ਵਧਦੀਆਂ ਕੀਮਤਾਂ ਦੇ ਮੱਦੇਨਜ਼ਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਰਾਜ ਭਵਨ 'ਚ ਟਮਾਟਰ ਦੀ ਵਰਤੋਂ 'ਤੇ ਲਗਾਈ ਪਾਬੰਦੀ

ਏਜੰਸੀ

ਖ਼ਬਰਾਂ, ਪੰਜਾਬ

ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਵਿਚਕਾਰ ਰਾਜ ਭਵਨ 'ਚ ਟਮਾਟਰ ਦੀ ਵਰਤੋਂ 'ਤੇ ਫਿਲਹਾਲ ਪਾਬੰਦੀ ਲਗਾ ਦਿੱਤੀ ਹੈ। 

Banwarilal Purohit

ਚੰਡੀਗੜ੍ਹ : ਟਮਾਟਰ ਦੀਆਂ ਕੀਮਤਾਂ ਇੰਨੀਆਂ ਵੱਧ ਰਹੀਆਂ ਹਨ ਕਿ ਇਹ ਆਮ ਲੋਕਾਂ ਦੀ ਰਸੋਈ ਅਤੇ ਪਲੇਟ ਤੋਂ ਗਾਇਬ ਹੋ ਗਿਆ ਹੈ। ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਨੂੰ ਦੇਖਦੇ ਹੋਏ ਹੁਣ ਪੰਜਾਬ ਦੇ ਰਾਜਪਾਲ ਨੇ ਵੱਡਾ ਕਦਮ ਚੁੱਕਿਆ ਹੈ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਆਮ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਦੇ ਵਿਚਕਾਰ ਰਾਜ ਭਵਨ 'ਚ ਟਮਾਟਰ ਦੀ ਵਰਤੋਂ 'ਤੇ ਫਿਲਹਾਲ ਪਾਬੰਦੀ ਲਗਾ ਦਿੱਤੀ ਹੈ। 

ਰਾਜ ਭਵਨ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਟਮਾਟਰਾਂ ਦੀਆਂ ਲਗਾਤਾਰ ਵੱਧ ਰਹੀਆਂ ਕੀਮਤਾਂ ਕਾਰਨ ਇਹ ਕਦਮ ਚੁੱਕਿਆ ਗਿਆ ਹੈ। ਰਾਜਪਾਲ ਨੇ ਇਹ ਫ਼ੈਸਲਾ ਪੰਜਾਬ ਦੇ ਲੋਕਾਂ ਪ੍ਰਤੀ ਹਮਦਰਦੀ ਦਿਖਾਉਣ ਲਈ ਲਿਆ ਹੈ। ਰਾਜਪਾਲ ਪੁਰੋਹਿਤ ਨੇ ਕਿਹਾ ਕਿ ਜੇਕਰ ਕਿਸੇ ਵਸਤੂ ਦੀ ਵਰਤੋਂ ਬੰਦ ਕਰ ਦਿੱਤੀ ਜਾਂਦੀ ਹੈ ਤਾਂ ਮੰਗ ਦੀ ਕਮੀ ਕਾਰਨ ਉਸ ਦੀ ਕੀਮਤ ਹੇਠਾਂ ਆ ਜਾਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਜੋ ਨਾਗਰਿਕਾਂ ਨੂੰ ਸਾਧਨਾਂ ਦੀ ਸਹੀ ਵਰਤੋਂ ਕਰਨ ਲਈ ਕਿਹਾ ਜਾ ਸਕੇ।    

ਪਿਛਲੇ ਕੁਝ ਹਫ਼ਤਿਆਂ ਤੋਂ ਪੰਜਾਬ ਅਤੇ ਚੰਡੀਗੜ੍ਹ ਵਿਚ ਟਮਾਟਰਾਂ ਦੀ ਕੀਮਤ ਵਿਚ ਬੇਮਿਸਾਲ ਵਾਧਾ ਹੋਇਆ ਹੈ। ਟਮਾਟਰਾਂ ਦੀ ਕੀਮਤ ਵਧਣ ਦਾ ਕਾਰਨ ਸਪਲਾਈ ਦੀ ਕਮੀ ਅਤੇ ਮੌਸਮੀ ਹਾਲਾਤ ਦੱਸੀ ਗਈ ਹੈ। ਅਜਿਹੇ 'ਚ ਰਾਜਪਾਲ ਨੇ ਟਮਾਟਰਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਜਨਤਾ ਨੂੰ ਆ ਰਹੀਆਂ ਮੁਸ਼ਕਿਲਾਂ 'ਤੇ ਚਿੰਤਾ ਅਤੇ ਹਮਦਰਦੀ ਪ੍ਰਗਟਾਈ ਹੈ। ਆਪਣੇ ਨਿਵਾਸ ਸਥਾਨ 'ਤੇ ਟਮਾਟਰਾਂ ਦੀ ਖਪਤ 'ਤੇ ਪਾਬੰਦੀ ਲਗਾ ਕੇ, ਰਾਜਪਾਲ ਦਾ ਉਦੇਸ਼ ਇਨ੍ਹਾਂ ਚੁਣੌਤੀਪੂਰਨ ਸਮਿਆਂ ਵਿਚ ਸੰਸਾਧਨਾਂ ਦੀ ਨਿਮਰਤਾ ਅਤੇ ਨਿਆਂਪੂਰਨ ਵਰਤੋਂ ਦੀ ਮਹੱਤਤਾ ਵੱਲ ਧਿਆਨ ਖਿੱਚਣਾ ਹੈ।