Kotkapura News : ਪਿੰਡ ਕੋਟ ਸੁਖੀਆ 'ਚ ਪੱਠੇ ਕੁਤਰਨ ਵਾਲੀ ਮਸ਼ੀਨ 'ਚ ਕਰੰਟ ਆਉਣ ਕਰਕੇ ਨੌਜਵਾਨ ਦੀ ਮੌਤ
ਬਲਜਿੰਦਰ ਸਿੰਘ ਵਜੋਂ ਹੋਈ ਮ੍ਰਿਤਕ ਦੀ ਪਛਾਣ
ਕੋਟਕਪੂਰਾ: ਕੋਟਕਪੂਰਾ ਦੇ ਨੇੜਲੇ ਪਿੰਡ ਕੋਟ ਸੁਖੀਆ ਦੇ ਨੌਜਵਾਨ ਕਿਸਾਨ ਬਲਜਿੰਦਰ ਸਿੰਘ ਦੀ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬਲਜਿੰਦਰ ਸਿੰਘ ਅਤੇ ਉਸਦਾ ਪਿਤਾ ਨਾਇਬ ਸਿੰਘ ਪਸ਼ੂਆਂ ਨੂੰ ਚਾਰਾ ਦੇਣ ਲਈ ਮਸ਼ੀਨ ਚਲਾ ਕੇ ਚਾਰਾ ਕੁਤਰ ਰਹੇ ਸਨ, ਤਾਂ ਮਸ਼ੀਨ ਵਿਚ ਬਿਜਲੀ ਦਾ ਕਰੰਟ ਲੱਗਣ ਕਾਰਨ ਦੋਵੇਂ ਪਿਓ-ਪੁੱਤਰ ਬੇਹੋਸ਼ ਹੋ ਗਏ। ਆਂਢ-ਗੁਆਂਢ ਦੇ ਲੋਕਾਂ ਨੇ ਉਨ੍ਹਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਅਤੇ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੇ ਬਲਜਿੰਦਰ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਅਤੇ ਉਸ ਦੇ ਪਿਤਾ ਨਾਇਬ ਸਿੰਘ ਦਾ ਇਲਾਜ ਕਰਕੇ ਛੁੱਟੀ ਦੇ ਦਿੱਤੀ ਗਈ।
ਬਲਜਿੰਦਰ ਸਿੰਘ ਬੇਜ਼ਮੀਨਾ ਕਿਸਾਨ ਸੀ ਪਰੰਤੂ ਉਹ ਠੇਕੇ 'ਤੇ ਜ਼ਮੀਨ ਲੈ ਕੇ ਖੇਤੀ ਅਤੇ ਪਸ਼ੂ ਪਾਲਣ ਕਰਦਾ ਸੀ। ਘਰ ਦੀ ਆਰਥਿਕ ਹਾਲਤ ਸੁਧਾਰਨ ਲਈ ਉਹ ਟੈਕਸੀ ਵੀ ਚਲਾਉਂਦਾ ਸੀ। ਮ੍ਰਿਤਕ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਮੈਂਬਰ ਸੀ ਅਤੇ ਉਸ ਦੇ ਮਾਪਿਆਂ ਅਨੁਸਾਰ, ਉਹ ਆਪਣੀ ਪਤਨੀ ਅਤੇ ਆਪਣੇ 12 ਸਾਲ ਦੇ ਪੁੱਤਰ ਨੂੰ ਬੇਸਹਾਰਾ ਛੱਡ ਗਿਆ ਹੈ। ਇਸ ਘਟਨਾ ਨਾਲ ਪਿੰਡ ਅਤੇ ਆਸ ਪਾਸ ਦੇ ਇਲਾਕਿਆਂ ਵਿਚ ਸੋਗ ਦੀ ਲਹਿਰ ਦੌੜ ਗਈ ਹੈ।