ਵਿਭਾਗੀ ਕੰਮਕਾਜ ਵਿਚ ਬੇਨਿਯਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ : ਲਾਲ ਚੰਦ ਕਟਾਰੂਚੱਕ

ਏਜੰਸੀ

ਖ਼ਬਰਾਂ, ਪੰਜਾਬ

ਵਿਭਾਗੀ ਕੰਮਕਾਜ ਵਿਚ ਬੇਨਿਯਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ : ਲਾਲ ਚੰਦ ਕਟਾਰੂਚੱਕ

image

ਚੰਡੀਗੜ੍ਹ, 3 ਅਗੱਸਤ (ਸੱਤੀ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਹਰ ਵਿਭਾਗ ਵਿਚ ਪੂਰਨ ਪਾਰਦਰਸ਼ਤਾ ਅਪਣਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ ਤਾਂ ਜੋ ਸੂਬੇ ਦੇ ਲੋਕਾਂ ਨੂੰ ਇਕ ਸਾਫ਼-ਸੁਥਰਾ ਪ੍ਰਸ਼ਾਸਨਿਕ ਢਾਂਚਾ ਮੁਹਈਆ ਕਰਵਾਇਆ ਜਾ ਸਕੇ। ਇਸੇ ਤਹਿਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਵਿਚ ਵੀ ਬੇਨਿਯਾਮੀਆਂ ਵਿਰੁਧ ਜ਼ੀਰੋ ਸਹਿਣਸ਼ੀਲਤਾ ਦੀ ਨੀਤੀ ਅਪਣਾਈ ਜਾ ਰਹੀ ਹੈ ਕਿਉਂ ਜੋ ਇਹ ਵਿਭਾਗ ਸੂਬੇ ਦੇ ਅਰਥਚਾਰੇ ਨਾਲ ਬਹੁਤ ਡੂੰਘਾਈ ਨਾਲ ਜੁੜਿਆ ਹੈ। ਬੇਨਿਯਾਮੀਆਂ ਕਰਨ ਵਾਲੇ ਅਧਿਕਾਰੀਆਂ ਵਿਰੁਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਹ ਵਿਚਾਰ ਸੂਬੇ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਸਥਾਨਕ ਸੈਕਟਰ-39 ਦੇ ਅਨਾਜ ਭਵਨ ਵਿਖੇ ਸਮੂਹ ਜ਼ਿਲ੍ਹਾ ਖੁਰਾਕ ਸਪਲਾਈ ਕੰਟਰੋਲਰਾਂ ਅਤੇ ਡਿਪਟੀ ਡਾਇਰੈਕਟਰਾਂ ਨਾਲ ਇਕ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਸ ਮੌਕੇ ਉਨ੍ਹਾਂ ਕਿਹਾ ਕਿ ਵਿਭਾਗ ਦੇ ਜੋ ਵੀ ਬਕਾਇਆ ਮਸਲੇ ਹਨ, ਉਨ੍ਹਾਂ ਦਾ ਸਮੇਂ ਸਿਰ ਨਿਪਟਾਰਾ ਕੀਤਾ ਜਾਵੇ ਤਾਂ ਜੋ ਵਿਭਾਗੀ ਕੰਮਕਾਜ ਵਿਚ ਕੋਈ ਖੜੋਤ ਨਾ ਆਵੇ। ਉਨ੍ਹਾਂ ਕਿਹਾ ਕਿ ਫ਼ੂਡ ਸੇਫ਼ਟੀ ਐਂਡ ਸਟੈਂਡਰਡਜ਼ ਅਥਾਰਟੀ ਆਫ਼ ਇੰਡੀਆ (ਐਫਐਸਐਸਏਆਈ) ਤੋਂ ਲਾਇਸੰਸ ਹਾਸਲ ਕਰਨ ਲਈ ਅਰਜ਼ੀਆਂ ਇਕ ਹਫ਼ਤੇ ਦੇ ਸਮੇਂ ਅੰਦਰ ਹਰ ਹਾਲਤ ਵਿਚ ਭੇਜ ਦਿਤੀਆਂ ਜਾਣ। ਉਨ੍ਹਾਂ ਇਹ ਵੀ ਨਿਰਦੇਸ਼ ਦਿਤੇ ਕਿ ਗੋਦਾਮਾਂ ਵਿਚ ਮੌਜੂਦ ਸਟਾਕ ਦੀ ਨਿਜੀ ਤੌਰ ’ਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸਟਾਕ ਰਜਿਸਟਰ ਵਿਚ ਦਰਜ ਵਸਤਾਂ ਦਾ ਮੌਜੂਦਾ ਸਟਾਕ ਨਾਲ ਮੇਲ ਖਾਣਾ ਬਹੁਤ ਅਹਿਮ ਹੈ। ਇਸ ਸਬੰਧੀ ਰਿਪੋਰਟਾਂ ਸਮੇਂ ਸਿਰ ਭੇਜੇ ਜਾਣ ’ਤੇ ਵੀ ਉਨ੍ਹਾਂ ਨੇ ਜ਼ੋਰ ਦਿਤਾ।  ਮੰਤਰੀ ਨੇ ਇਸ ਮੌਕੇ ਮੌਜੂਦ ਅਫ਼ਸਰਾਂ ਨੂੰ ਆਪੋ-ਅਪਣੇ ਜ਼ਿਲ੍ਹਿਆਂ ਵਿਚ ਵਰਕਰ ਮੈਨੇਜਮੈਂਟ ਕਮੇਟੀਆਂ ਨੂੰ ਮਜ਼ਬੂਤ ਕਰਨ ਉਤੇ ਜ਼ੋਰ ਦਿਤਾ ਤਾਂ ਜੋ ਵਰਕਰਾਂ ਦੇ ਮਸਲਿਆਂ ਦਾ ਨਿਪਟਾਰਾ ਕਰ ਕੇ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕੀਤਾ ਜਾ ਸਕੇ। ਉਨ੍ਹਾਂ ਇਹ ਵੀ ਕਿਹਾ ਕਿ ਮੰਡੀਆਂ ਵਿਚ ਕਲਸਟਰਾਂ ਦੀ ਸਥਾਪਨਾ ਵਿਚ ਇਕਸੁਰਤਾ ਹੋਣੀ ਚਾਹੀਦੀ ਹੈ ਅਤੇ ਕਿਸੇ ਵੀ ਕਲਸਟਰ ਦੀ ਸਮਰਥਾ 50,000 ਮੀਟਿ੍ਰਕ ਟਨ ਤੋਂ ਵੱਧ ਨਾ ਹੋਵੇ।