ਪੁਲਿਸ ਨੇ ਸ਼ਾਹਪੁਰ ਭੱਠੇ 'ਤੇ ਹੋਏ ਔਰਤ ਦੇ ਕਤਲ ਦੀ ਗੁੱਥੀ ਸੁਲਝਾਈ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਥਾਣਾ ਪਾਇਲ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੇ ਭੱਠੇ ਉਤੇ ਜ਼ਮੀਨੀ ਵੰਡ ਨੂੰ ਲੈ ਕੇ ਹੋਏ ਔਰਤ ਰਛਪਾਲ ਕੌਰ ਦੇ ਕਤਲ ਦੀ ਗੁੱਥੀ ਪਾਇਲ ਪੁਲਿਸ ਨੇ 4 ਦਿਨਾਂ ਦੇ ਅੰਦਰ ਸੁਲਝਾ ਕੇ...

Photo

ਪਾਇਲ/ਖੰਨਾ, 2 ਅਗੱਸਤ (ਪਰਮਜੀਤ ਸਿੰਘ ਖੱਟੜਾ, ਏ.ਐਸ.ਖੰਨਾ): ਥਾਣਾ ਪਾਇਲ ਅਧੀਨ ਪੈਂਦੇ ਪਿੰਡ ਸ਼ਾਹਪੁਰ ਦੇ ਭੱਠੇ ਉਤੇ ਜ਼ਮੀਨੀ ਵੰਡ ਨੂੰ ਲੈ ਕੇ ਹੋਏ ਔਰਤ ਰਛਪਾਲ ਕੌਰ ਦੇ ਕਤਲ ਦੀ ਗੁੱਥੀ ਪਾਇਲ ਪੁਲਿਸ ਨੇ 4 ਦਿਨਾਂ ਦੇ ਅੰਦਰ ਸੁਲਝਾ ਕੇ ਕਤਲ ਕਰਨ ਦੇ ਦੋਸ਼ ਵਿਚ ਮ੍ਰਿਤਕ ਦਾ ਭਤੀਜਾ ਅਤੇ ਦੋਸਤ ਗ੍ਰਿਫ਼ਤਾਰ ਕਰ ਲਿਆ ਹੈ। ਪੁਲੀਸ ਜ਼ਿਲ੍ਹਾ ਖੰਨਾ ਦੇ ਐਸਐਸਪੀ ਹਰਪ੍ਰੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਰਛਪਾਲ ਕੌਰ ਦੀ ਲੜਕੀ ਡਾ. ਤਰਨਵੀਰ ਕੌਰ ਪਤਨੀ ਡਾ. ਸਿਮਰਜੀਤ ਸਿੰਘ ਵਾਸੀ ਮੁਹਾਲੀ ਨੇ ਪਾਇਲ ਪੁਲਿਸ ਨੂੰ ਦਿਤੇ ਬਿਆਨਾਂ ਵਿਚ ਦਸਿਆ ਕਿ ਬੀਤੀ 27 ਜੁਲਾਈ ਨੂੰ ਉਸ ਦੇ ਭਰਾ ਬਿਸ਼ੇਸਰਪਾਲ ਸਿੰਘ ਨੇ ਫ਼ੋਨ ਉਤੇ ਦਸਿਆ ਕਿ ਮਾਤਾ ਰਛਪਾਲ ਕੌਰ ਦੇ ਸੱਟ ਲੱਗੀ ਹੈ, ਉਸ ਨੂੰ ਅਪੋਲੋ ਹਸਪਤਾਲ ਲੁਧਿਆਣਾ ਲਿਜਾ ਰਹੇ ਹਾਂ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਹੈ।

 ਉਨ੍ਹਾਂ ਦਸਿਆ ਕਿ ਮੁਦਈਆਂ ਨੇ ਅਪਣੀ ਮਾਤਾ ਰਛਪਾਲ ਕੌਰ ਦੇ ਕਤਲ ਕਰਨ ਸਬੰਧੀ ਰਾਜਿੰਦਰ ਸਿੰਘ ਉਰਫ਼ ਬੌਬੀ, ਜਗਵਿੰਦਰ ਸਿੰਘ ਜੱਗੀ, ਗੁਰੀ, ਬਹਾਦਰ ਸਿੰਘ, ਬਿੱਟੂ ਵਾਸੀ ਪਿੰਡ ਸ਼ਾਹਪੁਰ ਉਤੇ ਕਤਲ ਕਰਨ ਦਾ ਸ਼ੱਕ ਜਾਹਰ ਕੀਤਾ ਸੀ ਕਿ ਉਕਤ ਵਿਅਕਤੀਆਂ ਨੇ ਕਤਲ ਕੀਤਾ ਹੈ ਜਾਂ ਕਿਸੇ ਤੋਂ ਕਰਵਾਇਆ ਹੈ। ਥਾਣਾ ਪਾਇਲ ਦੇ ਮੁੱਖ ਅਫ਼ਸਰ ਕਰਨੈਲ ਸਿੰਘ ਵਲੋਂ ਮੁਕੱਦਮਾ ਦਰਜ ਕਰ ਕੇ ਕਾਰਵਾਈ ਅਮਲ ਵਿਚ ਲਿਆਂਦੀ ਗਈ।

 ਉਨ੍ਹਾਂ ਦਸਿਆ ਕਿ ਇਸ ਕਤਲ ਦੀ ਗੁੱਥੀ ਸੁਲਝਾਉਣ ਲਈ ਆਈ ਜੀ ਲੁਧਿਆਣਾ ਨੌਨਿਹਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤੇ ਵੱਖ-ਵੱਖ ਪੁਲਿਸ ਦੀਆਂ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਨੇ ਵੱਖ-ਵੱਖ ਥਾਵਾਂ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗਾਂ ਖੰਗਾਲੀਆਂ ਤੇ ਪੀਏਪੀ ਫ਼ਿਲੌਰ ਦੇ ਐਫ਼ਐਸਐਲ ਮਾਹਿਰਾਂ ਦਾ ਸਹਿਯੋਗ ਲਿਆ ਗਿਆ। ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਜਿੰਦਰ ਸਿੰਘ ਦਾ ਅਪਣੀ ਚਾਚੀ ਮ੍ਰਿਤਕ ਰਛਪਾਲ ਕੌਰ ਨਾਲ ਘਰੇਲੂ ਜ਼ਮੀਨ ਦੀ ਵੰਡ ਕਾਰਨ ਰੰਜਿਸ਼ ਚਲਦੀ ਆ ਰਹੀ ਸੀ ਜਿਸ ਤਹਿਤ ਰਾਜਿੰਦਰ ਸਿੰਘ ਨੇ ਅਪਣੇ ਦੋਸਤ ਸਵਿੰਦਰ ਸਿੰਘ ਨਾਲ ਰਛਪਾਲ ਕੌਰ ਦੇ ਕਤਲ ਦੀ ਸ਼ਾਜਿਸ ਰਚੀ। ਮੁਲਜ਼ਮ ਰਾਜਿੰਦਰ ਸਿੰਘ ਅਤੇ ਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤ ਗਿਆ ਹੈ।