104 ਲੋਕਾਂ ਦੀ ਮੌਤ ਮਗਰੋਂ ਜ਼ਹਿਰੀਲੀ ਸ਼ਰਾਬ ਕਾਂਡ ਵਿਰੁਧ ਅੰਦਰੋਂ ਬਾਹਰੋਂ ਉਠਣ ਲਗੀਆਂ ਜ਼ੋਰਦਾਰ ਅਵਾਜ਼ਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਵਨੀਤ ਸਿੰਘ ਬਿੱਟੂ ਨੇ ਸਿਆਸੀ ਲੋਕਾਂ ਵਿਰੁਧ ਵੀ ਕਾਰਵਾਈ ਦੀ ਕੀਤੀ ਮੰਗ, ਅਸ਼ਵਨੀ ਸੇਖੜੀ ਨੇ ਕਾਂਗਰਸ ਦੇ ਵੱਡੇ ਨੇਤਾ ਵਲ ਹੀ ਉਠਾਈ ਉਂਗਲੀ

Ravneet Singh Bittu and Raja Warring

ਚੰਡੀਗੜ੍ਹ, 2 ਅਗੱਸਤ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮਾਝਾ ਖੇਤਰ ਦੇ ਤਿੰਨ ਜ਼ਿਲ੍ਹਿਆਂ ਵਿਚ ਹੋਏ ਜ਼ਹਿਰੀਲੀ ਸ਼ਰਾਬ ਕਾਂਡ ਵਿਚ ਵੱਡੀ ਗਿਣਤੀ ਵਿਚ ਮੌਤਾਂ ਹੋਣ ਬਾਅਦ ਭਾਵੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਬਕਾਰੀ ਤੇ ਕਰ ਵਿਭਾਗ ਦੇ 7 ਅਤੇ ਪੁਲਿਸ ਦੇ 6 ਅਧਿਕਾਰੀਆਂ ਨੂੰ ਮੁਅੱਤਲ ਕੀਤਾ ਹੈ ਅਤੇ ਇਸ ਤੋਂ ਪਹਿਲਾਂ ਜੁਡੀਸ਼ੀਅਲ ਜਾਂਚ ਦੇ ਹੁਕਮ ਵੀ ਦਿਤੇ ਹਨ ਪਰ ਇਸ ਕਾਰਵਾਈ 'ਤੇ ਵਿਰੋਧੀ ਧਿਰ ਨੇ ਤਾਂ ਕੀ ਸ਼ਾਂਤ ਹੋਣਾ ਸੀ ਬਲਕਿ ਕਾਂਗਰਸ ਅੰਦਰ ਹੀ ਇਸ ਕਾਰਵਾਈ ਨੂੰ ਲੈ ਕੇ ਆਵਾਜ਼ਾਂ ਉਠਣੀਆਂ ਸ਼ੁਰੂ ਹੋ ਗਈਆਂ ਹਨ।

ਕਾਂਗਰਸ ਦੇ ਕਈ ਪ੍ਰਮੁੱਖ ਆਗੂ ਵੀ ਇਸ ਕਾਰਵਾਈ ਨੂੰ ਲੈ ਕੇ ਸੰਤੁਸ਼ਟ ਨਹੀਂ। ਕਈ ਆਗੂਆਂ ਨੇ ਤਾਂ ਸਿਰਫ਼ ਅਫ਼ਸਰਾਂ ਨੂੰ ਨਿਸ਼ਾਨਾ ਬਣਾਉਣ ਦੀ ਥਾਂ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਕਾਰੋਬਾਰ ਕਰਨ ਵਾਲਿਆਂ ਨੂੰ ਸ਼ਹਿ ਦੇਣ ਵਾਲੇ ਸਿਆਸੀ ਆਗੂਆਂ ਵਿਰੁਧ ਕਾਰਵਾਈ ਦੀ ਮੰਗ ਉਠਾਈ ਜਾ ਰਹੀ ਹੈ। ਇਸ ਕਾਰਨ ਸੱਤਾਧਾਰੀ ਪਾਰਟੀ ਦੇ ਲੋਕਾਂ ਵਲ ਹੀ ਉਂਗਲਾਂ ਉਠ ਰਹੀਆਂ ਹਨ।

ਕਾਂਗਰਸ ਦੇ ਅਪਣੇ ਹੀ ਆਗੂਆਂ ਵਲੋਂ ਸਿਆਸੀ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੇ ਜਾਣ ਨਾਲ ਮੁੱਖ ਮੰਤਰੀ ਲਈ ਕਸੂਤੀ ਸਥਿਤੀ ਪੈਦਾ ਹੋ ਰਹੀ ਹੈ। ਜਿਥੇ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਸਿਆਸੀ ਲੋਕਾਂ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ, ਉਥੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਤਾਂ ਅਫ਼ਸਰਾਂ ਦੀ ਮੁਅੱਤਲੀ ਦੀ ਥਾਂ ਉਨ੍ਹਾਂ ਨੂੰ ਡਿਸਮਿਸ ਕਰਨ ਤੇ ਜ਼ਹਿਰੀਲੀ ਸ਼ਰਾਬ ਬਣਾਉਣ ਦਾ ਕਾਰੋਬਾਰ ਕਰਨ ਵਾਲਿਆਂ ਵਿਰੁਧ ਕਤਲ ਦੇ ਮੁਕੱਦਮੇ ਦਰਜ ਕਰਨ ਦੀ ਮੰਗ ਕੀਤੀ ਹੈ।

ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਹਾਈ ਕੋਰਟ ਦੇ ਸਿਟਿੰਗ ਜੱਜ ਦੀ ਜਾਂਚ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਕਾਂਗਰਸੀ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਤਾਂ ਸਿਆਸੀ ਲੋਕਾਂ 'ਤੇ ਕਾਰਵਾਈ ਦੀ ਮੰਗ ਕਰਨ ਸਮੇਂ ਕਿਸੇ ਦਾ ਸਿੱਧੇ ਤੌਰ 'ਤੇ ਨਾਂ ਨਹੀਂ ਲਿਆ ਪਰ ਸਾਬਕਾ ਵਿਧਾਇਕ ਤੇ ਮਾਝੇ ਦੇ ਸੀਨੀਅਰ ਕਾਂਗਰਸ ਅਸ਼ਵਨੀ ਸੇਖੜੀ ਨੇ ਤਾਂ ਪਾਰਟੀ ਦੇ ਇਕ ਸੀਨੀਅਰ ਨੇਤਾ ਵੱਲ ਸਿੱਧੀ ਉਂਗਲ ਉਠਾਈ ਹੈ।

ਉਨ੍ਹਾਂ ਕਿਹਾ ਕਿ ਮਨਮਰਜ਼ੀ ਦੇ ਪੁਲਿਸ ਅਫ਼ਸਰ ਲਵਾਉਣ ਦਾ ਹੀ ਨਤੀਜਾ ਹੈ ਕਿ ਉਹ ਡਿਊਟੀ ਵਿਚ ਲਾਪ੍ਰਵਾਹੀ ਕਰਦੇ ਹਨ ਤੇ ਕਿਸੇ ਦੀ ਪ੍ਰਵਾਹ ਨਹੀਂ ਕਰਦੇ। ਇਸ ਲਈ ਬਟਾਲਾ ਵਿਚ ਅਜਿਹੇ ਪੁਲਿਸ ਅਫ਼ਸਰ ਲਵਾਉਣ ਵਾਲੇ ਨੇਤਾ ਵਿਰੁਧ ਵੀ ਕਾਰਵਾਈ ਹੋਣੀ ਚਾਹੀਦੀ ਹੈ। ਰਵਨੀਤ ਸਿੰਘ ਬਿੱਟੂ ਨੇ ਵੀ ਟਵੀਟ ਕਰ ਕੇ ਕਿਹਾ ਕਿ ਸਿਰਫ਼ 5 ਜਾਂ 7 ਅਫ਼ਸਰਾਂ ਵਿਰੁਧ ਕਾਰਵਾਈ ਕਰ ਕੇ ਕੁੱਝ ਨਹੀਂ ਹੋਣਾ ਬਲਕਿ ਜ਼ਹਿਰੀਲੀ ਸ਼ਰਾਬ ਬਣਾਉਣ ਵਾਲਿਆਂ ਦੀ ਅਸਲ ਜੜ੍ਹ ਤਾਂ ਸਿਆਸੀ ਲੋਕਾਂ ਵਿਚ ਹੈ, ਜਿਨ੍ਹਾਂ ਵਿਰੁਧ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਅਜਿਹਾ ਕਾਂਡ ਨਾ ਵਾਪਰੇ।

ਜ਼ਹਿਰੀਲੀ ਸ਼ਰਾਬ ਨਾਲ ਮੌਤਾਂ ਦੀ ਗਿਣਤੀ 104 ਤਕ ਪੁੱਜੀ

ਤਿੰਨ ਜ਼ਿਲ੍ਹਿਆਂ ਵਿਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲਿਆਂ ਦੀ ਗਿਣਤੀ 104 ਤਕ ਪਹੁੰਚ ਗਈ ਹੈ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਤਾਜ਼ਾ ਅੰਕੜਿਆਂ ਦੀ ਪੁਸ਼ਟੀ ਕੀਤੀ ਹੈ। ਜਾਰੀ ਇਨ੍ਹਾਂ ਅੰਕੜਿਆਂ ਮੁਤਾਬਕ ਸੱਭ ਤੋਂ ਵੱਧ 80 ਮੌਤਾਂ ਤਰਨਤਾਰਨ ਜ਼ਿਲ੍ਹੇ ਵਿਚ ਹੋਈਆਂ। ਅੰਮ੍ਰਿਤਸਰ ਦਿਹਾਤੀ ਤੇ ਬਟਾਲਾ ਵਿਚ ਹੁਣ ਤਕ ਤਸਦੀਕ ਮੌਤਾਂ ਦੀ ਗਿਣਤੀ 12-12 ਹੈ। ਤਰਨਤਾਰਨ ਸੱਭ ਤੋਂ ਵੱਧ ਮੌਤਾਂ ਥਾਣਾ ਸਿਟੀ ਦੇ ਖੇਤਰ ਵਿਚ 39 ਹੋਈਆਂ ਹਨ।

ਥਾਣਾ ਸਦਰ ਖੇਤਰ ਵਿਚ 30 ਤੇ ਥਾਣਾ ਗੋਇੰਦਵਾਲ ਖੇਤਰ ਵਿਚ 11 ਮੌਤਾਂ ਹੋਈਆਂ ਹਨ। ਅੰਮ੍ਰਿਤਸਰ ਦਿਹਾਤੀ ਅਧੀਨ ਆਉਂਦੇ ਥਾਣਾ ਤਰਸਿੱਕਾ ਦੇ ਖੇਤਰ ਵਿਚ 11, ਥਾਣਾ ਖਿਲਚੀਆਂ ਖੇਤਰ ਵਿਚ 1 ਅਤੇ ਇਸੇ ਤਰ੍ਹਾਂ ਬਟਾਲਾ ਅਧੀਨ ਪੈਂਦੇ ਸਿਟੀ ਥਾਣੇ ਵਿਚ 10 ਅਤੇ ਸਿਵਲ ਲਾਈਨ ਥਾਣੇ ਦੇ ਇਲਾਕੇ ਵਿਚ 2 ਮੌਤਾਂ ਹੋਈਆਂ। ਹਾਲੇ ਮੌਤਾਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਕਈ ਵਿਅਕਤੀ ਹਾਲੇ ਇਲਾਜ ਅਧੀਨ ਹੈ।

ਸ਼ਰਾਬ ਕਾਂਡ ਵਿਚ ਅਧਿਕਾਰੀਆਂ ਦੀ ਮੁਅੱਤਲੀ ਕੋਈ ਕਾਰਵਾਈ ਨਹੀਂ: ਸੁਖਦੇਵ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਨੇ ਮੁੱਖ ਮੰਤਰੀ ਵਲੋਂ ਜ਼ਹਿਰੀਲੀ ਸ਼ਰਾਬ ਕਾਂਡ ਵਿਚ ਆਬਕਾਰੀ ਤੇ ਪੁਲਿਸ ਅਧਿਕਾਰੀਆਂ ਦੀ ਮੁਅੱਤਲੀ ਬਾਰੇ ਕਿਹਾ ਕਿ ਇਹ  ਤਾਂ ਕੋਈ ਕਾਰਵਾਈ ਨਾ ਹੋਈ। ਇਸ ਗ਼ੈਰ ਕਾਨੂੰਨੀ ਕਾਰੋਬਾਰ ਪਿਛੇ ਕੰਮ ਕਰਦੇ ਅਸਲੀ ਲੋਕਾਂ ਵਿਰੁਧ ਕਾਰਵਾਈ ਦੀ ਲੋੜ ਹੈ। ਢੀਂਡਸਾ ਨੇ ਮੁੱਖ ਮੰਤਰੀ ਵਲੋਂ ਐਲਾਨੀ ਜੁਡੀਸ਼ੀਅਲ ਜਾਂਚ ਨੂੰ ਨਾ ਮੰਜ਼ੂਰ ਕਰਦਿਆਂ ਹਾਈ ਕੋਰਟ ਦੇ ਕਿਸੇ ਸਿਟਿੰਗ ਜੱਜ ਰਾਹੀਂ ਜਾਂਚ ਦੀ ਮੰਗ ਕੀਤੀ ਹੈ।

ਉਨ੍ਹਾਂ ਕਿਹਾ ਕਿ ਇਸ ਕਾਂਡ ਲਈ ਕੈਪਟਨ ਸਰਕਾਰ ਜ਼ਿੰਮੇਵਾਰ ਹੈ। ਜੇ ਪਿਛਲੇ ਸਮੇਂ ਵਿਚ ਖੰਨਾ, ਰਾਜਪੁਰਾ ਤੇ ਲੁਧਿਆਣਾ ਵਿਚ ਫੜੀਆਂ ਨਕਲੀ ਸ਼ਰਾਬ ਫ਼ੈਕਟਰੀਆਂ ਨਾਲ ਸਬੰਧਤ ਵੱਡੇ ਰਸੂਖ਼ਦਾਰ ਲੋਕਾਂ ਵਿਰੁਧ ਕਾਰਵਾਈ ਕੀਤੀ ਹੁੰਦੀ ਤਾਂ ਮੌਜੂਦਾ ਜ਼ਹਿਰੀਲੀ ਸ਼ਰਾਬ ਕਾਂਡ ਨਾ ਵਾਪਰਦਾ। ਉਨ੍ਹਾਂ ਕਿਹਾ ਕਿ ਸਿਆਸੀ ਲੋਕਾਂ ਦੀ ਮਿਲੀਭੁਗਤ ਬਿਨਾਂ ਅਜਿਹੇ ਕਾਰੋਬਾਰ ਨਹੀਂ ਹੋ ਸਕਦੇ।