ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਨੇ ਰਾਸ਼ਟਰਪਤੀ ਮੁਰਮੂ ਨਾਲ ਕੀਤੀ ਮੁਲਾਕਾਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਰਾਸ਼ਟਰਪਤੀ ਨਾਲ ਬਾਅਦ ਵਿਚ ਹੋਈਆਂ ਮੁਲਾਕਾਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

Prime Minister Modi and Amit Shah meet President Murmu

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਰਾਸ਼ਟਰਪਤੀ ਭਵਨ ’ਚ ਰਾਸ਼ਟਰਪਤੀ ਦਰੌਪਦੀ ਮੁਰਮੂ ਨਾਲ ਵੱਖਰੇ ਤੌਰ ਉਤੇ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਦੀ ਰਾਸ਼ਟਰਪਤੀ ਨਾਲ ਬਾਅਦ ਵਿਚ ਹੋਈਆਂ ਮੁਲਾਕਾਤਾਂ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ।

ਰਾਸ਼ਟਰਪਤੀ ਭਵਨ ਨੇ ‘ਐਕਸ’ ਉਤੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।’’ ਕੁੱਝ ਘੰਟਿਆਂ ਬਾਅਦ ਰਾਸ਼ਟਰਪਤੀ ਭਵਨ ਨੇ ਦੁਬਾਰਾ ‘ਐਕਸ’ ਉਤੇ ਲਿਖਿਆ, ‘‘ਕੇਂਦਰੀ ਗ੍ਰਹਿ ਮਾਮਲਿਆਂ ਅਤੇ ਸਹਿਕਾਰਤਾ ਮੰਤਰੀ, ਅਮਿਤ ਸ਼ਾਹ ਨੇ ਰਾਸ਼ਟਰਪਤੀ ਭਵਨ ਵਿਚ ਰਾਸ਼ਟਰਪਤੀ ਦਰੌਪਦੀ ਮੁਰਮੂ ਨਾਲ ਮੁਲਾਕਾਤ ਕੀਤੀ।’’

ਗ੍ਰਹਿ ਮੰਤਰੀ ਨੇ ਰਾਸ਼ਟਰਪਤੀ ਮੁਰਮੂ ਨਾਲ ਅਪਣੀ ਮੁਲਾਕਾਤ ਦੀ ਤਸਵੀਰ ਸਾਂਝੀ ਕਰਦਿਆਂ ‘ਐਕਸ’ ਉਤੇ ਵੀ ਲਿਖਿਆ, ‘‘ਰਾਸ਼ਟਰਪਤੀ ਭਵਨ ਵਿਚ ਮਾਣਯੋਗ ਰਾਸ਼ਟਰਪਤੀ ਦਰੌਪਦੀ ਮੁਰਮੂ ਜੀ ਨਾਲ ਮੁਲਾਕਾਤ ਕੀਤੀ।’’ ਹਾਲਾਂਕਿ, ਪ੍ਰਧਾਨ ਮੰਤਰੀ ਦਫ਼ਤਰ ਤੋਂ ਖ਼ਬਰ ਲਿਖੇ ਜਾਣ ਤਕ ਕੋਈ ਸ਼ਬਦ ਨਹੀਂ ਆਇਆ।

ਬਰਤਾਨੀਆਂ ਅਤੇ ਮਾਲਦੀਵ ਦੀ ਹਾਲ ਹੀ ਦੀ ਯਾਤਰਾ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਨਾਲ ਇਹ ਪਹਿਲੀ ਮੁਲਾਕਾਤ ਸੀ। ਇਹ ਬੈਠਕਾਂ ਬਿਹਾਰ ’ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਿਸ਼ੇਸ਼ ਤੀਬਰ ਸੋਧ (ਐੱਸ.ਆਈ.ਆਰ.) ਅਭਿਆਸ ਉਤੇ ਚਰਚਾ ਦੀ ਵਿਰੋਧੀ ਧਿਰ ਦੀ ਮੰਗ ਨੂੰ ਲੈ ਕੇ ਸੰਸਦ ’ਚ ਚੱਲ ਰਹੇ ਹੰਗਾਮੇ ਦੇ ਪਿਛੋਕੜ ’ਚ ਹੋਈਆਂ ਹਨ। ਆਪਰੇਸ਼ਨ ਸੰਧੂਰ ਉਤੇ ਦੋਹਾਂ ਸਦਨਾਂ ’ਚ ਚਰਚਾ ਨੂੰ ਛੱਡ ਕੇ 21 ਜੁਲਾਈ ਨੂੰ ਮਾਨਸੂਨ ਸੈਸ਼ਨ ਸ਼ੁਰੂ ਹੋਣ ਤੋਂ ਬਾਅਦ ਸੰਸਦ ’ਚ ਬਹੁਤ ਘੱਟ ਕੰਮਕਾਜ ਵੇਖਣ ਨੂੰ ਮਿਲਿਆ ਹੈ।

ਇਸ ਤੋਂ ਇਲਾਵਾ ਲੋਕ ਸਭਾ ਨੇ ਪਿਛਲੇ ਹਫਤੇ ਮਨੀਪੁਰ ’ਚ ਰਾਸ਼ਟਰਪਤੀ ਸ਼ਾਸਨ ਨੂੰ 6 ਮਹੀਨੇ ਹੋਰ ਵਧਾਉਣ ਨੂੰ ਮਨਜ਼ੂਰੀ ਦੇ ਦਿਤੀ ਸੀ, ਜਦਕਿ ਰਾਜ ਸਭਾ ’ਚ ਅਜੇ ਇਸ ਪ੍ਰਸਤਾਵ ਉਤੇ ਚਰਚਾ ਨਹੀਂ ਹੋਈ ਹੈ। ਉੱਤਰ-ਪੂਰਬੀ ਰਾਜ ਵਿਚ 13 ਫ਼ਰਵਰੀ ਨੂੰ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿਤਾ ਗਿਆ ਸੀ।

ਪ੍ਰਧਾਨ ਮੰਤਰੀ ਦੀ ਰਾਸ਼ਟਰਪਤੀ ਨਾਲ ਮੁਲਾਕਾਤ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਭਾਰਤ ਤੋਂ ਨਿਰਯਾਤ ਉਤੇ 25 ਫੀ ਸਦੀ ਟੈਰਿਫ ਅਤੇ ਰੂਸੀ ਫੌਜੀ ਸਾਜ਼ੋ-ਸਾਮਾਨ ਅਤੇ ਤੇਲ ਦੀ ਖਰੀਦ ਕਾਰਨ ਅਨਿਸ਼ਚਿਤ ਜੁਰਮਾਨੇ ਦੇ ਐਲਾਨ ਤੋਂ ਕੁੱਝ ਦਿਨ ਬਾਅਦ ਹੋਈ ਹੈ।

ਜਗਦੀਪ ਧਨਖੜ ਨੇ 21 ਜੁਲਾਈ ਨੂੰ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਪ ਰਾਸ਼ਟਰਪਤੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਪ ਰਾਸ਼ਟਰਪਤੀ ਰਾਜ ਸਭਾ ਦੇ ਚੇਅਰਮੈਨ ਵਜੋਂ ਵੀ ਕੰਮ ਕਰਦਾ ਹੈ। ਚੋਣ ਕਮਿਸ਼ਨ ਨੇ ਪਿਛਲੇ ਹਫਤੇ ਐਲਾਨ ਕੀਤਾ ਸੀ ਕਿ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਹੋਵੇਗੀ। (ਪੀਟੀਆਈ)