਨ੍ਹਾਂ ਦਾ ਧਨਵਾਦ ਕੀਤਾ। 77 ਸਾਲਾ ਅਦਾਕਾਰ ਅਤੇ ਉਸ ਦੇ ਬੇਟੇ ਅਭਿਸ਼ੇਕ ਬੱਚਨ ਕੋਰੋਨਾ ਵਾਇਰਸ ਦੀ ਲਪੇਟ ਵਿਚ ਆਉਣ ਮਰਗੋਂ 11 ਜੁਲਾਈ ਨੂੰ ਨਾਨਾਵਤੀ ਹਸਪਤਾਲ ਵਿਚ ਦਾਖ਼ਲ ਹੋਏ ਸਨ।

ਉਨ੍ਹਾਂ ਟਵਿਟਰ 'ਤੇ ਲਿਖਿਆ, 'ਮੇਰੀ ਜਾਂਚ ਰੀਪੋਰਟ ਨੈਗੇਟਿਵ ਆਈ ਹੈ। ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਘਰ ਵਿਚ ਅਲੱਗ ਰਹਾਂਗਾ। ਰੱਬ ਦੀ ਕ੍ਰਿਪਾ, ਮਾਂ, ਬਾਬੂਜੀ ਦੇ ਆਸ਼ੀਰਵਾਦ, ਪਿਆਰਿਆਂ ਤੇ ਮਿੱਤਰਾਂ ਦੀਆਂ ਅਰਦਾਸਾਂ ਅਤੇ ਨਾਨਾਵਤੀ ਹਸਪਤਾਲ ਵਿਚ ਮਿਲਣ ਵਾਲੇ ਦੇਖਭਾਲ ਅਤੇ ਸੇਵਾ ਸਦਕਾ ਮੈਂ ਇਹ ਦਿਨ ਵੇਖ ਸਕਿਆ।' ਕੁੱਝ ਮਿੰਟ ਪਹਿਲਾਂ ਅਭਿਸ਼ੇਕ ਬੱਚਨ ਨੇ ਲਿਖਿਆ ਸੀ ਕਿ ਉਨ੍ਹਾਂ ਦੇ ਪਿਤਾ ਬੀਮਾਰੀ ਤੋਂ ਮੁਕਤ ਹੋ ਚੁਕੇ ਹਨ।

44 ਸਾਲਾ ਅਭਿਸ਼ੇਕ ਨੇ ਕਿਹਾ ਕਿ ਉਹ ਹਾਲੇ ਵੀ ਬੀਮਾਰੀ ਦੀ ਲਪੇਟ ਵਿਚ ਹੈ ਅਤੇ ਹਸਪਤਾਲ ਵਿਚ ਹੈ। ਅਭਿਸ਼ੇਕ ਦੀ ਪਤਨੀ ਐਸ਼ਵਰਿਆ ਰਾਏ ਅਤੇ ਉਸ ਦੀ ਅੱਠ ਸਾਲਾ ਬੇਟੀ ਆਰਾਧਿਆ ਨੂੰ ਕੋਨਾ ਵਾਇਰਸ ਤੋਂ ਮੁਕਤ ਹੋਣ ਮਗਰੋਂ ਸੋਮਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਸੀ। ਅਭਿਸ਼ੇਕ ਨੇ ਕਿਹਾ ਕਿ ਉਹ ਵੀ ਅਪਣੇ ਦੋਸਤਾਂ, ਮਿੱਤਰਾਂ ਤੇ ਪ੍ਰਸ਼ੰਸਕਾਂ ਦੀਆਂ ਦੁਆਵਾਂ ਨਾਲ ਛੇਤੀ ਹੀ ਸਿਹਤਯਾਬ ਹੋ ਕੇ ਘਰ ਮੁੜੇਗਾ। (ਏਜੰਸੀ)