ਕਿਸਾਨ ਵਿਰੋਧੀ ਆਰਡੀਨੈਂਸ ਵਿਰੁਧ ਭਲਕੇ ਪੰਜਾਬ ਯੂਥ ਕਾਂਗਰਸ ਦੇਵੇਗੀ ਧਰਨੇ : ਢਿੱਲੋਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੇਂਦਰ ਸਰਕਾਰ ਦੁਆਰਾ ਕਿਸਾਨ ਮਾਰੂ ਆਰਡੀਨੈਂਸ ਪਾਸ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ 4 ਅਗੱਸਤ ਨੂੰ ਸਮੁੱਚੇ ਪੰਜਾਬ ਵਿਚ...

Farmer

ਚੰਡੀਗੜ੍ਹ, 2 ਅਗੱਸਤ (ਨੀਲ ਭਲਿੰਦਰ) : ਕੇਂਦਰ ਸਰਕਾਰ ਦੁਆਰਾ ਕਿਸਾਨ ਮਾਰੂ ਆਰਡੀਨੈਂਸ ਪਾਸ ਕੀਤੇ ਜਾਣ ਦੇ ਵਿਰੋਧ ਵਿਚ ਪੰਜਾਬ ਯੂਥ ਕਾਂਗਰਸ 4 ਅਗੱਸਤ ਨੂੰ ਸਮੁੱਚੇ ਪੰਜਾਬ ਵਿਚ ਥਾਂ-ਥਾਂ ਤੇ ਧਰਨੇ ਦੇ ਕੇ ਇਸ ਆਰਡੀਨੈਂਸ ਦਾ ਵਿਰੋਧ ਕਰੇਗੀ। ਚੰਡੀਗੜ੍ਹ ਤੋਂ ਜਾਰੀ ਪ੍ਰੈੱਸ ਬਿਆਨ ਵਿਚ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਦੇ ਹਰ ਵਿਧਾਨ ਸਭਾ ਵਿਚ ਯੂਥ ਕਾਂਗਰਸ ਵਲੋਂ 10-10 ਥਾਵਾਂ 'ਤੇ ਧਰਨੇ ਦਿਤੇ ਜਾਣਗੇ।

ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਰੋਕਾਂ ਦੇ ਮੱਦੇਨਜ਼ਰ ਅਤੇ ਸੋਸ਼ਲ ਡਿਸਟੈਂਸਿੰਗ ਨੂੰ ਧਿਆਨ 'ਚ ਰਖਦੇ ਹੋਏ ਹਰ ਧਰਨੇ ਵਿਚ ਯੂਥ ਕਾਂਗਰਸ ਦੇ 5 ਨੁਮਾਇੰਦੇ ਹੀ ਸ਼ਾਮਲ ਹੋਣਗੇ। ਕੇਂਦਰ ਦੀ ਮੋਦੀ ਸਰਕਾਰ, ਅਕਾਲੀ ਆਗੂ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਤੇ ਵਰਦਿਆਂ ਢਿੱਲੋਂ ਨੇ ਕਿਹਾ ਕਿ ਇਕ ਪਾਸੇ ਤਾਂ ਬੀਬਾ ਹਰਸਿਮਰਤ ਕਿਸਾਨ ਮਾਰੂ ਆਰਡੀਨੈਂਸ 'ਤੇ ਹਸਤਾਖ਼ਰ ਕਰਕੇ ਅਪਣੀ ਰਜ਼ਾਮੰਦੀ ਦਿੰਦੇ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਪਤੀ ਸੁਖਬੀਰ ਸਿੰਘ ਬਾਦਲ ਝੂਠੀਆਂ ਕੁਰਬਾਨੀਆਂ ਦੇ ਦਿਲਾਸੇ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਜੇ ਅਕਾਲੀ ਦਲ ਅਤੇ ਹਰਸਿਮਰਤ ਕੌਰ ਬਾਦਲ ਸੱਚਮੁੱਚ ਹੀ ਕਿਸਾਨਾਂ ਦਾ ਭਲਾ ਚਾਹੁੰਦੇ ਹਨ ਤਾਂ ਉਹ ਮੋਦੀ ਸਰਕਾਰ ਨੂੰ ਅਜਿਹਾ ਕਾਲਾ ਕਾਨੂੰਨ ਲਿਆਉਣ ਤੋਂ ਰੋਕਣ। ਢਿੱਲੋਂ ਨੇ ਕਿਹਾ ਕਿ ਜਦੋਂ ਦੀ ਮੋਦੀ ਸਰਕਾਰ ਸੱਤਾ ਵਿਚ ਆਈ ਹੈ ਤਾਂ ਦੇਸ਼ ਦੇ ਨਾਗਰਿਕਾਂ ਨਾਲ ਨੋਟਬੰਦੀ, ਜੀਐਸਟੀ ਅਤੇ ਹੋਰ ਬੇਹੁਦਾ ਤਰੀਕਿਆਂ ਨਾਲ ਵੱਖ-ਵੱਖ ਤਰ੍ਹਾਂ ਦੇ ਪ੍ਰਯੋਗ ਹੀ ਕਰ ਰਹੀ ਹੈ।