Shiromani Akali Dal News: ਬਾਗ਼ੀ ਅਕਾਲੀ ਧੜੇ ਨੇ ਢੀਂਡਸਾ ਨੂੰ ਪਾਰਟੀ ’ਚੋਂ ਕੱਢਣ ਦਾ ਫ਼ੈਸਲਾ ਗ਼ੈਰ-ਸੰਵਿਧਾਨਕ ਕਰਾਰ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Shiromani Akali Dal News: ਕਿਹਾ, ਪਾਰਟੀ ਸੰਵਿਧਾਨ ਵਿਚ ਅਨੁਸ਼ਾਸਨੀ ਕਮੇਟੀ ਦੀ ਕੋਈ ਵਿਵਸਥਾ ਨਹੀਂ

The rebel Akali faction termed the decision to expel Dhindsa from the party as unconstitutional

 

Shiromani Akali Dal News:  ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੂੰ ਪਾਰਟੀ ਵਿਚੋਂ ਕੱਢਣ ਦੇ ਫ਼ੈਸਲੇ ਉਤੇ ਤਿੱਖੀ ਪ੍ਰਤੀਕਿ੍ਰਆ ਪ੍ਰਗਟ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦੇ ਆਗੂਆਂ ਨੇ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਅਨੁਸਾਸ਼ਨੀ ਕਮੇਟੀ ਵਿਚ ਕੋਈ ਵਿਵਸਥਾ ਹੀ ਨਹੀਂ ਹੈ ਇਸ ਲਈ ਇਸ ਵਲੋਂ ਲਏ ਜਾ ਰਹੇ ਸਾਰੇ ਫ਼ੈਸਲੇ ਹੀ ਗ਼ੈਰ ਕਾਨੂੰਨੀ ਤੇ ਰਿਵਾਇਤਾਂ ਤੋਂ ਉਲਟ ਹਨ।

ਸੁਧਾਰ ਲਹਿਰ ਦੇ ਸੀਨੀਅਰ ਆਗੂਆਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬੀਬੀ ਜਾਗੀਰ ਕੌਰ, ਬਲਦੇਵ ਸਿੰਘ ਮਾਨ, ਸੁੱਚਾ ਸਿੰਘ ਛੋਟੇਪੁੱਰ, ਭਾਈ ਮਨਜੀਤ ਸਿੰਘ, ਸੁਰਜੀਤ ਸਿੰਘ ਰੱਖੜਾ ਅਤੇ ਗਗਨਜੀਤ ਸਿੰਘ ਬਰਨਾਲਾ ਨੇ ਅੱਜ ਇਥੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਕਿਹਾ ਹੈ ਕਿ ਪਾਰਟੀ ਦੇ ਸੰਵਿਧਾਨ ਵਿਚ ਸਿਰਫ਼ ਵਰਕਿੰਗ ਕਮੇਟੀ ਤੇ ਰਾਜਸੀ ਮਾਮਲਿਆਂ ਬਾਰੇ ਕਮੇਟੀ ਤੋਂ ਬਿਨਾਂ ਕਿਸੇ ਹੋਰ ਕਮੇਟੀ ਦੀ ਵਿਵਸਥਾ ਹੀ ਨਹੀਂ ਹੈ।

ਉਨ੍ਹਾਂ ਕਿਹਾ ਕਿ ਜਦੋਂ ਕਥਿਤ ਅਨੁਸਾਸ਼ਨੀ ਕਮੇਟੀ ਖ਼ੁਦ ਹੀ ਗ਼ੈਰ ਸੰਵਿਧਾਨਕ ਹੈ ਤਾਂ ਉਸ ਵਲੋਂ ਲਏ ਗਏ ਕੋਈ ਵੀ ਫ਼ੈਸਲਾ ਸੰਵਿਧਾਨਕ ਕਿਵੇਂ ਹੋ ਸਕਦਾ ਹੈ। ਇਸ ਲਈ ਇਸ ਫ਼ੈਸਲੇ ਦੀ ਨਾ ਤਾਂ ਕੋਈ ਕਾਨੂੰਨੀ ਵੁੱਕਤ ਹੈ ਅਤੇ ਨਾ ਹੀ ਇਸ ਨੂੰ ਪਾਰਟੀ ਕੇਡਰ ਨੇ ਪ੍ਰਵਾਨ ਕੀਤਾ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪਾਰਟੀ ਦੇ ਸੰਵਿਧਾਨ ਵਿਚ ਕੋਰ ਕਮੇਟੀ ਦੀ ਵੀ ਕੋਈ ਵਿਵਸਥਾ ਨਹੀਂ ਹੈ।

ਉਨ੍ਹਾਂ ਕਿਹਾ ਮਹੇਸ਼ਇੰਦਰ ਸਿੰਘ ਗਰੇਵਾਲ ਵਲੋਂ ਪਾਰਟੀ ਦੇ “ਸਰਪਲੱਸ” ਹੋ ਚੁੱਕੇ ਆਗੂ ਨੂੰ “ਸਰਪ੍ਰਸਤ” ਦਾ ਆਨਰੇਰੀ ਅਹੁਦਾ ਦੇਣ ਦੇ ਦਿਤੇ ਗਏ ਤਰਕ ਨੂੰ ਅਸਲੋਂ ਹੀ ਬੋਦਾ ਤੇ ਥੋਥਾ ਕਰਾਰ ਦਿੰਦਿਆਂ, ਅਕਾਲੀ ਆਗੂਆਂ ਨੇ ਪੁਛਿਆ ਕਿ ਪ੍ਰਕਾਸ਼ ਸਿੰਘ ਬਾਦਲ ਨੂੰ ਸਰਪ੍ਰਸਤ ਬਣਾਉਣ ਤੋਂ ਬਾਅਦ ਵੀ ਮੁੱਖ ਮੰਤਰੀ ਕਿਉਂ ਬਣਾ ਕੇ ਰਖਿਆ ਗਿਆ ਸੀ ਅਤੇ ਉਹ ਪਾਰਟੀ ਦੇ ਲਗਭਗ 15 ਸਾਲ ਸ੍ਰਪ੍ਰਸਤ ਦੇ ਤੌਰ ਅਸਲ ਮੁੱਖੀ ਕਿਵੇਂ ਬਣੇ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਪਾਰਟੀ ਨੇ ਪ੍ਰਕਾਸ਼ ਸਿੰਘ ਬਾਦਲ ਦੇ ਸਰਪ੍ਰਸਤ ਬਣਨ ਤੋਂ ਬਾਅਦ 2012 ਦੀ ਵਿਧਾਨ ਸਭਾ ਚੋਣ ਵੀ ਉਨ੍ਹਾਂ ਦੇ ਨਾਂ ਅਤੇ ਉਨ੍ਹਾਂ ਦੀ ਅਗਵਾਈ ਵਿਚ ਹੀ ਲੜੀ ਸੀ।

ਮਹੇਸ਼ਇੰਦਰ ਸਿੰਘ ਗਰੇਵਾਲ ਨੂੰ “ਡਰਾਇੰਗ ਰੂਮ ਤੇ ਚਾਪਲੂਸ” ਲੀਡਰ ਗਰਦਾਨਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਜ਼ਿੰਦਗੀ ’ਚ ਸਿਰਫ਼ ਇਕ ਇਲੈਕਸ਼ਨ ਜਿੱਤਣ ਵਾਲੇ ਨੂੰ ਅਪਣੀ ਔਕਾਤ ਵੇਖ ਕੇ ਗੱਲ ਕਰਨੀ ਚਾਹੀਦੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਅਸਲ ਵਿਚ ‘ਬਾਦਲ ਪ੍ਰਵਾਰ’ ਵਲੋਂ ਨਿਜੀ ਰਾਜਸੀ ਹਿਤਾਂ ਲਈ ਡੇਰੇ ਨਾਲ ਕੀਤੀ ਗਈ ਸੌਦੇਬਾਜ਼ੀ ਦਾ ਸੱਚ ਬੇਪਰਦ ਹੋ ਜਾਣ ਤੋਂ ਬਾਅਦ ਸੁਖਬੀਰ ਬਾਦਲ ਤੇ ਉਸ ਨਾਲ ਰਹਿ ਗਏ ਇਹ ਲੋਕ ਬੁਰੀ ਤਰਾਂ ਬੁਖਲ੍ਹਾ ਗਏ ਹਨ।

ਉਨ੍ਹਾਂ ਕਿਹਾ ਕਿ ਇਸ ਬੁਖ਼ਲਾਹਟ ਵਿਚੋਂ ਹੀ ਇਜ ਨਿੱਤ ਪਾਰਟੀ ਸੰਵਿਧਾਨ ਤੇ ਰਿਵਾਇਤਾਂ ਤੋਂ ਉਲਟ ਫ਼ੈਸਲੇ ਕਰ ਰਹੇ ਹਨ। ਅਕਾਲੀ ਆਗੂਆਂ ਨੇ ਕਿਹਾ ਕਿ ਹਾਲਾਤ ਇਹ ਬਣ ਗਏ ਹਨ ਕਿ ਪਾਰਟੀ ਦੇ ਡੈਲੀਗੇਟ ਇਜਲਾਸ ਰਾਹੀਂ ਪਾਰਟੀ ਦਾ ਮੌਜ਼ੂਦਾ ਢਾਂਚਾ ਭੰਗ ਕਰ ਕੇ ਇਕ ਕਾਰਜਕਾਰੀ ਪ੍ਰਧਾਨ ਹੇਠ ਐਡਹਾਕ ਕਮੇਟੀ ਬਣਾਈ ਜਾਵੇ ਜਿਹੜੀ ਮਿੱਥੇ ਗਏ ਸਮੇਂ ਦੇ ਅੰਦਰ ਅੰਦਰ ਨਵੀ ਭਰਤੀ ਕਰਵਾ ਕੇ ਪ੍ਰਧਾਨ ਤੇ ਬਾਕੀ ਅਹੁਦੇਦਾਰਾਂ ਦੀ ਚੋਣ ਕਰਵਾਏ। ਉਨ੍ਹਾਂ ਕਿਹਾ ਕਿ ਉਹ ਛੇਤੀ ਹੀ ਇਸ ਸਬੰਧੀ ਇਕ ਠੋਸ ਪ੍ਰੋਗਰਾਮ ਦਾ ਐਲਾਨ ਕਰਨਗੇ।