ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਨਿਡਰ ਹੋ ਕੇ ਲੜਾਈ ਲੜੇਗਾ - ਪ੍ਰਕਾਸ਼ ਸਿੰਘ ਬਾਦਲ 

ਏਜੰਸੀ

ਖ਼ਬਰਾਂ, ਪੰਜਾਬ

ਪ੍ਰਕਾਸ਼ ਬਾਦਲ ਨੇ ਕਿਸਾਨੀ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਿਆ

Parkash Singh Badal

ਚੰਡੀਗੜ੍ਹ - ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਤੇ ਸਾਬਕਾ ਮੁੱਖ ਮੰਤਰੀ ਪੰਜਾਬ ਸ. ਪ੍ਰਕਾਸ਼ ਸਿੰਘ ਬਾਦਲ ਨੇ ਖੇਤੀਬਾੜੀ ਸੁਧਾਰ ਆਰਡੀਨੈਂਸ ਦੇ ਮੁੱਦੇ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਘੇਰਦੇ ਹੋਏ ਕਿਹਾ ਹੈ ਕਿ ਉਹ ਆਪਣੀ ਸਰਕਾਰ ਦੀਆਂ ਨਾਕਾਮੀਆਂ ਦੇ ਚੱਲਦਿਆਂ ਇਸ ਮੁੱਦੇ 'ਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਉਨ੍ਹਾਂ ਨੇ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਰਡੀਨੈਂਸ ਨੂੰ ਲੈ ਕੇ ਗੁੰਮਰਾਹਕੁੰਨ ਪ੍ਰਚਾਰ ਤੋਂ ਬਚਣ।

ਉਨ੍ਹਾਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਨਿਡਰ ਹੋ ਕੇ ਲੜਾਈ ਲੜੇਗਾ। ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਕ ਅਜਿਹੀ ਪਾਰਟੀ ਹੈ ਜਿਸ ਦਾ ਇਕ ਬਹੁਤ ਵੱਡਾ ਇਤਿਹਾਸ ਹੈ ਤੇ ਇਸ ਪਾਰਟੀ ਨੇ ਹਮੇਸ਼ਾਂ ਮਦਦ ਕਰਨ ਲਈ ਲੋੜੀਂਦੇ ਕਦਮ ਚੁੱਕੇ ਹਨ ਫਿਰ ਭਾਵੇਂ ਉਹ ਦੇਸ਼ ਲਈ ਹੋਵੇ, ਸਿੱਖਾਂ ਲਈ ਹੋਵੇ ਜਾਂ ਫਿਰ ਪੰਜਾਬ ਲਈ।

ਪ੍ਰਕਾਸ਼ ਬਾਦਲ ਨੇ ਕਿਹਾ ਕਿ ਜਦੋਂ ਪੂਰੇ ਹਿੰਦੁਸਤਾਨ ਵਿਚ ਐਂਮਰਜੈਂਸੀ ਲੱਗੀ ਸੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਮੋਰਚੇ ਲਗਾ ਕੇ ਆਪਣੀਆਂ ਗ੍ਰਿਫਤਾਰੀਆਂ ਵੀ ਦਿੱਤੀਆਂ। ਉਹਨਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਬਹੁਤ ਲੜਾਈਆਂ ਹੋਈਆਂ ਫਿਰ ਚਾਹੇ ਉਹ ਪਾਣੀਆਂ ਦਾ ਮੁੱਦਾ ਹੋਵੇ ਜਾਂ ਫਿਰ ਕਿਸਾਨਾਂ ਦਾ ਸ਼੍ਰੋਮਣੀ ਅਕਾਲੀ ਦਲ ਹੀ ਇਕ ਅਜਿਹੀ ਪਾਰਟੀ ਹੈ ਜਿਸ ਨੇ ਸਭ ਮੁੱਦਿਆਂ ਵਿਚ ਆਪਣਾ ਅਹਿਮ ਹਿੱਸਾ ਪਾਇਆ।

ਪ੍ਰਕਾਸ਼ ਬਾਦਲ ਨੇ ਕਿਸਾਨੀ ਨੂੰ ਦੇਸ਼ ਦੀ ਰੀੜ੍ਹ ਦੀ ਹੱਡੀ ਦੱਸਿਆ। ਉਹਨਾਂ ਕਿਹਾ ਕਿ ਦੇਸ਼ ਦੀ ਇਹ ਪਹਿਲੀ ਸਰਕਾਰ ਹੈ ਜਿਸ ਨੇ ਕਿਸਾਨਾਂ ਦੇ ਟਿਊਬਵੈਲਾਂ ਦੇ ਜਾਂ ਬਿਜਲੀ ਦੇ ਬਿੱਲਾਂ ਨੂੰ ਵੀ ਮਾਫ਼ ਕਰਵਾਇਆ ਕਿਉਂਕਿ ਕਿਸਾਨਾਂ ਨੂੰ ਸਭ ਤੋਂ ਵੱਧ ਬਿਲ ਖੇਤਾਂ ਵਿਚ ਲੱਗੇ ਟਿਊਬਵੈਲਾਂ ਦਾ ਹੀ ਆਉਂਦਾ ਹੈ। 

ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦੇ ਫੇਸਬੁੱਕ ਪੇਜ਼ 'ਤੇ ਵੀ ਇਕ ਪੋਸਟ ਸ਼ੇਅਰ ਕੀਤੀ ਗਈ ਹੈ ਜਿਸ ਵਿਚ ਉਹਨਾਂ ਲਿਖਿਆ ਕਿ ''ਦੇਸ਼ ਦੀ ਅਜ਼ਾਦੀ, ਪੰਜਾਬੀ ਸੂਬਾ ਬਣਾਉਣ, ਪੰਜਾਬ ਦੇ ਹਿੱਤਾਂ ਦੀ ਰਾਖੀ, ਕਿਸਾਨੀ ਦੀ ਬਿਹਤਰੀ ਅਤੇ ਸਿੱਖ ਕੌਮ ਹਿੱਤ ਸੰਘਰਸ਼ ਦਾ ਸ਼੍ਰੋਮਣੀ ਅਕਾਲੀ ਦਲ ਦਾ ਲੰਮਾ ਇਤਿਹਾਸ ਹੈ। ਦੂਜੇ ਪਾਸੇ ਕਾਂਗਰਸ ਦਾ ਇਤਿਹਾਸ ਸਿੱਖਾਂ ਦੇ ਘਾਣ ਤੇ ਅਮਰਿੰਦਰ ਸਿੰਘ ਦਾ ਇਤਿਹਾਸ ਐੱਸਵਾਈਐੱਲ ਦੇ ਨਿਰਮਾਣ ਵਰਗੇ ਪੰਜਾਬ ਮਾਰੂ ਫ਼ੈਸਲਿਆਂ ਨਾਲ ਭਰਿਆ ਪਿਆ ਹੈ।

ਆਪਣੀ ਸਰਕਾਰ ਦੀਆਂ ਮੁਕੰਮਲ ਨਾਕਾਮੀਆਂ ਲਈ ਆਰਡੀਨੈਂਸ ਦੇ ਮੁੱਦੇ 'ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਿਹਾ ਹੈ।ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਆਰਡੀਨੈਂਸ ਨੂੰ ਲੈ ਕੇ ਗੁਮਰਾਹਕੁੰਨ ਪ੍ਰਚਾਰ ਤੋਂ ਬਚੋ। ਜਿਵੇਂ 100 ਸਾਲਾਂ ਦੇ ਇਤਿਹਾਸ 'ਚ ਸ਼੍ਰੋਮਣੀ ਅਕਾਲੀ ਦਲ ਕਿਰਸਾਨੀ ਲਈ ਸੰਘਰਸ਼ ਕਰਦਾ ਆਇਆ ਹੈ, ਅੱਗੇ ਵੀ ਜਦੋਂ ਕਿਤੇ ਲੋੜ ਪਈ ਤਾਂ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਹੱਕ 'ਚ ਨਿਡਰ ਹੋ ਕੇ ਲੜਾਈ ਲੜੇਗਾ, ਇਸ ਗੱਲ ਦਾ ਮੈਂ ਸਭ ਨੂੰ ਵਿਸ਼ਵਾਸ ਦਿਵਾਉਂਦਾ ਹਾਂ - ਸ. ਪ੍ਰਕਾਸ਼ ਸਿੰਘ ਬਾਦਲ, ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ''