ਫਰੀਦਕੋਟ ਪੁਲਿਸ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਮ 'ਤੇ ਫਿਰੌਤੀ ਮੰਗਣ ਵਾਲੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੁਲਜ਼ਮ ਨੇ 1 ਲੱਖ 20 ਹਜ਼ਾਰ ਦੀ ਮੰਗੀ ਸੀ ਫਿਰੌਤੀ

photo

 

ਫਰੀਦਕੋਟ: ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦੇ ਨਾਂ 'ਤੇ 1 ਲੱਖ 20 ਹਜ਼ਾਰ ਦੀ ਫਿਰੌਤੀ ਮੰਗਣ ਅਤੇ ਨਾ ਦੇਣ 'ਤੇ ਪੁੱਤਰ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਵਾਲੇ ਪੱਤਰ ਭੇਜਣ 'ਤੇ ਥਾਣਾ ਸਦਰ ਦੀ ਪੁਲਿਸ ਨੇ ਪਿੰਡ ਘੁਗਿਆਣਾ ਦੇ ਇਕ ਵਿਅਕਤੀ ਨੂੰ  ਗ੍ਰਿਫਤਾਰ ਕੀਤਾ ਹੈ। ਪਿੰਡ ਘੁਗਿਆਣਾ ਦੇ ਵਸਨੀਕ ਜਗਦੀਪ ਸਿੰਘ ਵੱਲੋਂ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਗਿਆ ਕਿ ਜਦੋਂ ਉਹ 20 ਜੁਲਾਈ ਨੂੰ ਸਵੇਰੇ 6 ਵਜੇ ਦੇ ਕਰੀਬ ਆਪਣਾ ਟਰੈਕਟਰ ਸਟਾਰਟ ਕਰਨ ਲੱਗਾ ਤਾਂ ਉਸ ਨੂੰ ਟਰੈਕਟਰ ਦੀ ਸੀਟ ’ਤੇ ਹੱਥ ਨਾਲ ਲਿਖਿਆ ਹੋਇਆ ਪੱਤਰ ਮਿਲਿਆ।

 

ਚਿੱਠੀ ਲਿਖਣ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਦੱਸਦਿਆਂ ਇੱਕ ਲੱਖ ਦੀ ਫਿਰੌਤੀ ਮੰਗੀ ਸੀ। ਚਿੱਠੀ ਮਿਲਣ ਤੋਂ ਬਾਅਦ ਉਸ ਨੇ ਇਸ ਨੂੰ ਪਾਗਲਾਂ ਦਾ ਕੰਮ ਸਮਝ ਕੇ ਇਸ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ। ਕੁਝ ਦਿਨਾਂ ਬਾਅਦ 25 ਜੁਲਾਈ ਨੂੰ ਉਸ ਨੂੰ ਉਸ ਦੇ ਗੇਟ ਦੇ ਵਿਚਕਾਰੋਂ ਉਸੇ ਪੰਜਾਬੀ ਵਿਚ ਲਿਖਿਆ ਇਕ ਹੋਰ ਪੱਤਰ ਮਿਲਿਆ, ਜਿਸ ਵਿਚ ਚਿੱਠੀ ਲਿਖਣ ਵਾਲੇ ਨੇ ਉਸ ਦੇ ਪੁੱਤਰ ਜਸਕਰਨ ਸਿੰਘ ਨੂੰ 1 ਲੱਖ 20 ਰੁਪਏ ਦੀ ਫਿਰੌਤੀ ਨਾ ਦੇਣ 'ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ।

 

 

ਇਸ ਘਟਨਾ ਦੇ 6 ਦਿਨ ਬਾਅਦ 31 ਜੁਲਾਈ ਦੀ ਸ਼ਾਮ ਨੂੰ ਉਸ ਨੂੰ ਫਿਰ ਤੋਂ ਉਸੇ ਹਿੰਦੀ ਵਿਚ ਲਿਖੀ ਚਿੱਠੀ ਮਿਲੀ, ਜਿਸ ਵਿਚ  ਫਿਰ 1 ਲੱਖ 20 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ, ਇਹ ਪੈਸੇ ਪਿੰਡ ਵਾਸੀ ਕਰਨ ਸਿੰਘ ਦੇ ਖੇਤ ਵਿਚ ਲਗਾਈ ਗਈ ਬੇਰੀ ਦੇ ਦਰੱਖਤ ਹੇਠ ਪਈਆਂ ਇੱਟਾਂ ਹੇਠਾਂ ਰੱਖਣ ਦੀ ਗੱਲ ਕਹੀ ਗਈ।

ਜਦੋਂ ਸ਼ਿਕਾਇਤਕਰਤਾ ਮਿੱਥੇ ਸਮੇਂ 'ਤੇ ਉਕਤ ਸਥਾਨ 'ਤੇ ਪਹੁੰਚਿਆ ਤਾਂ ਉਸ ਨੂੰ ਪਿੰਡ ਦਾ ਸੁਖਪ੍ਰੀਤ ਸਿੰਘ ਸ਼ੱਕੀ ਹਾਲਤ 'ਚ ਘੁੰਮਦਾ ਦੇਖਿਆ। ਸ਼ਿਕਾਇਤਕਰਤਾ ਨੂੰ ਸ਼ੱਕ ਹੈ ਕਿ ਸੁਖਪ੍ਰੀਤ ਨੇ ਫਿਰੌਤੀ ਦੀ ਧਮਕੀ ਭਰੀ ਚਿੱਠੀ ਲਿਖੀ ਸੀ। ਇਸ ਸ਼ਿਕਾਇਤ ’ਤੇ ਪੁਲਿਸ ਨੇ ਸੁਖਪ੍ਰੀਤ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੱਸ ਦੇਈਏ ਕਿ ਗੈਂਗਸਟਰ ਲਾਰੇਂਸ ਬਿਸ਼ਨੋਈ ਇਸ ਸਮੇਂ ਮੋਗਾ ਪੁਲਿਸ ਕੋਲ ਰਿਮਾਂਡ 'ਤੇ ਹੈ।