Sri Anandpur Sahib News: ਸੁਆਂ ਨਦੀ ਦੇ ਪਾਣੀ ਨਾਲ ਤਿੰਨ ਪਿੰਡਾਂ ਦੀਆਂ ਲਿੰਕ ਸੜਕਾਂ ਡੁੱਬੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਤਲੁਜ ਨਾਲ ਲਗਦੀਆਂ ਜ਼ਮੀਨਾਂ ਵਿਚ ਪਾਣੀ ਆਉਣ ਕਾਰਨ ਝੋਨੇ ਅਤੇ ਮੱਕੀ ਦੀ ਫ਼ਸਲ ਡੁੱਬੀ

Link roads of three villages submerged by water of Suan River Sri Anandpur Sahib News

Link roads of three villages submerged by water of Suan River Sri Anandpur Sahib News:  ਹਿਮਾਚਲ ਪ੍ਰਦੇਸ਼ ਵਿਚ ਭਾਰੀ ਮੀਂਹ ਪੈਣ ਕਾਰਨ ਇਸ ਇਲਾਕੇ ਦਾ ਪਾਣੀ ਸੁਆ ਨਦੀ ਰਾਹੀਂ ਸਤਲੁਜ ਦਰਿਆ ਦੇ ਪਾਣੀ ਨਾਲ ਰਲ ਕੇ ਸਤਲੁਜ ਦਰਿਆ ਦੇ ਨਜ਼ਦੀਕੀ ਪਿੰਡਾਂ ਦੀ ਜ਼ਮੀਨ ਅਤੇ ਸੜਕਾਂ ਨੂੰ ਨੁਕਸਾਨ ਪਹੁੰਚਾ ਰਿਹਾ ਹੈ। ਕੱਲ੍ਹ ਸਤਲੁਜ ਦਰਿਆ ਵਿਚ ਪਾਣੀ ਦਾ ਪੱਧਰ ਕਾਫੀ ਵਧ ਗਿਆ ਜਿਸ ਕਾਰਨ ਪਿੰਡ ਹਰੀਵਾਲ ਦੀ ਸਾਈਡ ਤੋਂ ਪਿੰਡ ਗੱਜਪੁਰ ਬੇਲਾ ਲਿੰਕ ਸੜਕ, ਸਕੂਲ ਅਤੇ ਚਰਾਂਦ ਵਲ ਪਾਣੀ ਆ ਗਿਆ। ਇਸ ਤੋਂ ਬਾਅਦ ਸਤਲੁਜ ਦਰਿਆ ਅਤੇ ਸੁਆਂ ਦੇ ਪਾਣੀ ਦਾ ਪੱਧਰ ਵੱਧਦਾ ਗਿਆ ਜਿਸ ਨਾਲ ਪਿੰਡ ਚੰਦਪੁਰ ਬੇਲਾ, ਗੱਜਪੁਰ ਬੇਲਾ,ਹਰੀਵਾਲ ਕਰੈਸ਼ਰਾਂ ਤਕ ਲਿੰਕ ਸੜਕ ਤੇ ਪਾਣੀ ਘੁੰਮਣ ਲੱਗਾ। 

\ਸਤਲੁਜ ਦਰਿਆ ਨਾਲ ਲਗਦੀ ਇਨ੍ਹਾਂ ਪਿੰਡਾਂ ਦੀਆਂ ਜ਼ਮੀਨਾਂ ਅਤੇ ਖੇਤਾਂ ਵਿਚ ਵੀ ਪਾਣੀ ਘੁੰਮ ਰਿਹਾ ਹੈ, ਜਿਸ ਨਾਲ ਖੇਤਾਂ ਵਿਚ ਖੜੀ ਝੋਨੇ ਅਤੇ ਮੱਕੀ ਦੀ ਫ਼ਸਲ ਬਰਬਾਦ ਹੋ ਗਈ ਹੈ। ਇਸ ਤੋਂ ਇਲਾਵਾ ਕਈ ਕਿਸਾਨਾਂ ਵਲੋਂ ਲਗਾਈਆਂ ਗਈਆਂ ਸਬਜ਼ੀਆਂ ਵੀ ਪਾਣੀ ਦੇ ਤੇਜ਼ ਬਹਾਅ ਵਿਚ ਰੁੜ ਗਈਆਂ ਹਨ। ਪਿੰਡ ਚੰਦਪੁਰ ਬੇਲਾ ਪੁੱਲ ਦੇ ਨਜ਼ਦੀਕ ਅਤੇ ਪਿੰਡ ਹਰੀਵਾਲ ਲਿੰਕ ਸੜਕ ਦੇ ਨਜ਼ਦੀਕ ਸਤਲੁਜ ਦਰਿਆ ਦੇ ਨਾਲ ਚੱਲਦੇ 4 ਕ੍ਰੈਸ਼ਰ ਵੀ ਸਤਲੁਜ ਦਰਿਆ ਅਤੇ ਸੁਆਂ ਨਦੀ ਦੇ ਪਾਣੀ ਦੀ ਲਪੇਟ ਵਿਚ ਆ ਚੁੱਕੇ ਹਨ। 

ਪਿੰਡ ਗੱਜਪੁਰ ਬੇਲਾ, ਪਿੰਡ ਚੰਦਪੁਰ ਬੇਲਾ ਦੇ ਵਸਨੀਕ ਕੁਲਤਾਰ ਸਿੰਘ, ਕਰਨੈਲ ਸਿੰਘ, ਪ੍ਰਦੀਪ ਸ਼ਰਮਾ ਆਦਿ ਨੇ ਦਸਿਆ ਕਿ ਸਤਲੁਜ ਅਤੇ ਸੁਆਂ ਦੇ ਪਾਣੀ ਨਾਲ ਉਨ੍ਹਾਂ ਦੇ ਪਿੰਡ ਦੀਆਂ ਲਿੰਕ ਸੜਕਾਂ ਪਾਣੀ ਵਿਚ ਡੁੱਬ ਚੁੱਕੀਆਂ ਹਨ।

ਪਿੰਡ ਵਾਸੀਆਂ ਨੇ ਪ੍ਰਸ਼ਾਸਨ ਪ੍ਰਤੀ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਪ੍ਰਸ਼ਾਸਨ ਨੇ ਉਨਾਂ ਨੂੰ ਸੁਆਂ ਨਦੀ ਅਤੇ ਸਤਲੁਜ ਦਰਿਆ ਵਿਚ ਆਉਣ ਵਾਲੇ ਪਾਣੀ ਬਾਰੇ ਅਗਾਉਂ ਕੋਈ ਸੂਚਨਾ ਨਹੀਂ ਦਿਤੀ, ਜਿਸ ਕਾਰਨ ਕੁਝ ਕਿਸਾਨਾਂ ਦੇ ਟਰੈਕਟਰ ਟਰਾਲੀਆਂ ਅਤੇ ਹੋਰ ਸਮਾਨ ਖੇਤਾਂ ਵਿਚ ਖੜੇ ਰਹਿ ਗਏ ਹਨ। ਇਨ੍ਹਾਂ ਦਸਿਆ ਕਿ ਪਾਣੀ ਉਤਰਨ ਤੋਂ ਬਾਅਦ ਹੀ ਕਿਸਾਨਾਂ ਦੀ ਬਰਬਾਦ ਹੋਈ ਮੱਕੀ,ਝੋਨੇ ਦੀ ਫ਼ਸਲ ਅਤੇ ਹੋਰ ਬਰਬਾਦ ਹੋਏ ਸਮਾਨ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕਦੀ ਹੈ। 

ਸ੍ਰੀ ਕੀਰਤਪੁਰ ਸਾਹਿਬ ਤੋਂ ਵਿਨੋਦ ਸ਼ਰਮਾ ਦੀ ਰਿਪੋਰਟ