ਪੰਜਾਬ ਦੇ ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਦਿਤਾ ਮੋੜਵਾਂ ਜਵਾਬ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

‘ਅਪਣੇ ਕੰਮ ਨਾਲ ਵਾਸਤਾ ਰੱਖੋ’

Capt Amrinder Singh

ਚੰਡੀਗੜ੍ਹ, 2 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਨਕਲੀ ਸ਼ਰਾਬ ਨਾਲ ਵਾਪਰੀ ਦੁਖਦਾਇਕ ਘਟਨਾ ਦੀ ਸੀ.ਬੀ.ਆਈ. ਜਾਂਚ ਕਰਵਾਉਣ ਬਾਰੇ ਅਰਵਿੰਦ ਕੇਜਰੀਵਾਲ ਦੀ ਮੰਗ ’ਤੇ ਸਖ਼ਤ ਪ੍ਰਤੀਕਰਮ ਦਿੰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਅਪਣੇ ਕੰਮ ਨਾਲ ਵਾਸਤਾ ਰੱਖਣ ਲਈ ਆਖਿਆ। 

ਉਨ੍ਹਾਂ ਨੇ ਕੇਜਰੀਵਾਲ ਨੂੰ ਪੰਜਾਬ ਵਿਚ ਮੂਧੇ ਮੂੰਹ ਡਿੱਗ ਚੁੱਕੀ ਆਮ ਆਦਮੀ ਪਾਰਟੀ ਨੂੰ ਮੁੜ ਪੈਰਾਂ ’ਤੇ ਖੜਾ ਕਰਨ ਲਈ ਇਸ ਦੁਖਾਂਤਕ ਮਾਮਲੇ ’ਤੇ ਸਿਆਸੀ ਰੋਟੀਆਂ ਨਾ ਸੇਕਣ ਲਈ ਆਖਿਆ। ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਦੀ ਸਖ਼ਤ ਆਲੋਚਨਾ ਕੀਤੀ ਜਿਨ੍ਹਾਂ ਨੇ ਅਪਣੇ ਟਵਿੱਟਰ ’ਤੇ ਟਿਪਣੀ ਕੀਤੀ ਕਿ ਇਸ ਮਾਮਲੇ ਨੂੰ ਕੇਂਦਰੀ ਜਾਂਚ ਏਜੰਸੀ ਦੇ ਹੱਥਾਂ ’ਚ ਦੇ ਦੇਣਾ ਚਾਹੀਦਾ ਹੈ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਆਖਿਆ,‘‘ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਅਤੇ ਤੁਸੀਂ ਇਸ ਦੁਖਦਾਇਕ ਘਟਨਾ ਤੋਂ ਸਿਆਸੀ ਲਾਹਾ ਖੱਟਣਾ ਚਾਹੁੰਦੇ ਹੋ। ਕੀ ਤਹਾਨੂੰ ਕੋਈ ਸ਼ਰਮ-ਹਯਾ ਹੈ?

ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਦੇ ਮੁੱਖ ਮੰਤਰੀ ਨੂੰ ਅਪਣੇ ਸੂਬੇ ਵਿਚ ਅਮਨ-ਕਾਨੂੰਨ ਦੀ ਵਿਵਸਥਾ ’ਤੇ ਧਿਆਨ ਦੇਣ ਲਈ ਕਿਹਾ ਜਿਥੇ ਅਪਰਾਧੀ ਅਤੇ ਗੈਂਗਸਟਰ ਬੇਖੌਫ਼ ਹੋ ਕੇ ਉਥੋਂ ਦੀਆਂ ਗਲੀਆਂ ਵਿਚ ਦਨਦਨਾਉਂਦੇ ਫਿਰਦੇ ਹਨ। ਕੇਜਰੀਵਾਲ ਦੇ ਦਾਅਵੇ ਕਿ ਸਥਾਨਕ ਪੁਲਿਸ ਵੱਲੋਂ ਪਿਛਲੇ ਕੁਝ ਮਹੀਨਿਆਂ ਦੌਰਾਨ ਨਾਜਾਇਜ਼ ਸ਼ਰਾਬ ਦਾ ਕੋਈ ਵੀ ਕੇਸ ਹੱਲ ਨਹÄ ਕੀਤਾ ਗਿਆ, ਨੂੰ ਫ਼ਜ਼ੂਲ ਆਖਦਿਆਂ ਮੁੱਖ ਮੰਤਰੀ ਨੇ ਆਪ ਆਗੂ ਨੂੰ ਕੁੱਝ ਵੀ ਬੋਲਣ ਤੋਂ ਪਹਿਲਾਂ ਅਪਣੇ ਤੱਥ ਜਾਂਚਣ ਲਈ ਆਖਿਆ।

 ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਾਂਚ ਸੀ.ਬੀ.ਆਈ ਦੇ ਹਵਾਲੇ ਕਰਨ ਨਾਲ ਮੌਜੂਦਾ ਨਕਲੀ ਸ਼ਰਾਬ ਦੇ ਮਾਮਲੇ ਪ੍ਰਤੀ ਢਿੱਲਾ ਰੁੱਖ ਅਪਣਾਉਣ ਦਿਤੇ ਜਾਣ ਨਾਲੋਂ ਉਹ ਉਨ੍ਹਾਂ ਸਾਰੇ ਵਿਅਕਤੀਆਂ ਵਿਰੁਧ ਜਲਦ ਸਖ਼ਤ ਕਾਰਵਾਈ ਚਾਹੁੰਦੇ ਹਨ ਜਿਨ੍ਹਾਂ ਦੇ ਲਾਲਚ ਕਰ ਕੇ ਸੂਬੇ ਅੰਦਰ 100 ਦੇ ਕਰੀਬ ਜਾਨਾਂ ਗਈਆਂ ਹਨ। ਮੁੱਖ ਮੰਤਰੀ ਨੇ ਕੇਜਰੀਵਾਲ ਨੂੰ ਕਿਹਾ ਕਿ ਉਹ ਉਨ੍ਹਾਂ ਦੀ ਸਰਕਾਰ ਜਿਸ ਦਾ ਹਰ ਤਰ੍ਹਾਂ ਦੇ ਅਪਰਾਧਾਂ ਨੂੰ ਰੋਕਣ ਵਿਚ ਮਿਸਾਲੀ ਰੀਕਾਰਡ ਹੈ, ਵਿਰੁਧ ਨਾਜਾਇਜ਼ ਦੋਸ਼ ਲਾਉਣ ਤੋਂ ਪਹਿਲਾ ਅਪਣੇ ਅੰਕੜੇ ਚੈਕ ਕਰ ਲੈਣ।