ਭਾਰੀ ਸੁਰੱਖਿਆ ਹੇਠ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਦਾਲਤ ’ਚ ਪੇਸ਼, ਵਧਿਆ ਰਿਮਾਂਡ

ਏਜੰਸੀ

ਖ਼ਬਰਾਂ, ਪੰਜਾਬ

ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਗੈਂਗਸਟਰ ਨਿੱਕੂ ਖੱਡਰੀਆ ਨੂੰ ਪੁਲਿਸ ਨੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਚਮਿਆਰੀ ’ਚੋਂ ਗ੍ਰਿਫ਼ਤਾਰ ਕੀਤਾ ਸੀ

Gangster Preet Sekhon

ਅਜਨਾਲਾ : ਪਿਛਲੇ ਦਿਨੀਂ ਪੁਲਿਸ ਥਾਣਾ ਅਜਨਾਲਾ ਅਧੀਨ ਆਉਂਦੇ ਪਿੰਡ ਚਮਿਆਰੀ ਤੋਂ ਭਾਰੀ ਪੁਲਿਸ ਫੋਰਸ ਵੱਲੋਂ ਕਾਬੂ ਕੀਤੇ ਗਏ ਨਾਮੀ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ, ਜਰਮਨਜੀਤ ਨਿੱਕਾ ਖਡੂਰੀਆ ਤੇ ਗੁਰਲਾਲ ਸਿੰਘ ਦਾ 5 ਦਿਨਾਂ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਉਹਨਾਂ ਨੂੰ ਅਜਨਾਲਾ ਦੀ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ।

ਇਸ ਸਬੰਧੀ ਪੁਲਿਸ ਥਾਣਾ ਅਜਨਾਲਾ ਦੇ ਐੱਸ. ਐੱਚ. ਓ. ਇੰਸਪੈਕਟਰ ਮੋਹਿਤ ਕੁਮਾਰ ਨੇ ਦੱਸਿਆ ਕਿ ਮਾਨਯੋਗ ਅਦਾਲਤ ਵੱਲੋਂ ਗੈਂਗਸਟਰ ਪ੍ਰੀਤ ਸੇਖੋਂ ਅਤੇ ਨਿੱਕਾ ਖਡੂਰੀਆ ਨੂੰ 3 ਦਿਨਾਂ ਪੁਲਿਸ ਰਿਮਾਂਡ ‘ਤੇ ਦੁਬਾਰਾ ਭੇਜਿਆ ਗਿਆ ਹੈ, ਜਦੋਂਕਿ ਉਨ੍ਹਾਂ ਦੇ ਇੱਕ ਸਾਥੀ ਗੁਰਲਾਲ ਸਿੰਘ ਨੂੰ ਜੁਡੀਸ਼ੀਅਲ ਰਿਮਾਂਡ ‘ਤੇ ਭੇਜਿਆ ਗਿਆ ਹੈ।

ਇਥੇ ਦੱਸਣਯੋਗ ਹੈ ਕਿ ਪੰਜਾਬ ਪੁਲਿਸ ਲਈ ਸਿਰਦਰਦੀ ਬਣ ਚੁੱਕੇ ਖ਼ਤਰਨਾਕ ਗੈਂਗਸਟਰ ਪ੍ਰੀਤ ਸੇਖੋਂ ਅੰਮ੍ਰਿਤਸਰੀਆ ਅਤੇ ਗੈਂਗਸਟਰ ਨਿੱਕੂ ਖੱਡਰੀਆ ਨੂੰ ਪੁਲਿਸ ਨੇ ਮੰਗਲਵਾਰ ਨੂੰ ਅਜਨਾਲਾ ਦੇ ਪਿੰਡ ਚਮਿਆਰੀ ’ਚ ਉਸ ਵੇਲੇ ਗ੍ਰਿਫ਼ਤਾਰ ਕੀਤਾ ਸੀ ਜਦੋਂ ਉਹ ਇਕ ਘਰ ਵਿਚ ਲੁਕਿਆ ਬੈਠਾ ਸੀ।

ਇਸ ਦੌਰਾਨ ਪੁਲਿਸ ਨੇ 7-8 ਫਾਇਰ ਵੀ ਕੀਤੇ। ਪੁਲਿਸ ਨੂੰ ਮੁਲਜ਼ਮਾਂ ਕੋਲੋਂ 5 ਪਿਸਤੌਲ, ਰਾਈਫਲ ਅਤੇ ਕਾਰਤੂਸ ਵੀ ਬਰਾਮਦ ਹੋਏ ਸਨ। ਗੈਂਗਸਟਰਾਂ ਨੂੰ ਦਬੋਚਣ ਲਈ ਕੀਤੇ ਗਏ ਆਪਰੇਸ਼ਨ ਵਿਚ ਓਕੂ (ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ) ਚੰਡੀਗੜ੍ਹ ਤੋਂ ਇਲਾਵਾ 6 ਥਾਣਿਆਂ ਦੇ ਅਧਿਕਾਰੀਆਂ ਸਮੇਤ 300 ਤੋਂ ਵੱਧ ਜਵਾਨ ਸ਼ਾਮਲ ਸਨ।