ਕਰਨਲ ਬਾਠ ਹਮਲਾ ਮਾਮਲਾ: ਜਾਂਚ ਸੀ.ਬੀ.ਆਈ. ਨੂੰ ਸੌਂਪਣ ਵਿਰੁਧ ਪਟੀਸ਼ਨ ਉਤੇ ਸੁਪਰੀਮ ਕੋਰਟ ਵਿਚ ਸੁਣਵਾਈ ਭਲਕੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਥਿਤ ਘਟਨਾ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ

Colonel Bath attack case: Supreme Court to hear petition against handing over investigation to CBI today

ਨਵੀਂ ਦਿੱਲੀ : ਪਾਰਕਿੰਗ ਵਿਵਾਦ ਨੂੰ ਲੈ ਕੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਲੋਂ ਫ਼ੌਜ ਦੇ ਇਕ ਕਰਨਲ ਉਤੇ ਕਥਿਤ ਤੌਰ ਉਤੇ ਹਮਲਾ ਕਰਨ ਦੇ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪਣ ਦੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਹੁਕਮ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਉਤੇ ਸੁਪਰੀਮ ਕੋਰਟ ਸੋਮਵਾਰ ਨੂੰ ਸੁਣਵਾਈ ਕਰੇਗਾ।

ਇਹ ਕਥਿਤ ਘਟਨਾ 13 ਅਤੇ 14 ਮਾਰਚ ਦੀ ਦਰਮਿਆਨੀ ਰਾਤ ਨੂੰ ਵਾਪਰੀ ਜਦੋਂ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਸ ਦਾ ਬੇਟਾ ਪਟਿਆਲਾ ਵਿਚ ਸੜਕ ਕਿਨਾਰੇ ਇਕ ਢਾਬੇ ਵਿਚ ਖਾਣਾ ਖਾ ਰਹੇ ਸਨ। ਜਸਟਿਸ ਸੰਜੇ ਕੁਮਾਰ ਅਤੇ ਜਸਟਿਸ ਸਤੀਸ਼ ਚੰਦਰ ਸ਼ਰਮਾ ਦੀ ਬੈਂਚ ਇਸ ਮਾਮਲੇ ਦੀ ਸੁਣਵਾਈ ਕਰ ਸਕਦੀ ਹੈ। ਕਰਨਲ ਬਾਠ ਨੇ ਐਡਵੋਕੇਟ ਸੁਮੀਰ ਸੋਢੀ ਰਾਹੀਂ ਸੁਪਰੀਮ ਕੋਰਟ ਵਿਚ ਕੈਵੀਏਟ ਵੀ ਦਾਇਰ ਕੀਤੀ ਹੈ।

ਕੈਵੀਏਟ ਹਾਈ ਕੋਰਟ ਅਤੇ ਸੁਪਰੀਮ ਕੋਰਟ ਵਿਚ ਇਕ ਧਿਰ ਵਲੋਂ ਦਾਇਰ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਕੀਤਾ ਜਾ ਸਕੇ ਕਿ ਇਸ ਨੂੰ ਸੁਣੇ ਬਿਨਾਂ ਕੋਈ ਹੁਕਮ ਪਾਸ ਨਾ ਕੀਤਾ ਜਾਵੇ।

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਾਰਚ ਵਿਚ ਪਾਰਕਿੰਗ ਵਿਵਾਦ ਨੂੰ ਲੈ ਕੇ ਪੰਜਾਬ ਪੁਲਿਸ ਦੇ ਜਵਾਨਾਂ ਵਲੋਂ ਕਰਨਲ ਉਤੇ ਕਥਿਤ ਤੌਰ ਉਤੇ ਹਮਲਾ ਕਰਨ ਦੇ ਮਾਮਲੇ ਦੀ ਜਾਂਚ 16 ਜੁਲਾਈ ਨੂੰ ਸੀ.ਬੀ.ਆਈ. ਨੂੰ ਸੌਂਪ ਦਿਤੀ ਸੀ। ਅਦਾਲਤ ਦਾ ਇਹ ਹੁਕਮ ਹਾਈ ਕੋਰਟ ਵਲੋਂ ਇਸ ਮਾਮਲੇ ਦੀ ਜਾਂਚ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੂੰ ਫਟਕਾਰ ਲਾਉਣ ਦੇ ਦੋ ਦਿਨ ਬਾਅਦ ਆਇਆ ਹੈ।

3 ਅਪ੍ਰੈਲ ਨੂੰ ਹਾਈ ਕੋਰਟ ਨੇ ਹਮਲੇ ਦੇ ਮਾਮਲੇ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿਤੀ ਸੀ ਅਤੇ ਉਸ ਨੂੰ ਚਾਰ ਮਹੀਨਿਆਂ ਦੇ ਅੰਦਰ ਜਾਂਚ ਪੂਰੀ ਕਰਨ ਦੇ ਹੁਕਮ ਦਿਤੇ ਸਨ। ਪਟੀਸ਼ਨਕਰਤਾ ਨੇ ਦਲੀਲ ਦਿਤੀ ਕਿ ਚੰਡੀਗੜ੍ਹ ਪੁਲਿਸ ਇਸ ਮਾਮਲੇ ਦੀ ਸੁਤੰਤਰ ਅਤੇ ਨਿਰਪੱਖ ਜਾਂਚ ਕਰਨ ਵਿਚ ਅਸਫਲ ਰਹੀ ਹੈ। ਇਹ ਜਾਂਚ ਚੰਡੀਗੜ੍ਹ ਦੇ ਪੁਲਿਸ ਸੁਪਰਡੈਂਟ ਮਨਜੀਤ ਸ਼ਿਓਰਾਨ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਕੀਤੀ ਜਾ ਰਹੀ ਹੈ।

ਪਟੀਸ਼ਨ ਅਨੁਸਾਰ, ‘‘ਇਸ ਮਾਮਲੇ ਦੀ ਜਾਂਚ 3 ਅਪ੍ਰੈਲ, 2025 ਨੂੰ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿਤੀ ਗਈ ਸੀ ਅਤੇ ਇਹ ਬਹੁਤ ਨਿਰਾਸ਼ਾ ਨਾਲ ਕਿਹਾ ਜਾ ਰਿਹਾ ਹੈ ਕਿ ਐਫ.ਆਈ.ਆਰ. ਦਰਜ ਹੋਣ ਦੇ ਸਾਢੇ ਤਿੰਨ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਅਤੇ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪੇ ਜਾਣ ਦੇ ਤਿੰਨ ਮਹੀਨੇ ਬੀਤ ਜਾਣ ਦੇ ਬਾਵਜੂਦ ਅਜੇ ਤਕ ਕਿਸੇ ਵੀ ਮੁਲਜ਼ਮ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ। ਨਾ ਹੀ ਕਿਸੇ ਨੂੰ ਜਾਂਚ ਨਾਲ ਜੋੜਿਆ ਗਿਆ ਹੈ।’’

ਇਸ ’ਚ ਅੱਗੇ ਲਿਖਿਆ ਗਿਆ ਹੈ, ‘‘ਇਸ ਤੋਂ ਇਲਾਵਾ, ਸਬੰਧਤ ਜਾਂਚ ਏਜੰਸੀ ਵਲੋਂ ਕੋਈ ਗੈਰ-ਜ਼ਮਾਨਤੀ ਵਾਰੰਟ, ਕੋਈ ਪੀ.ਓ. (ਭਗੌੜਾ ਅਪਰਾਧੀ) ਕਾਰਵਾਈ ਜਾਂ ਕੋਈ ਹੋਰ ਕਾਨੂੰਨੀ ਕਾਰਵਾਈ ਸ਼ੁਰੂ ਨਹੀਂ ਕੀਤੀ ਗਈ ਹੈ ਜੋ ਕਿਸੇ ਸੁਚੇਤ ਅਤੇ ਸੁਹਿਰਦ ਕੋਸ਼ਿਸ਼ ਦਾ ਸੰਕੇਤ ਹੋਵੇ।’’

ਕਰਨਲ ਬਾਠ ਨੇ ਪੰਜਾਬ ਪੁਲਿਸ ਦੇ 12 ਮੁਲਾਜ਼ਮਾਂ ਉਤੇ ਪਾਰਕਿੰਗ ਵਿਵਾਦ ਨੂੰ ਲੈ ਕੇ ਉਨ੍ਹਾਂ ਅਤੇ ਉਨ੍ਹਾਂ ਦੇ ਬੇਟੇ ਉਤੇ ਹਮਲਾ ਕਰਨ ਦਾ ਦੋਸ਼ ਲਾਇਆ ਹੈ ਅਤੇ ਜਾਂਚ ਨੂੰ ਕਿਸੇ ਸੁਤੰਤਰ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ।

ਉਸ ਨੇ ਦੋਸ਼ ਲਾਇਆ ਕਿ ਪੰਜਾਬ ਪੁਲਿਸ ਦੇ ਇੰਸਪੈਕਟਰ ਰੈਂਕ ਦੇ ਚਾਰ ਅਧਿਕਾਰੀਆਂ ਅਤੇ ਉਨ੍ਹਾਂ ਦੇ ਹਥਿਆਰਬੰਦ ਅਧਿਕਾਰੀਆਂ ਨੇ ਬਿਨਾਂ ਕਿਸੇ ਉਕਸਾਵੇ ਦੇ ਉਸ ਉਤੇ ਅਤੇ ਉਸ ਦੇ ਬੇਟੇ ਉਤੇ ਹਮਲਾ ਕੀਤਾ, ਉਸ ਦਾ ਆਈ.ਡੀ. ਕਾਰਡ ਅਤੇ ਮੋਬਾਈਲ ਫੋਨ ਖੋਹ ਲਿਆ ਅਤੇ ਉਸ ਨੂੰ ‘ਫਰਜ਼ੀ ਮੁਕਾਬਲੇ’ ਦੀ ਧਮਕੀ ਦਿਤੀ। ਚੰਡੀਗੜ੍ਹ ਪੁਲਿਸ ਨੂੰ ਜਾਂਚ ਸੌਂਪੇ ਜਾਣ ਤੋਂ ਪਹਿਲਾਂ ਬਾਠ ਨੇ ਦੋਸ਼ ਲਾਇਆ ਸੀ ਕਿ ਪੰਜਾਬ ਪੁਲਿਸ ਅਧੀਨ ਨਿਰਪੱਖ ਜਾਂਚ ਅਸੰਭਵ ਹੈ। (ਪੀਟੀਆਈ)