ਫ਼ਿਰਕੂ ਫ਼ਾਸ਼ੀਵਾਦ ਤਾਕਤਾਂ ਵਿਰੁਧ ਮਿਲ ਕੇ ਲੜਾਈ ਲੜੀ ਜਾਵੇ : ਯੇਚੁਰੀ

ਏਜੰਸੀ

ਖ਼ਬਰਾਂ, ਪੰਜਾਬ

ਫ਼ਿਰਕੂ ਫ਼ਾਸ਼ੀਵਾਦ ਤਾਕਤਾਂ ਵਿਰੁਧ ਮਿਲ ਕੇ ਲੜਾਈ ਲੜੀ ਜਾਵੇ : ਯੇਚੁਰੀ

image

ਚੰਡੀਗੜ੍ਹ, 3 ਅਗੱਸਤ (ਭੁੱਲਰ) : ਸੀਪੀਆਈ (ਐਮ) ਦੇ ਜਨਰਲ ਸਕੱਤਰ ਰਹੇ ਸਵਰਗੀ ਨੇਤਾ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਦੀ 14ਵੀਂ ਬਰਸੀ ਸਥਾਨਕ ਭਕਨਾ ਭਵਨ ਵਿਖੇ ਮਨਾਈ ਗਈ। ਇਸ ਸ਼ਰਧਾਂਜਲੀ ਸਮਾਗਮ ’ਚ ਸੀਪੀਆਈ (ਐਮ) ਦੇ ਕੌਮੀ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਯੇਚੁਰੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਇਸ ਸ਼ਰਧਾਂਜਲੀ ਸਮਾਗਮ ਦੀ ਪ੍ਰਧਾਨਗੀ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਦਰਸ਼ਨ ਸਿੰਘ ਖਾਸਪੁਰ ਨੇ ਕੀਤੀ ਅਤੇ ਸਟੇਜ਼ ਸੰਚਾਲਕ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਭੂਪ ਚੰਦ ਚੰਨੋ ਨੇ ਕੀਤਾ। ਇਸ ਤੋਂ ਇਲਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ, ਸੀਪੀਆਈ ਦੇ ਪੰਜਾਬ ਦੇ ਸਕੱਤਰ ਕਾਮਰੇਡ ਬੰਤ ਸਿੰਘ ਬਰਾੜ ਤੇ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਮੈਂਬਰਾਂ ਨੇ ਪ੍ਰੋਗਰਾਮ ਸ਼ਿਰਕਤ ਕੀਤੀ।
ਇਸ ਦੌਰਾਨ ਸੰਬੋਧਨ ਕਰਦੇ ਹੋਏ ਕਾਮਰੇਡ ਸੀਤਾ ਰਾਮ ਯੇਚੁਰੀ ਨੇ ਕਿਹਾ ਕਿ ਅੱਜ ਦੇਸ਼ ਅੰਦਰ ਫ਼ਿਰਕੂ ਫ਼ਾਸ਼ੀਵਾਦੀ ਤਾਕਤਾਂ ਵਲੋਂ ਫ਼ਿਰਕੂ ਜ਼ਹਿਰ ਫੈਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫ਼ਿਰਕੂ ਜ਼ਹਿਰ ਫੈਲਾਉਣ ਵਾਲਿਆਂ ਵਿਰੁਧ ਲਾਮਬੰਦ ਹੋ ਕੇ ਲੜਾਈ ਲੜਨੀ ਹੋਵੇਗੀ। ਇਹੋ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਉਨ੍ਹਾਂ ਕਿਹਾ ਕਿ ਆਰਐਸਐਸ ਵਲੋਂ ਇਕ ਏਜੰਡੇ ਦੇ ਤਹਿਤ ਫ਼ਿਰਕਾਪ੍ਰਸਤੀ ਦਾ ਵਾਤਾਵਰਣ ਸਿਰਜਿਆ ਜਾ ਰਿਹਾ ਹੈ। ਇਸ ਦੀ ਜੱਦ ’ਚ ਘੱਟ ਗਿਣਤੀਆਂ ਨੂੰ ਲਿਆ ਜਾ ਰਿਹਾ ਹੈ। ਲੋਕਾਂ ਦੇ ਖਾਣ ਪੀਣ ਅਤੇ ਪਹਿਨਣ ’ਤੇ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਸੱਚ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲੀਂ ਡੱਕਿਆ ਜਾ ਰਿਹਾ ਹੈ। ਯੇਚੁਰੀ ਨੇ ਕਿਹਾ ਕਿ ਜਿਹੜੇ ਲੋਕਾਂ ਦਾ ਦੇਸ਼ ਦੀ ਆਜ਼ਾਦੀ ਦੀ ਲੜਾਈ ’ਚ ਉਕਾ ਯੋਗਦਾਨ ਨਹੀਂ ਹੈ, ਉਹ ਅੱਜ ਪਿਛਲੇ ਦਰਵਾਜ਼ੇ ਰਾਹੀਂ ਆਜ਼ਾਦੀ ਦੀ ਲੜਾਈ ’ਚ ਹਿੱਸੇਦਾਰੀ ਦਰਸਾਉਂਦੇ ਹੋਏ ਨਾਇਕ ਬਣਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਆਜ਼ਾਦੀ ਦੀ ਲੜਾਈ ’ਚ ਕਿਸ ਦੀ ਕੀ ਹਿੱਸੇਦਾਰੀ ਰਹੀ। ਉਨ੍ਹਾਂ ਕਿਹਾ ਕਿ ਭਾਜਪਾ-ਆਰਐਸਐਸ ਵੱਲੋਂ ਇਤਿਹਾਸ ਨੂੰ ਤਰੋੜ ਮਰੋੜ ਕੇ ਆਜ਼ਾਦੀ ਦੀ ਲੜਾਈ ’ਚ ਅਪਣੀ ਹਿੱਸੇਦਾਰੀ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੰਗਰੇਜ਼ ਹਕੂਮਤ ਦੀ ਸੀਆਈਡੀ ਨੇ ਜੋ ਰਿਪੋਰਟ ਬਰਤਾਨੀਆ ’ਚ ਭੇਜੀ ਸੀ, ਉਸ ’ਚ ਸਾਫ਼ ਲਿਖਿਆ ਗਿਆ ਸੀ ਕਿ ਆਰਐਸਐਸ (ਜਿਸ ਨੂੰ ਕਿ ਉਸ ਸਮੇਂ ਸੰਘ ਕਿਹਾ ਜਾਂਦਾ ਸੀ) ਵਲੋਂ ਅੰਗਰੇਜ ਹਕੂਮਤ ਵਿਰੁਧ ਕਿਸੇ ਵੀ ਧਰਨੇ ਪ੍ਰਦਰਸ਼ਨ ਦਾ ਵਿਰੋਧ ਨਹੀਂ ਕੀਤਾ ਗਿਆ ਅਤੇ ਨਾ ਹੀ ਇਸ ਹਕੂਮਤ ਵਲੋਂ ਬਣਾਏ ਗਏ ਕਾਨੂੰਨਾਂ ਦੀ, ਇਸ ਨੇ ਮੁਖਾਲਫ਼ਤ ਕੀਤੀ। ਦੂਜੇ ਪਾਸੇ ਇਸ ਰੀਪੋਰਟ ’ਚ ਲਿਖਿਆ ਗਿਆ ਸੀ ਕਿ ਕਮਿਊਨਿਸਟ ਬਰਤਾਨਵੀ ਹਕੂਮਤ ਦੇ ਕੱਟੜ ਵਿਰੋਧੀ ਹਨ। ਕਾਮਰੇਡ ਯੇਚੁਰੀ ਨੇ ਕਿਹਾ ਕਿ ਪਾਰਟੀ ਦੇ ਫ਼ੈਸਲੇ ਅਨੁਸਾਰ ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ 1 ਤੋਂ ਲੈ ਕੇ 15 ਅਗਸਤ ਤਕ ਦੇਸ਼ ਭਰ ’ਚ ਇਕ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ’ਚ ਆਰਐਸਐਸ ਵਲੋਂ ਆਜ਼ਾਦੀ ਦੀ ਲੜਾਈ ’ਚ ਉਸ ਵਲੋਂ ਪਾਏ ਗਏ ਯੋਗਦਾਨ ਪਾਉਣ ਦੇ ਝੂਠੇ ਦਾਅਵਿਆਂ ਨੂੰ ਨੰਗਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ 15 ਅਗਸਤ ਨੂੰ ਪਾਰਟੀ ਦੇ ਸਾਰੇ ਦਫ਼ਤਰਾਂ ’ਤੇ ਤਿਰੰਗੇ ਝੰਡੇ ਲਹਿਰਾਏ ਜਾਣਗੇ।
ਕਾਮਰੇਡ ਯੇਚੁਰੀ ਨੇ ਕਿਹਾ ਕਿ ਮੋਦੀ ਸਰਕਾਰ ਦੇ ਸੱਤਾ ’ਚ ਆਉਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ’ਤੇ ਗੰਭੀਰ ਹਮਲਾ ਹੋਇਆ ਹੈ। ਇਸ ਸਰਕਾਰ ਵਲੋਂ ਸੀਬੀਆਈ ਅਤੇ ਈਡੀ ਦੀ ਅਪਣੇ ਵਿਰੋਧੀਆਂ ਨੂੰ ਡਰਾਉਣ, ਦਬਾਉਣ ਅਤੇ ਅਪਣੇ ਨਾਲ ਜੋੜਨ ਲਈ ਖੁਲ੍ਹ ਕੇ ਦੁਰਵਰਤੋਂ ਕੀਤੀ ਜਾ ਰਹੀ ਹੈ। 
ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਕਾਮਰੇਡ ਸੁਖਵਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਜੇ ਅਸੀਂ ਵਿਚਾਰਧਾਰਕ ਤੌਰ ’ਤੇ ਫ਼ਿਰਕੂ ਕਾਰਪੋਰੇਟ ਗਠਜੋੜ ਨੂੰ ਨਿਖੇੜਨ ’ਚ ਕਾਮਯਾਬ ਹੋ ਜਾਂਦੇ ਹਾਂ ਤਾਂ ਇਹ ਕਾਮਰੇਡ ਸੁਰਜੀਤ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ। ਕਾਮਰੇਡ ਸੇਖੋਂ ਨੇ ਪੰਜਾਬ ਦੀ ਗੱਲ ਕਰਦਿਆਂ ਕਿਹਾ ਕਿ ਸੂਬੇ ਦੇ ਲੋਕਾਂ ਨੇ ਤੀਜੇ ਬਦਲ ਵਜੋਂ ਆਮ ਆਦਮੀ ਪਾਰਟੀ ਨੂੰ ਜਿਤਾ ਕੇ ਇਨ੍ਹਾਂ ਦੀ ਝੋਲੀ 92 ਸੀਟਾਂ ਪਾਈਆਂ ਪਰ ਇਹ ਪਾਰਟੀ ਲੋਕਾਂ ਦੀਆਂ ਆਸਾਂ ਉਮੀਦਾਂ ’ਤੇ ਖਰੀ ਨਹੀਂ ਉਤਰੀ। 
ਇਸ ਮੌਕੇ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਪਾਰਟੀ ਦੀ ਮਜ਼ਬੂਤ ਵਿਚਾਰਧਾਰਾ ਸਿਰਫ਼ ਕਮਿਊਨਿਸਟਾਂ ਕੋਲ ਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਕਿਸੇ ਵੀ ਚੁਣੌਤੀ ਦੀ ਹਿੰਮਤ ਅਤੇ ਦਲੇਰੀ ਨਾਲ ਟਾਕਰਾ ਕਰਨ ਦੀ ਪਿਰਤ ਕਾਇਮ ਰੱਖੀ ਹੈ। 

ਉਨ੍ਹਾਂ ਕਾਮਰੇਡ ਸੁਰਜੀਤ ਨਾਲ ਅਪਣੀਆਂ ਯਾਦਾਂ ਤਾਜ਼ਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕਾਮਰੇਡ ਸੁਰਜੀਤ ਦੇ ਨੇੜੇ ਰਹਿਣ ਦਾ ਬਹੁਤ ਮੌਕਾ ਮਿਲਿਆ। ਉਹ ਸਾਦਾ ਜ਼ਿੰਦਗੀ ਜਿਊਣ ਵਾਲੇ ਇਕ ਤੀਖਨ ਬੁੱਧੀ ਵਾਲੇ ਕਮਿਊਨਿਸਟ ਸਨ। ਇਸ ਦੌਰਾਨ ਕਾਮਰੇਡ ਯੇਚੁਰੀ ਨੇ ਕਾਮਰੇਡ ਸੁਰਜੀਤ ਦੀ ਯਾਦ ਵਿੱਚ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਅਤੇ ਦੋ ਕਿਤਾਬਾਂ ਵੀ ਰਿਲੀਜ਼ ਕੀਤੀਆਂ।