Kabaddi player Ajmer Singh murder case : ਪੰਜਾਬ ਪੁਲਿਸ ਦੇ 4 ਮੁਲਾਜ਼ਮਾਂ ਸਮੇਤ 6 ਵਿਰੁਧ ਕਤਲ ਦੇ ਦੋਸ਼ ਤੈਅ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਦਾਲਤ ਨੇ 8 ਅਗੱਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਲਈ ਸਰਕਾਰੀ ਗਵਾਹਾਂ ਨੂੰ ਤਲਬ ਕੀਤਾ

Kabaddi player Ajmer Singh murder case

Kabaddi player Ajmer Singh murder case: ਫ਼ਰੀਦਕੋਟ ਦੀ ਜ਼ਿਲ੍ਹਾ ਅਦਾਲਤ ਨੇ 9 ਸਾਲ ਪੁਰਾਣੇ ਫ਼ਰਜ਼ੀ ਮੁਕਾਬਲੇ ਦੇ ਇਕ ਮਾਮਲੇ ’ਚ ਪੰਜਾਬ ਪੁਲਿਸ ਦੇ ਚਾਰ ਮੁਲਾਜ਼ਮਾਂ ਅਤੇ ਬਠਿੰਡਾ ਦੇ ਸ਼ਰਾਬ ਦੇ ਦੋ ਠੇਕੇਦਾਰਾਂ ਸਮੇਤ 6 ਵਿਅਕਤੀਆਂ ਵਿਰੁਧ ਕਤਲ ਅਤੇ ਸਾਜ਼ਸ਼ ਰਚਣ ਦੇ ਦੋਸ਼ ਤੈਅ ਕੀਤੇ ਹਨ। ਇਹ ਮਾਮਲਾ ਮਈ 2016 ਵਿਚ ਕਬੱਡੀ ਖਿਡਾਰੀ ਅਤੇ ਸ਼ਰਾਬ ਵਿਕਰੇਤਾ ਅਜਮੇਰ ਸਿੰਘ ਦੇ ਕਥਿਤ ਪੁਲਿਸ ਮੁਕਾਬਲੇ ਨਾਲ ਸਬੰਧਤ ਹੈ।

ਉਸ ਦੀ ਮਾਂ ਮਨਜੀਤ ਕੌਰ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਅਦਾਲਤ ਦਾ ਦਰਵਾਜ਼ਾ ਖਟਖਟਾਇਆ ਸੀ ਅਤੇ ਪੁਲਿਸ ਅਧਿਕਾਰੀਆਂ ਉਤੇ ਉਸ ਦੇ ਬੇਟੇ ਨੂੰ ਬੇਰਹਿਮੀ ਨਾਲ ਮਾਰਨ ਅਤੇ ਬਾਅਦ ਵਿਚ ਉਸ ਨੂੰ ਗੈਂਗਸਟਰ ਕਰਾਰ ਦੇਣ ਦਾ ਦੋਸ਼ ਲਾਇਆ ਸੀ। ਮਨਜੀਤ ਕੌਰ ਨੇ ਦੋਸ਼ ਲਾਇਆ ਕਿ ਸ਼ਰਾਬ ਦੇ ਦੋ ਅਸਰ-ਰਸੂਖ ਵਾਲੇ ਠੇਕੇਦਾਰਾਂ ਧਰਮਪਾਲ ਉਰਫ ਧਾਮੀ ਅਤੇ ਅਮਰਜੀਤ ਸਿੰਘ ਮਹਿਤਾ ਨੇ ਉਸ ਦੇ ਬੇਟੇ ਨਾਲ ਕਾਰੋਬਾਰੀ ਝਗੜਿਆਂ ਕਾਰਨ ਪੁਲਿਸ ਅਧਿਕਾਰੀਆਂ ਨਾਲ ਸਾਜ਼ਸ਼ ਰਚੀ। ਮੁਲਜ਼ਮਾਂ ਦੀ ਪਛਾਣ ਸਬ-ਇੰਸਪੈਕਟਰ ਲਛਮਣ ਸਿੰਘ, ਕਾਂਸਟੇਬਲ ਪਰਮਿੰਦਰ ਸਿੰਘ ਅਤੇ ਧਰਮਿੰਦਰ ਸਿੰਘ ਅਤੇ ਹੋਮਗਾਰਡ ਜਵਾਨ ਕਾਬਲ ਸਿੰਘ ਵਜੋਂ ਹੋਈ ਹੈ। ਸਾਰੇ ਛੇ ਮੁਲਜ਼ਮ ਇਸ ਸਮੇਂ ਜ਼ਮਾਨਤ ਉਤੇ ਬਾਹਰ ਹਨ। 

ਸਾਲ 2021 ’ਚ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਸਿੱਟਾ ਕਢਿਆ ਸੀ ਕਿ ਪੁਲਿਸ ਨੇ ਆਤਮ ਰੱਖਿਆ ’ਚ ਫਾਇਰਿੰਗ ਕੀਤੀ ਸੀ। ਹਾਲਾਂਕਿ, ਅਦਾਲਤ ਨੇ ਮਿ੍ਰਤਕ ਦੇ ਭੈਣ-ਭਰਾ ਸੁਖਵਿੰਦਰ ਕੌਰ ਅਤੇ ਰਣਜੀਤ ਸਿੰਘ (ਹੁਣ ਮਿ੍ਰਤਕ) ਸਮੇਤ ਗਵਾਹਾਂ ਦੀਆਂ ਅਸੰਗਤਤਾਵਾਂ ਅਤੇ ਭਰੋਸੇਯੋਗ ਗਵਾਹੀਆਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਦੇ ਬਿਆਨ ਉਤੇ ਸ਼ੱਕ ਜ਼ਾਹਰ ਕੀਤਾ। 

ਸ਼ਿਕਾਇਤਕਰਤਾ ਦੇ ਵਕੀਲ ਐਡਵੋਕੇਟ ਜਗਦੀਪ ਸਿੰਘ ਵਲੋਂ ਪੇਸ਼ ਕੀਤੇ ਗਏ ਸਬੂਤਾਂ ਅਤੇ ਦਲੀਲਾਂ ਉਤੇ ਵਿਚਾਰ ਕਰਨ ਤੋਂ ਬਾਅਦ ਵਧੀਕ ਸੈਸ਼ਨ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਨੇ ਫੈਸਲਾ ਸੁਣਾਇਆ ਕਿ ਪੂਰੇ ਮੁਕੱਦਮੇ ਦੀ ਸੁਣਵਾਈ ਲਈ ਕਾਫ਼ੀ ਸਮੱਗਰੀ ਹੈ। ਮੁਲਜ਼ਮਾਂ ਨੇ ਦੋਸ਼ਾਂ ਤੋਂ ਇਨਕਾਰ ਕਰ ਦਿਤਾ। ਅਦਾਲਤ ਨੇ 8 ਅਗੱਸਤ ਨੂੰ ਹੋਣ ਵਾਲੀ ਅਗਲੀ ਸੁਣਵਾਈ ਲਈ ਸਰਕਾਰੀ ਗਵਾਹਾਂ ਨੂੰ ਤਲਬ ਕੀਤਾ ਹੈ।     (ਏਜੰਸੀ)

"(For more news apart from “Kabaddi player Ajmer Singh murder case News  , ” stay tuned to Rozana Spokesman.)