‘ਮੇਰੇ ਬੱਚੇ ਦੀ ਖ਼ਾਤਰ ਸਾਡੀ ਨਿੱਜਤਾ ਦਾ ਸਨਮਾਨ ਕਰੋ’

ਏਜੰਸੀ

ਖ਼ਬਰਾਂ, ਪੰਜਾਬ

‘ਮੇਰੇ ਬੱਚੇ ਦੀ ਖ਼ਾਤਰ ਸਾਡੀ ਨਿੱਜਤਾ ਦਾ ਸਨਮਾਨ ਕਰੋ’

image

ਮੁੰਬਈ, 2 ਅਗੱਸਤ : ਅਸ਼ਲੀਲ ਫ਼ਿਲਮਾਂ ਬਣਾਉਣ ਅਤੇ ੳਨ੍ਹਾਂ ਨੂੰ ਐਪ ’ਤੇ ਪ੍ਰਕਾਸ਼ਤ ਕਰਨ ਦੇ ਮਾਮਲੇ ਵਿਚ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਪੁਲਿਸ ਹਿਰਾਸਤ ਵਿਚ ਹਨ। ਇਸ ਮਾਮਲੇ ਨੂੰ ਲੈ ਕੇ ਸ਼ਿਲਪਾ ਸ਼ੈਟੀ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ਜਾਰੀ ਕੀਤਾ ਹੈ। ਉਨ੍ਹਾਂ ਲਿਖਿਆ, ‘ਪਿਛਲੇ ਕੱੁਝ ਦਿਨ ਹਰ ਮੋਰਚੇ ’ਤੇ ਚੁਣੌਤੀ ਭਰੇ ਰਹੇ ਹਨ। ਕਈ ਤਰ੍ਹਾਂ ਦੀਆਂ ਅਫ਼ਵਾਹਾਂ ਅਤੇ ਆਰੋਪ ਲੱਗੇ। ਮੀਡੀਆ ਅਤੇ ਕੁੱਝ ਸ਼ੁੱਭਚਿੰਤਕਾਂ ਵਲੋਂ ਮੇਰੇ ਉੱਤੇ ਕਈ ਆਰੋਪ ਲਗਾਏ ਗਏ। ਨਾ ਸਿਰਫ਼ ਮੈਨੂੰ ਬਲਕਿ ਮੇਰੇ ਪ੍ਰਵਾਰ ਨੂੰ ਵੀ ਟਰੋਲ ਕੀਤਾ ਗਿਆ। ਅਨੇਕਾਂ ਸਵਾਲ ਕੀਤੇ ਗਏ। ਮੈਂ ਅਜੇ ਤਕ ਇਸ ਬਾਰੇ ਕੋਈ ਟਿਪਣੀ ਨਹੀਂ ਕੀਤੀ ਅਤੇ ਮੈਂ ਇਸ ਤੋਂ ਬਚਣਾ ਜਾਰੀ ਰੱਖਾਂਗੀ। ਸ਼ਿਲਪਾ ਸ਼ੈਟੀ ਨੇ ਅੱਗੇ ਲਿਖਿਆ, ‘ਕਿਰਪਾ ਕਰ ਕੇ ਮੇਰੇ ਵਲੋਂ ਝੂਠੇ ਬਿਆਨ ਨਾ ਦਿਉ। ਮੈਂ ਸਿਰਫ਼ ਇਹੀ ਕਹਾਂਗੀ ਕਿ ਇਹ ਜਾਂਚ ਚੱਲ ਰਹੀ ਹੈ। ਮੈਨੂੰ ਮੁੰਬਈ ਪੁਲਿਸ ਅਤੇ ਭਾਰਤੀ ਨਿਆਂਪਾਲਿਕਾ ਉੱਤੇ ਪੂਰਾ ਭਰੋਸਾ ਹੈ’।
ਅਦਾਕਾਰਾ ਨੇ ਅੱਗੇ ਲਿਖਿਆ ਕਿ ਇਕ ਪ੍ਰਵਾਰ ਦੇ ਰੂਪ ਵਿਚ ਅਸੀਂ ਅਪਣੇ ਉਪਲਬਧ ਕਾਨੂੰਨੀ ਉਪਾਵਾਂ ਦਾ ਸਹਾਰਾ ਲੈ ਰਹੇ ਹਾਂ ਪਰ ਉਦੋਂ ਤਕ ਮੈਂ ਖ਼ਾਸ ਤੌਰ ’ਤੇ ਇਕ ਮਾਂ ਹੋਣ ਦੇ ਨਾਤੇ ਤੁਹਾਨੂੰ ਨਿਮਰਤਾ ਸਹਿਤ ਬੇਨਤੀ ਕਰਦੀ ਹਾਂ ਕਿ ਕਿ੍ਰਪਾ ਕਰ ਕੇ ਮੇਰੇ ਬੱਚੇ ਦੀ ਖਾਤਿਰ ਸਾਡੀ ਨਿੱਜਤਾ ਦਾ ਸਨਮਾਨ ਕਰੋ। ਇਸ ਦੇ ਨਾਲ ਹੀ ਅਧੂਰੀ ਜਾਣਕਾਰੀ ਦੇ ਨਾਲ ਬਿਨ੍ਹਾਂ ਕਿਸੇ ਜਾਂਚ ਤੋਂ ਟਿਪਣੀ ਕਰਨ ਤੋਂ ਬਚੋ। ਸ਼ਿਲਪਾ ਨੇ ਕਿਹਾ ਕਿ ਮੈਂ ਪਿਛਲੇ 29 ਸਾਲ ਤੋਂ ਅਪਣੇ ਪੇਸ਼ੇ ਵਿਚ ਮਿਹਨਤ ਕਰ ਰਹੀ ਹਾਂ ਅਤੇ ਕਾਨੂੰਨ ਦਾ ਪਾਲਣ ਕਰਨ ਵਾਲੀ ਭਾਰਤੀ ਨਾਗਰਿਕ ਹਾਂ, ਜਿਨ੍ਹਾਂ ਲੋਕਾਂ ਨੇ ਮੇਰੇ ਉੱਤੇ ਯਕੀਨ ਰਖਿਆ ਹੈ, ਮੈਂ ਕਦੀ ਕਿਸੇ ਨੂੰ ਨਿਰਾਸ਼ ਨਹੀਂ ਕੀਤਾ। ਇਸ ਲਈ ਮੈਂ ਇਸ ਸਮੇਂ ਮੇਰੇ ਪ੍ਰਵਾਰ ਅਤੇ ਮੇਰੇ ਨਿੱਜਤਾ ਦੇ ਅਧਿਕਾਰ ਦਾ ਸਨਮਾਨ ਕਰਨ ਦੀ ਅਪੀਲ ਕਰਦੀ ਹਾਂ।     (ਏਜੰਸੀ)