ਪੰਜਾਬ ਪੁਲਿਸ ਵਲੋਂ ਸਰਹੱਦ ਪਾਰੋਂ ਚਲਦੇ ਇਕ ਹੋਰ ਗਿਰੋਹ ਦਾ ਪਰਦਾਫ਼ਾਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗ੍ਰਿਫ਼ਤਾਰ 3 ਮੁਲਜ਼ਮਾਂ 'ਚ ਬੀ.ਐਸ.ਐਫ਼ ਦਾ ਸਿਪਾਹੀ ਸ਼ਾਮਲ

Dinkar Gupta

ਚੰਡੀਗੜ੍ਹ, 2 ਅਗੱਸਤ (ਨੀਲ ਭਲਿੰਦਰ) : ਪੰਜਾਬ ਪੁਲਿਸ ਨੇ ਤਰਨਤਾਰਨ ਜ਼ਿਲੇ ਵਿਚ ਦੋ ਤਸਕਰਾਂ ਸਮੇਤ ਪਾਕਿ ਸਰਹੱਦ 'ਤੇ ਤਾਇਨਾਤ ਇਕ ਬੀ.ਐਸ.ਐਫ਼. ਦੇ ਸਿਪਾਹੀ ਨੂੰ ਗ੍ਰਿਫ਼ਤਾਰ ਕਰ ਕੇ ਪਾਕਿ ਵਲੋਂ ਸਮਰਥਨ ਪ੍ਰਾਪਤ ਸਰਹੱਦ ਪਾਰੋਂ ਚਲਦੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਇਕ ਹੋਰ ਰੈਕੇਟ ਦਾ ਪਰਦਾਫ਼ਾਸ਼ ਕੀਤਾ ਹੈ। 

ਪੁਲਿਸ ਮਸਕਟ, ਓਮਾਨ ਤੋਂ ਫ਼ਰਾਰ ਹੋਏ ਸਰਗਨਾ ਸਤਨਾਮ ਸਿੰਘ ਉਰਫ਼ ਸੱਤਾ ਦੀ ਹਵਾਲਗੀ ਲੈਣ ਲਈ ਕਾਰਵਾਈ ਕਰ ਰਹੀ ਹੈ, ਜਿਥੇ ਉਹ ਦੋ ਤਸਕਰੀ ਦੇ ਮਾਮਲਿਆਂ ਵਿਚ ਭਗੌੜਾ ਅਪਰਾਧੀ ਐਲਾਨੇ ਜਾਣ ਤੋਂ ਬਾਅਦ ਭੱਜ ਗਿਆ ਸੀ। ਡੀ.ਜੀ.ਪੀ. ਦਿਨਕਰ ਗੁਪਤਾ ਨੇ ਦਸਿਆ ਕਿ ਉਸ ਨੇ ਗੁਰਮੀਤ ਸਿੰਘ ਦੇ ਨਾਂ 'ਤੇ ਜਾਰੀ ਕੀਤੇ ਗਏ ਜਾਅਲੀ ਪਾਸਪੋਰਟ ਅਤੇ ਆਧਾਰ ਕਾਰਡ ਦੀ ਵਰਤੋਂ ਕੀਤੀ ਸੀ। ਡੀ.ਜੀ.ਪੀ. ਨੇ ਦਸਿਆ ਕਿ ਮੁਲਜ਼ਮ 'ਤੇ ਪਹਿਲਾਂ ਵਿਰੁਧ ਤਸਕਰੀ ਦੇ ਪੰਜ ਕੇਸ ਦਰਜ ਹਨ। ਉਨਾਂ ਕਿਹਾ ਕਿ ਸੱਤਾ ਦੀ ਅਣਪਛਾਤੀ ਜਾਇਦਾਦ, ਜਿਸ ਨੂੰ ਉਸ ਨੇ ਸੰਧੂ ਕਾਲੋਨੀ ਅੰਮ੍ਰਿਤਸਰ ਵਿਖੇ ਅਪਣੇ ਪਰਵਾਰ ਦੀ ਰਿਸ਼ਤੇਦਾਰ ਮਨਿੰਦਰ ਕੌਰ ਦੇ ਨਾਂ 'ਤੇ ਨਸ਼ਿਆਂ ਦੇ ਪੈਸੇ ਨਾਲ ਖ਼ਰੀਦਿਆ ਸੀ, ਨੂੰ ਜਾਮ (ਫ੍ਰੀਜ਼) ਕਰਾ ਲਿਆ ਗਿਆ ਹੈ।

ਰੈਕੇਟ ਦਾ ਪਰਦਾਫ਼ਾਸ਼ ਕਰਨ ਵਾਲੀ ਜਲੰਧਰ ਪੁਲਿਸ (ਦਿਹਾਤੀ) ਨੇ ਗ੍ਰਿਫ਼ਤਾਰ ਕੀਤੇ ਤਿੰਨ ਮੁਲਜ਼ਮਾਂ ਕੋਲੋਂ ਚੀਨ ਦੇ ਬਣੇ ਇਕ 0.30 ਬੋਰ ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 24.50 ਲੱਖ ਰੁਪਏ ਬਰਾਮਦ ਕੀਤੇ ਸਨ। ਡੀ.ਜੀ.ਪੀ. ਨੇ ਦਸਿਆ ਕਿ ਮੁਲਜ਼ਮਾਂ ਦੀ ਪਛਾਣ ਸੁਰਮੇਲ ਸਿੰਘ, ਗੁਰਜੰਟ ਸਿੰਘ ਅਤੇ ਰਾਜਸਥਾਨ ਦੇ ਗੰਗਾ ਨਗਰ ਜ਼ਿਲ੍ਹੇ ਵਿਚ ਰਾਵਲਾ ਮੰਡੀ ਦੇ ਵਸਨੀਕ ਬੀ.ਐਸ.ਐਫ਼. ਸਿਪਾਹੀ ਰਾਜਿੰਦਰ ਪ੍ਰਸ਼ਾਦ ਵਜੋਂ ਹੋਈ ਹੈ।

ਇਸ ਸਬੰਧੀ ਗੁਪਤਾ ਨੇ ਦਸਿਆ ਕਿ ਜਲੰਧਰ ਦਿਹਾਤੀ ਪੁਲਿਸ ਨੇ 26 ਜੁਲਾਈ ਨੂੰ ਇਤਲਾਹ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਜੋ ਦਿੱਲੀ ਤੋਂ ਵਰਨਾ ਕਾਰ ਵਿਚ ਆ ਰਹੇ ਸਨ। ਤਲਾਸ਼ੀ ਦੌਰਾਨ ਪੁਲਿਸ ਨੇ ਉਨ੍ਹਾਂ ਦੀ ਕਾਰ ਵਿਚੋਂ 25 ਗ੍ਰਾਮ ਹੈਰੋਇਨ ਬਰਾਮਦ ਕੀਤੀ। ਪੁਛਗਿਛ ਕਰਨ 'ਤੇ ਦੋਵਾਂ ਨੇ ਅਪਣੀ ਪਛਾਣ ਸੁਰਮੇਲ ਸਿੰਘ ਅਤੇ ਗੁਰਜੰਟ ਸਿੰਘ ਵਜੋਂ ਕੀਤੀ ਗਈ। ਪੁਲਿਸ ਨੇ ਸੁਰਮੇਲ ਕੋਲੋਂ .30 ਬੋਰ ਪਿਸਤੌਲ ਸਮੇਤ 5 ਜ਼ਿੰਦਾ ਕਾਰਤੂਸ ਅਤੇ 35 ਗ੍ਰਾਮ ਹੈਰੋਇਨ ਬਰਾਮਦ ਕੀਤੀ।

ਡੀਜੀਪੀ ਨੇ ਦਸਿਆ ਕਿ 24.5 ਲੱਖ ਰੁਪਏ ਵਿਚੋਂ 15 ਲੱਖ ਰੁਪਏ ਸਤਨਾਮ ਸਿੰਘ ਦੀ ਰਿਹਾਇਸ਼ ਤੋਂ, 5 ਲੱਖ ਰੁਪਏ ਬੀਐਸਐਫ਼ ਦੇ ਕਾਂਸਟੇਬਲ ਤੋਂ ਅਤੇ 4.5 ਲੱਖ ਰੁਪਏ ਗੁਰਜੰਟ ਸਿੰਘ ਕੋਲੋਂ ਬਰਾਮਦ ਕੀਤੇ ਗਏ ਹਨ।