ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ 

ਏਜੰਸੀ

ਖ਼ਬਰਾਂ, ਪੰਜਾਬ

ਨਸਲੀ ਹਿੰਸਾ ਦਾ ਸ਼ਿਕਾਰ ਬੀਬੀਆਂ ਦੇ ਹੱਕ 'ਚ ਆਏ ਹਰਜੀਤ ਸਿੰਘ ਸੱਜਣ 

image


ਕਿਹਾ, ਅਸੀਂ ਨਫ਼ਰਤ ਨੂੰ  ਜਿੱਤਣ ਨਹੀ ਦੇਵਾਂਗੇ

ਸਰੀ, 2 ਅਗੱਸਤ : ਹਾਲ ਹੀ ਵਿਚ ਕੈਨੇਡਾ ਦੇ ਸਰੀ ਵਿਖੇ ਨਸਲੀ ਹਿੰਸਾ ਦਾ ਸ਼ਿਕਾਰ ਹੋਈਆਂ ਪੰਜਾਬੀ ਬਜ਼ੁਰਗ ਬੀਬੀਆਂ ਦੇ ਸਮਰਥਨ ਵਿਚ ਕੈਨੇਡਾ ਦੇ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਦਾ ਬਿਆਨ ਆਇਆ ਹੈ | ਉਨ੍ਹਾਂ ਕਿਹਾ ਕਿ ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ  ਅਸੀਂ ਅਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ | 
ਉਨ੍ਹਾਂ ਨੇ ਪੰਜਾਬੀ ਵਿਚ ਟਵੀਟ ਕਰਦਿਆਂ ਕਿਹਾ ਕਿ,''ਪੰਜਾਬੀ ਖੁੱਲ੍ਹ ਕੇ ਬੋਲਣ, ਚਾਹੇ ਉਹ ਘਰ, ਪਾਰਕ ਜਾਂ ਕਿਤੇ ਵੀ ਹੋਣ | ਸੌੜੀ ਤੇ ਬਿਮਾਰ ਮਾਨਸਿਕਤਾ ਦੇ ਲੋਕਾਂ ਨੂੰ  ਅਸੀਂ ਅਪਣੀ ਭਾਸ਼ਾ ਦੀਆਂ ਮਜ਼ਬੂਤ ਜੜ੍ਹਾਂ ਨਹੀਂ ਕੱਟਣ ਦੇਵਾਂਗੇ | ਇਹ ਸਾਡਾ ਘਰ ਹੈ | ਇਹ ਤੁਹਾਡਾ ਘਰ ਹੈ | ਅਸੀਂ ਨਫ਼ਰਤ ਨੂੰ  ਜਿੱਤਣ ਨਹੀ ਦੇਣਾ |'' ਕੈਨੇਡਾ ਦੇ ਸਿੱਖ ਰਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੇ ਅੱਗੇ ਲਿਖਿਆ ਕਿ,''ਮੈਂ ਵਾਅਦਾ ਕਰਦਾ ਹਾਂ ਕਿ ਤੁਸੀਂ ਤੇ ਅਸੀਂ ਮਿਲ ਕੇ ਨਫ਼ਰਤ ਫੈਲਾਉਣ ਵਾਲਿਆਂ ਨੂੰ  ਜਿੱਤਣ ਨਹੀ ਦੇਵਾਂਗੇ |''
  ਦਰਅਸਲ ਬੀਤੇ ਦਿਨੀਂ ਸਰੀ ਦੇ ਐਸਪਨ ਪਾਰਕ ਵਿਚ ਬੈਠੀਆਂ ਪੰਜਾਬੀ ਬਜ਼ੁਰਗ ਬੀਬੀਆਂ ਨੂੰ  ਨਸਲੀ ਹਿੰਸਾ ਦਾ ਸਾਹਮਣਾ ਕਰਨਾ ਪਿਆ | ਇਨ੍ਹਾਂ ਬੀਬੀਆਂ ਦਾ ਕਹਿਣਾ ਹੈ ਕਿ ਜਦੋਂ ਉਹ ਪਾਰਕ ਵਿਚ ਬੈਠੀਆਂ ਸਨ ਤਾਂ ਇਕ ਜੋੜੇ ਨੇ ਉਨ੍ਹਾਂ ਨੂੰ  ਬਹੁਤ ਗ਼ਲਤ ਬੋਲਿਆ ਅਤੇ ਉਨ੍ਹਾਂ ਉਤੇ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਸੀ ਅਤੇ 
ਉਨ੍ਹਾਂ ਨੂੰ  'ਭਾਰਤ ਵਾਪਸ ਜਾਣ' ਲਈ ਕਿਹਾ | ਇਸ ਤੋਂ ਇਲਾਵਾ ਉੱਥੇ ਖੇਡ ਰਹੇ ਬੱਚਿਆਂ ਉਤੇ ਵੀ ਕੂੜਾ ਸੁਟਿਆ ਗਿਆ | ਇਸ ਤੋਂ ਬਾਅਦ ਬਜ਼ੁਰਗ ਬੀਬੀਆਂ ਘਬਰਾ ਗਈਆਂ | 
  ਸਥਾਨਕ ਪੰਜਾਬੀ ਭਾਈਚਾਰੇ ਵਲੋਂ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਗਈ | ਦੱਸ ਦਈਏ ਕਿ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਵਿਦੇਸ਼ਾਂ ਵਿਚ ਵਸਦੇ ਪੰਜਾਬੀ ਭਾਈਚਾਰੇ ਨੂੰ  ਨਸਲੀ ਹਿੰਸਾ ਦਾ ਸ਼ਿਕਾਰ ਹੋਣਾ ਪਿਆ ਹੋਵੇ | ਇਸ ਤੋਂ ਪਹਿਲਾਂ ਵੀ ਕਈ ਵਾਰ ਵਿਦੇਸ਼ਾਂ ਵਿਚ ਸਿੱਖਾਂ ਨਾਲ ਨਸਲੀ ਵਿਤਕਰਾ ਕੀਤਾ ਗਿਆ ਹੈ |