ਗਰਮਖਿਆਲੀ ਖਾਨਪੁਰੀਆ ਨੂੰ ਐਨਆਈਏ ਕੋਰਟ ਨੇ ਸੌਣ ਲਈ ਗੱਦੇ ਇੰਗਲਿਸ਼ ਟਾਇਲਟ ਦੀ ਵਰਤੋਂ ਕਰਨ ਦੀ ਦਿਤੀ ਇਜਾਜ਼ਤ
ਇਹ ਫੈਸਲਾ ਮੁਹਾਲੀ ਦੀ ਐਨਆਈਏ ਕੋਰਟ ਦੀ ਸਪੈਸ਼ਲ ਜੱਜ ਮਨਜੋਤ ਕੌਰ ਨੇ ਸੁਣਾਇਆ।
ਮੁਹਾਲੀ- ਐਨਆਈਏ ਕੋਰਟ ਨੇ ਗਰਮਖਿਆਲੀ ਕੁਲਵਿੰਦਰਜੀਤ ਸਿੰਘ ਉਰਫ ਖਾਨਪੁਰੀਆ ਨੂੰ ਮੈਡੀਕਲ ਅਧਾਰ ’ਤੇ ਜੇਲ ਵਿਚ ਸੌਣ ਲਈ ਗੱਦਾ ਤੇ ਇੰਗਲਿਸ਼ ਟਾਇਲਟ ਸੀਟ ਇਸਤੇਮਾਲ ਕਰਨ ਦਾ ਨਿਰਦੇਸ਼ ਦਿਤਾ ਹੈ। ਇਹ ਫੈਸਲਾ ਮੁਹਾਲੀ ਦੀ ਐਨਆਈਏ ਕੋਰਟ ਦੀ ਸਪੈਸ਼ਲ ਜੱਜ ਮਨਜੋਤ ਕੌਰ ਨੇ ਸੁਣਾਇਆ।
ਜਾਣਕਾਰੀ ਮੁਤਾਬਿਕ ਗਰਮਖਿਆਲੀ ਖਾਨਪੁਰੀਆ ਨੇ ਅਪਣੇ ਵਕੀਲ ਦੇ ਜ਼ਰੀਏ ਕੁੱਝ ਮੈਡੀਕਲ ਗਰਾਊਂਡਰਸ ਦੇ ਚਲਦੇ ਕੋਰਟ ਵਿਚ ਅਰਜੀ ਲਗਾਈ ਸੀ ਕਿ ਉਹ ਜੇਲ ਦੀ ਬੈਰਕ ਵਿਚ ਬਿਨ੍ਹਾਂ ਗੱਦੇ ਤੋਂ ਸੌ ਨਹੀਂ ਸਕਦਾ ਹੈ ਅਤੇ ਨਾ ਹੀ ਜੇਲ ਦੀ ਇੰਡੀਅਨ ਟਾਇਲਟ ਸੀਟ ਦੀ ਵਰਤੋ ਕਰ ਸਕਦਾ ਹੈ ਜਿਸ ਦੇ ਚਲਦੇ ਉਨ੍ਹਾਂ ਕੋਰਟ ਵਿਚ ਸਰਕਾਰੀ ਹਸਪਤਾਲ ਦੀ ਰਿਪੋਰਟ ਵੀ ਲਗਾਈ ਸੀ। ਕੋਰਟ ਨੇ ਮੈਡੀਕਲ ਰਿਪੋਰਟਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਸ ਦੇ ਸੌਣ ਲਈ ਗੱਦੇ ਤੇ ਇੰਗਲਿਸ਼ ਟਾਇਲਟ ਸੀਟ ਦਾ ਇੰਤਜ਼ਾਮ ਕਰਨ ਦਾ ਨਿਰਦੇਸ਼ ਦਿਤਾ ਹੈ। ਉੱਥੇ ਹੀ ਕੋਰਟ ਨੇ ਅੱਜ ਸਰਕਾਰੀ ਗਵਾਹਾਂ ਨੂੰ ਵੀ ਅਗਲੀ ਤਰੀਕ ਲਈ ਬਾਊਂਡ ਡਾਊਨ ਕੀਤਾ ਹੈ।
NIA ਨੇ ਖਾਨਪੁਰੀਆ ਦੇ ਖਿਲਾਫ ਦਾਇਰ ਆਪਣੀ ਚਾਰਜਸ਼ੀਟ ਵਿੱਚ ਕਿਹਾ ਸੀ ਕਿ ਉਸ ਨੇ ਅਪਣੇ ਸਾਥੀਆਂ ਰਵਿੰਦਰਪਾਲ ਸਿੰਘ, ਜਗਦੇਵ ਸਿੰਘ ਅਤੇ ਹਰਚਰਨ ਸਿੰਘ ਨਾਲ ਮਿਲ ਕੇ ਇੱਕ ਵਿਆਪਕ ਅਪਰਾਧਿਕ ਸਾਜ਼ਿਸ਼ ਰਚੀ ਸੀ। ਇਹ ਸਾਜ਼ਿਸ਼ ਦੇਸ਼ 'ਚ ਵੱਡੇ ਪੱਧਰ 'ਤੇ ਅੱਤਵਾਦੀ ਹਮਲੇ ਅਤੇ ਦੇਸ਼ ਵਿਰੁੱਧ ਜੰਗ ਛੇੜਨ ਨਾਲ ਜੁੜੀ ਸੀ। ਇਸ ਦਾ ਉਦੇਸ਼ ਦੇਸ਼ ਵਿੱਚ ਅੱਤਵਾਦ ਦੀ ਖਾਲਿਸਤਾਨੀ ਲਹਿਰ ਨੂੰ ਮੁੜ ਸੁਰਜੀਤ ਕਰਨਾ ਅਤੇ ਹਿੰਸਕ ਸਾਧਨਾਂ ਰਾਹੀਂ ਖਾਲਿਸਤਾਨੀ ਦੇਸ਼ ਦੀ ਸਥਾਪਨਾ ਕਰਨਾ ਸੀ।
ਖਾਨਪੁਰੀਆ 'ਤੇ 5 ਲੱਖ ਰੁਪਏ ਦਾ ਇਨਾਮ ਸੀ। ਉਸ ਨੂੰ 18 ਨਵੰਬਰ 2022 ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਰੀਬ 3 ਸਾਲ ਪਹਿਲਾਂ ਇੰਟਰਪੋਲ ਨੇ ਉਸ ਦੇ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਸੀ। ਖਾਨਪੁਰੀਆ ਮੂਲ ਰੂਪ ਤੋਂ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਅਤੇ 2019 ਤੋਂ ਭਗੌੜਾ ਸੀ। ਉਹ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ, ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਦੇ ਮਾਮਲਿਆਂ ਵਿੱਚ ਲੋੜੀਂਦਾ ਸੀ। ਇਸ ਦੇ ਨਾਲ ਹੀ ਉਹ 90 ਦੇ ਦਹਾਕੇ 'ਚ ਦਿੱਲੀ ਦੇ ਕਨਾਟ ਪਲੇਸ 'ਚ ਗ੍ਰੇਨੇਡ ਹਮਲੇ ਦੀਆਂ ਘਟਨਾਵਾਂ 'ਚ ਵੀ ਸ਼ਾਮਲ ਦੱਸਿਆ ਜਾ ਰਿਹਾ ਹੈ।