ਮੌਤਾਂ ਨੂੰ ਵੇਖਦਿਆਂ ਸਿਹਤ ਮੰਤਰੀ ਵਲੋਂ ਲੋਕਾਂ ਨੂੰ ਟੈਸਟਿੰਗ ਲਈ ਦੇਰੀ ਨਾ ਕਰਨ ਦੀ ਅਪੀਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੌਤਾਂ ਨੂੰ ਵੇਖਦਿਆਂ ਸਿਹਤ ਮੰਤਰੀ ਵਲੋਂ ਲੋਕਾਂ ਨੂੰ ਟੈਸਟਿੰਗ ਲਈ ਦੇਰੀ ਨਾ ਕਰਨ ਦੀ ਅਪੀਲ

image

ਅਫ਼ਵਾਹਾਂ ਫੈਲਾਉਣ ਵਾਲੇ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਲਈ ਡੀਜੀਪੀ ਨੂੰ ਕਿਹਾ
ਚੰਡੀਗੜ੍ਹ, 2 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬਿਨ੍ਹਾਂ ਕਿਸੇ ਦੇਰੀ ਤੋਂ ਅਪਣਾ ਕੋਵਿਡ ਦਾ ਟੈਸਟ ਕਰਵਾਉਣ। ਉਨ੍ਹਾਂ ਵਲੋਂ ਬੁੱਧਵਾਰ ਨੂੰ ਕੋਵਿਡ ਦੀ ਟੈਸਟਿੰਗ ਅਤੇ ਇਲਾਜ ਬਾਰੇ ਗ਼ਲਤ ਜਾਣਕਾਰੀ ਫ਼ੈਲਾਉਣ ਵਾਲੇ ਅਨਸਰਾਂ ਵਿਰੁਧ ਸਖ਼ਤ ਕਾਰਵਾਈ ਕਰਨ ਲਈ ਵੀ ਡੀਜੀਪੀ ਨੂੰ ਕਿਹਾ ਗਿਆ। ਇਕ ਦਿਨ ਵਿਚ ਕੋਰੋਨਾ ਵਾਇਰਸ ਕਾਰਨ 106 ਮੌਤਾਂ ਹੋਣ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਇਸ ਵਧੀ ਹੋਈ ਮੌਤ ਦਰ ਦਾ ਮੁੱਖ ਕਾਰਨ ਮਰੀਜ਼ਾਂ ਵਲੋਂ ਟੈਸਟਿੰਗ ਅਤੇ ਇਲਾਜ ਲਈ ਦੇਰੀ ਕਰਨਾ ਹੈ ਅਤੇ ਲਗਭਗ 67 ਫ਼ੀ ਸਦੀ ਮੌਤਾਂ ਦਾ ਮੁੱਖ ਕਾਰਨ ਸਿਹਤ ਸੰਸਥਾਵਾਂ ਵਿਖੇ ਮਰੀਜ਼ਾਂ ਵਲੋਂ ਗੰਭੀਰ ਲੱਛਣ ਪੈਦਾ ਹੋਣ ਤੋਂ ਬਾਅਦ ਪਹੁੰਚਣਾ ਹੈ। ਉਨ੍ਹਾਂ ਕਿਹਾ ਕਿ ਦੇਰੀ ਨਾਲ ਪਹੁੰਚਣ ਕਾਰਨ ਮਰੀਜ਼ਾਂ ਦੀ ਸਥਿਤੀ ਗੰਭੀਰ ਹੋ ਜਾਂਦੀ ਹੈ ਜੋ ਮੌਤ ਦਾ ਮੁੱਖ ਕਾਰਨ ਬਣਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਸੈਪਲਿੰਗ ਅਤੇ ਟੈਸਟਿੰਗ ਦਾ ਵਿਰੋਧ ਕਾਰਨ ਕੋਵਿਡ ਦੇ ਗੰਭੀਰ ਲੱਛਣ ਵਾਲੇ ਵਿਅਕਤੀ, ਜੋ ਹੋਰ ਸਹਿ-ਰੋਗ ਤੋਂ ਵੀ ਪੀੜਤ ਹਨ, ਸਿਹਤ ਸੰਸਥਾਵਾਂ ਨੂੰ ਰੀਪੋਰਟ ਨਹੀਂ ਕਰਦੇ ਜਦੋਂ ਤਕ ਕਿ ਇਹ ਬਿਮਾਰੀ ਗੰਭੀਰ ਰੂਪ ਧਾਰਨ ਨਹੀਂ ਕਰ ਲੈਂਦੀ। ਇਹੀ ਦੇਰੀ ਸ਼ੂਗਰ, ਹਾਈਪਰਟੈਨਸ਼ਨ, ਦਿਲ ਅਤੇ ਗੁਰਦੇ ਦੀ ਬਿਮਾਰੀ ਵਾਲੇ ਸਹਿ ਰੋਗਾਂ ਵਾਲੇ ਮਰੀਜ਼ਾਂ ਦੀ ਮੌਤ ਦਾ ਕਾਰਨ ਬਣ ਰਹੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਗ਼ੈਰ ਸਮਾਜਿਕ ਅਨਸਰਾਂ ਵਲੋਂ ਟੈਸਟਿੰਗ ਅਤੇ ਕੋਵਿਡ ਮਰੀਜ਼ਾਂ ਨੂੰ ਇਕਾਂਤਵਾਸ ਵਿਚ ਰੱਖਣ ਸਬੰਧੀ ਝੂਠੀਆਂ ਖ਼ਬਰਾਂ ਅਤੇ ਗਲ਼ਤ ਪ੍ਰਚਾਰ ਵੀ ਕੀਤਾ ਜਾ ਰਿਹਾ ਹੈ ਜਿਸ ਕਰ ਕੇ ਮਰੀਜ਼ ਹਸਪਤਾਲਾਂ ਅਤੇ ਸਿਹਤ ਸੰਭਾਲ ਸੰਸਥਾਵਾਂ ਨੂੰ ਰੀਪੋਰਟ ਕਰਨ ਵਿਚ ਦੇਰੀ ਕਰ ਰਹੇ ਹਨ।

ਉਹਨਾਂ ਕਿਹਾ ਕਿ ਇਹ ਗੈਰ ਸਮਾਜਿਕ ਲੋਕ, ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਪਲਿੰਗ ਅਤੇ ਸਕ੍ਰਿਨਿੰਗ ਕੈਂਪ ਲਗਾਉਣ ਤੋਂ ਰੋਕ ਰਹੇ ਹਨ ਅਤੇ ਇਨ੍ਹਾਂ ਵਿਰੁਧ ਕਾਰਵਾਈ ਕਰਦੇ ਹੋਏ ਲੋਕਾਂ ਦਰਮਿਆਨ ਅਫ਼ਵਾਹਾਂ ਫੈਲਾਉਣ ਵਾਲਿਆਂ ਖਿਲਾਫ ਮੁਕੱਦਮੇ ਵੀ ਦਾਇਰ ਕੀਤੇ ਗਏ ਹਨ।