ਸਿੱਖਾਂ ਨੂੰ ਸ਼ੱਕ ਦੀ ਨਜ਼ਰ ਨਾਲ ਨਾ ਦੇਖਣ ਦੇਸ਼ ਦੀਆਂ ਏਜੰਸੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਦੇਸ਼ ਦੀ ਸੇਵਾ 'ਚ 18 ਸਾਲ ਲਾਉਣ ਵਾਲੇ ਫ਼ੌਜੀ ਨੂੰ ਅੱਧੀ ਰਾਤ ਪੁਲਿਸ ਲੈਣ ਆ ਗਈ

Sikh

ਚੰਡੀਗੜ੍ਹ, 2 ਅਗੱਸਤ (ਸਪੋਕਸਮੈਨ ਸਮਾਚਾਰ ਸੇਵਾ): ਦੇਸ਼ ਦੀ ਆਜ਼ਾਦੀ ਦੇ ਸੰਘਰਸ਼ 'ਚ ਸਿੱਖਾਂ ਨੇ 80 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਕੀਤੀਆਂ ਤੇ ਸੁਪਨਾ ਦੇਖਿਆ ਕਿ ਆਜ਼ਾਦੀ ਤੋਂ ਬਾਅਦ ਉਨ੍ਹਾਂ ਨੂੰ ਬਣਦਾ ਮਾਣ-ਸਨਮਾਨ ਮਿਲੇਗਾ ਪਰ ਅਜਿਹਾ ਨਾ ਹੋਇਆ ਬਲਕਿ ਸਿੱਖਾਂ ਨੂੰ 'ਅਤਿਵਾਦੀ' ਤਕ ਗਰਦਾਨ ਦਿਤਾ ਗਿਆ। ਇਹ ਸਾਰਾ ਕੁੱਝ ਕੱਟੜ ਹਿੰਦੂ ਸੋਚ ਵਾਲੇ ਲੋਕਾਂ ਦੇ ਇਸ਼ਾਰੇ 'ਤੇ ਹੋਇਆ। ਅਨੇਕਾਂ ਸਿੱਖ ਤੇ ਮੁਸਲਿਮ ਬੁਧੀਜੀਵੀਆਂ ਨੇ ਸਰਕਾਰਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਸਰਕਾਰਾਂ ਦੇ ਖ਼ਾਨੇ 'ਚ ਇਕ ਨਾ ਪਈ। ਹੁਣ ਇਹੀ ਗੱਲ ਸਰਕਾਰ ਤੇ ਏਜੰਸੀਆਂ ਨੂੰ ਇਕ ਸਾਬਕਾ ਫ਼ੌਜੀ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।

ਖ਼ਾਲਿਸਤਾਨ ਪੱਖੀ ਸਿਖਜ਼ ਫ਼ਾਰ ਜਸਟਿਸ ਨੇ ਅਪਣੇ ਯੂ-ਟਿਊਬ ਚੈਨਲ 'ਤੇ ਇਕ ਸਾਬਕਾ ਸਿੱਖ ਫ਼ੌਜੀ ਦੀ ਵੀਡੀਉ ਅਪਲੋਡ ਕੀਤੀ ਹੈ। ਇਸ ਵੀਡੀਉ ਰਾਹੀਂ ਉਕਤ ਸਾਬਕਾ ਸਿੱਖ ਫ਼ੌਜੀ ਵਲੋਂ ਭਾਰਤ ਸਰਕਾਰ ਅਤੇ ਭਾਰਤ ਦੀਆਂ ਏਜੰਸੀਆਂ ਨੂੰ ਸਿੱਖਾਂ 'ਤੇ ਸ਼ੱਕ ਨਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।   ਚੈਨਲ 'ਤੇ ਅਪਲੋਡ ਕੀਤੀ ਗਈ ਇਹ ਵੀਡੀਉ ਜੰਮੂ ਦੀ ਦੱਸੀ ਜਾ ਰਹੀ ਹੈ, ਜਿਸ ਵਿਚ ਸਿੱਖ ਵਿਅਕਤੀ ਭਾਵਪੂਰਤ ਲਹਿਜੇ ਵਿਚ ਕਹਿ ਰਿਹਾ ਹੈ ਕਿ ਜੇ ਭਾਰਤ ਦੀ ਸਰਕਾਰ ਅਤੇ ਏਜੰਸੀਆਂ ਭਾਰਤ ਦੀਆਂ ਸਰਹੱਦਾਂ ਦੀ ਰਾਖੀ ਲਈ 18 ਸਾਲ ਡਟੇ ਰਹਿਣ ਵਾਲੇ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖ ਰਹੀਆਂ ਹਨ ਤਾਂ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸਰਕਾਰ ਤੇ ਏਜੰਸੀਆਂ ਇਸ ਦੇਸ਼ ਵਿਚ ਰਹਿ ਰਹੇ ਸਿੱਖ ਨੌਜਵਾਨਾਂ ਨਾਲ ਕਿਹੋ-ਜਿਹਾ ਸਲੂਕ ਕਰਦੀਆਂ ਹੋਣਗੀਆਂ।

ਉਕਤ ਵਿਅਕਤੀ ਨੇ ਵੀਡੀਉ ਵਿਚ ਦਸਿਆ ਹੈ ਕਿ ਉਹ ਹੁਣ ਤਕ ਦੇਸ਼ ਦੀ ਰਾਖੀ ਲਈ ਕਈ ਸਰਹੱਦਾਂ 'ਤੇ ਤੈਨਾਤ ਰਹਿ ਚੁਕਾ ਹੈ, ਜਿਸ ਤਹਿਤ 1984 ਦੌਰਾਨ ਉਸ ਨੇ ਅਪਰੇਸ਼ਨ ਮੇਘਦੂਤ ਦੌਰਾਨ ਸਿਆਚਿਨ ਗਲੇਸ਼ੀਅਰ 'ਤੇ ਦੇਸ਼ ਦੀ ਰਖਿਆ ਕੀਤੀ ਤੇ 1999 'ਚ ਕਾਰਗਿਲ ਯੁੱਧ ਦੌਰਾਨ ਵੀ ਉਹ ਪਾਕਿਸਤਾਨ ਵਿਰੁਧ ਡਟਿਆ ਰਿਹਾ। ਇਸ ਨਾਲ ਹੀ ਉਹ ਦੇਸ਼ ਦੀ ਸੱਭ ਤੋਂ ਵੱਡੀ ਫ਼ੋਰਸ ਰਾਸ਼ਟਰੀ ਰਾਈਫ਼ਲਜ਼ ਵਿਚ ਰਹਿ ਕੇ 4 ਸਾਲ ਬਡਗਾਮ ਜ਼ਿਲ੍ਹੇ ਅੰਦਰ ਖ਼ਤਰਨਾਕ ਹਾਲਾਤ ਵਿਚ ਦੇਸ਼ ਦੀ ਸੇਵਾ ਵੀ ਕਰ ਚੁਕਾ ਹੈ ਪਰ ਹੁਣ ਸੁਰੱਖਿਆ ਏਜੰਸੀਆਂ ਵਲੋਂ ਉਸ ਨੂੰ ਵੀ ਸ਼ੱਕ ਦੀ ਨਿਗਾਹ ਨਾਲ ਦੇਖਿਆ ਜਾ ਰਿਹਾ ਹੈ।

ਉਕਤ ਸਾਬਕਾ ਸਿੱਖ ਫ਼ੌਜੀ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਰਾਤ ਸਮੇਂ ਉਸ ਦੇ ਘਰ ਪੁਲਿਸ ਦੇ ਕੁੱਝ ਅਧਿਕਾਰੀਆਂ ਨੇ ਆ ਕੇ ਉਸ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਸ ਨੇ ਇਕ ਇੱਜ਼ਤਦਾਰ ਨਾਗਕਿ ਹੋਣ ਦੇ ਨਾਤੇ ਰਾਤ ਸਮੇਂ ਥਾਣੇ ਜਾਣ ਤੋਂ ਇਨਕਾਰ ਕਰ ਦਿਤਾ। ਸਵੇਰੇ ਜਦੋਂ ਉਹ ਕੁੱਝ ਹੋਰ ਜਥੇਬੰਦੀਆਂ ਦੇ ਆਗੂਆਂ ਨੂੰ ਲੈ ਕੇ ਥਾਣੇ ਗਿਆ ਤਾਂ ਪੁਲਿਸ ਅਧਿਕਾਰੀ ਰਾਤ ਸਮੇਂ ਉਸ ਨੂੰ ਥਾਣੇ ਲਿਜਾਣ ਦੀ ਕੋਸ਼ਿਸ਼ ਕਰਨ ਪਿੱਛੇ ਕੋਈ ਵੀ ਠੋਸ ਕਾਰਨ ਨਹੀਂ ਦੱਸ ਸਕੇ।

ਉਕਤ ਸਾਬਕਾ ਫ਼ੌਜੀ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖਾਂ ਨੂੰ ਸ਼ੱਕ ਦੀ ਨਿਗਾਹ ਨਾਲ ਦੇਖਣਾ ਬੰਦ ਕਰੇ ਅਤੇ ਹੁਣ ਜਿਸ ਢੰਗ ਨਾਲ ਸਿੱਖਾਂ ਨੂੰ ਮੁੜ ਬਿਨਾਂ ਵਜ੍ਹਾ ਪ੍ਰੇਸ਼ਾਨ ਕਰਨਾ ਸ਼ੁਰੂ ਕੀਤਾ ਜਾ ਰਿਹਾ ਹੈ, ਉਸ ਵਲ ਦੇਖ ਕੇ ਉਨ੍ਹਾਂ ਨੂੰ ਇਹ ਮਹਿਸੂਸ ਹੋ ਰਿਹਾ ਹੈ ਕਿ ਇਹ ਏਜੰਸੀਆਂ ਮੁੜ ਸਿੱਖਾਂ 'ਤੇ ਅਤਿਆਚਾਰ ਕਰਨ ਵਰਗਾ ਮਾਹੌਲ ਤਿਆਰ ਕਰ ਰਹੀਆਂ ਹਨ।