ਭਾਈ ਮੰਡ ਨੇ ਦੋ ਮੰਤਰੀ ਤੇ ਤਿੰਨ ਵਿਧਾਇਕਾਂ ਨੂੰ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ ਦਿਤਾ

ਏਜੰਸੀ

ਖ਼ਬਰਾਂ, ਪੰਜਾਬ

ਭਾਈ ਮੰਡ ਨੇ ਦੋ ਮੰਤਰੀ ਤੇ ਤਿੰਨ ਵਿਧਾਇਕਾਂ ਨੂੰ ਸਪੱਸ਼ਟੀਕਰਨ ਦੇਣ ਲਈ ਇਕ ਹੋਰ ਮੌਕਾ ਦਿਤਾ

image

ਭਾਈ ਮੰਡ ਨੇ ਹੁਣ 11 ਅਗੱਸਤ ਨੂੰ ਤਲਬ ਕੀਤੇ, ਕਿਹਾ, ਇਹ ਆਖ਼ਰੀ ਮੌਕਾ ਹੋਵੇਗਾ 

ਅੰਮਿ੍ਰਤਸਰ, 2 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਅਕਾਲ ਤਖ਼ਤ ਸਾਹਿਬ ਦੇ ਮੁਤਵਾਜ਼ੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਨੇ ਅੱਜ ਪੰਜਾਬ ਸਰਕਾਰ ਦੇ ਦੋ ਮੰਤਰੀਆਂ ਤਿ੍ਰਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਤਿੰਨ ਵਿਧਾਇਕਾਂ ਹਰਮਿੰਦਰ ਸਿੰਘ ਗਿੱਲ, ਕੁਸ਼ਲਦੀਪ ਸਿੰਘ ਢਿੱਲੋ ਅਤੇ ਕੁਲਬੀਰ ਸਿੰਘ ਜ਼ੀਰਾ ਨੂੰ ਸਪੱਸ਼ਟੀਕਰਨ ਲਈ ਇਕ ਹੋਰ ਮੌਕਾ ਦਿਤਾ ਹੈ। ਹੁਣ ਉਕਤ ਨੂੰ ਭਾਈ ਮੰਡ ਨੇ 11 ਅਗੱਸਤ ਨੂੰ ਪੇਸ਼ ਹੋਣ ਲਈ ਤਲਬ ਕੀਤਾ ਹੈ। 
ਅਕਾਲ ਤਖ਼ਤ ਸਾਹਿਬ ਨਤਮਸਤਕ ਹੋਣ ਤੋਂ ਬਾਅਦ ਬਾਹਰ ਸਕੱਤਰੇਤ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਧਿਆਨ ਸਿੰਘ ਮੰਡ ਨੇ ਦਸਿਆ ਕਿ ਇਨ੍ਹਾਂ ਮੰਤਰੀਆਂ ਅਤੇ ਵਿਧਾਇਕਾਂ ਦੁਆਰਾ ਬੇਅਦਬੀ ਇਨਸਾਫ਼ ਮੋਰਚੇ ਨੂੰ ਸਮਾਪਤ ਕਰਵਾਇਆ ਸੀ ਕਿ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕਰਨ ਵਾਲੇ ਦੋਸ਼ੀਆਂ ਨੂੰ ਬੇਪਰਦ ਕਰ ਕੇ ਇਨਸਾਫ਼ ਦਿਵਾਉਣਗੇ ਪਰ ਉਹ ਵਾਅਦਾ ਪੂਰਾ ਕਰਨ ਵਿਚ ਬੁਰੀ ਤਰ੍ਹਾਂ ਅਸਫ਼ਲ ਰਹੇ। ਇਨ੍ਹਾਂ ਨੇ ਬੇਅਦਬੀ ਦੇ ਇਨਸਾਫ਼ ਨੂੰ ਮਜ਼ਾਕ ਅਤੇ ਸਮੁੱਚੀ ਸਿੱਖ ਕੌਮ ਨਾਲ ਧੋਖਾ ਕੀਤਾ ਹੈ। ਇਸ ਕਾਰਨ ਅੱਜ ਇਨ੍ਹਾਂ ਨੂੰ (2 ਅਗੱਸਤ 2021) ਤਲਬ ਕੀਤਾ ਸੀ ਪਰ ਉਨ੍ਹਾਂ ਹੁਕਮਾਂ ਦੀ ਤਾਮੀਲ ਨਹੀਂ ਕੀਤੀ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਉਨ੍ਹਾਂ ਅੰਦਰ ਗੁਰੂ ਦਾ ਡਰ ਅਤੇ ਸਤਿਕਾਰ ਨਹੀਂ ਰਹਿ ਗਿਆ। ਉਹ ਵਾਅਦਾ ਖਿਲਾਫ਼ੀ ਨੂੰ ਕਬੂਲ ਅਤੇ ਸਰਕਾਰ ਤਾਕਤ ਦੇ ਨਸ਼ੇ ਵਿਚ ਪੰਥਕ ਪ੍ਰੰਪਰਾਵਾਂ ਦੀ ਉਲੰਘਣਾ ਕਰ ਰਹੇ ਹਨ। ਭਾਈ ਮੰਡ ਨੇ ਸਪੱਸ਼ਟ ਕੀਤਾ ਕਿ ਅਕਾਲ ਤਖ਼ਤ ਸਾਹਿਬ ਦੁਨੀਆਵੀ ਅਦਾਲਤ ਨਹੀਂ ਪਰ ਹਰ ਸਿੱਖ ਨੂੰ ਮੌਕਾ ਦਿੰਦਾ ਹੈ ਕਿ ਉਹ ਗੁਰੂ ਦੀ ਸ਼ਰਨ ਵਿਚ ਆਵੇ। ਭਾਈ ਮੰਡ ਨੇ ਹੁਣ 11 ਅਗੱਸਤ ਨੂੰ ਅਕਾਲ ਤਖ਼ਤ ਸਾਹਿਬ ਪੇਸ਼ ਹੋ ਕੇ ਲਿਖਤੀ ਸਪੱਸ਼ਟੀਕਰਨ ਦੇਣ ਲਈ ਸੱਦਿਆ ਹੈ। ਇਹ ਆਖ਼ਰੀ ਮੌਕਾ ਹੈ। ਪੇਸ਼ ਨਾ ਹੋਣ ’ਤੇ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪ੍ਰੰਪਰਾਵਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਜਰਨੈਲ ਸਿੰਘ ਸਖੀਰਾ ਤੋਂ ਇਲਾਵਾ ਬਾਬਾ ਹਿੰਮਤ ਸਿੰਘ, ਬਾਬਾ ਗੁਰਸੇਵਕ ਸਿੰਘ, ਬਾਬਾ ਹਰਬੰੰਸ ਸਿੰਘ ਆਦਿ ਮੌਜੂਦ ਸਨ।