'ਪੰਜਾਬ ਕਾਂਗਰਸ 'ਚ ਸੱਭ ਕੁੱਝ ਠੀਕ-ਠਾਕ ਨਹੀਂ'

ਏਜੰਸੀ

ਖ਼ਬਰਾਂ, ਪੰਜਾਬ

'ਪੰਜਾਬ ਕਾਂਗਰਸ 'ਚ ਸੱਭ ਕੁੱਝ ਠੀਕ-ਠਾਕ ਨਹੀਂ'

image. .

ਨਵਜੋਤ ਸਿੱਧੂ ਵੀ ਦਿੱਲੀ ਤੋਂ ਬਿਨਾਂ ਕਿਸੇ ਨੂੰ  ਮਿਲੇ ਵਾਪਸ ਆਏ

ਚੰਡੀਗੜ੍ਹ, 2 ਸਤੰਬਰ (ਗੁਰਉਪਦੇਸ਼ ਭੁੱਲਰ): ਪੰਜਾਬ ਕਾਂਗਰਸ ਦੀ ਅੰਦਰੂਨੀ ਖਿਚੋਤਾਣ ਕਾਰਨ ਪੈਦਾ ਹੋਏ ਸੰਕਟ ਦਾ ਹੱਲ ਕੱਢਣ ਲਈ ਪਾਰਟੀ ਹਾਈਕਮਾਨ ਦੀ ਹਦਾਇਤ ਉਪਰ ਚੰਡੀਗੜ੍ਹ ਆਏ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਤਿੰਨ ਦਿਨ ਬਾਅਦ ਵਾਪਸ ਪਰਤ ਗਏ ਹਨ |
ਜ਼ਿਕਰਯੋਗ ਗੱਲ ਹੈ ਕਿ ਉਹ ਬਾਗ਼ੀ ਮੰਤਰੀਆਂ ਨੂੰ  ਮਿਲੇ ਬਿਨਾਂ ਹੀ ਚਲੇ ਗਏ ਹਨ ਅਤੇ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਨੂੰ  ਇਕੱਠੇ ਬਿਠਾ ਕੇ ਮੀਟਿੰਗ ਕਰਵਾਉਣ ਵਿਚ ਵੀ ਸਫ਼ਲ ਨਹੀਂ ਹੋਏ | ਦੂਜੇ ਪਾਸੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਬੀਤੇ ਦਿਨੀਂ ਕੈਪਟਨ ਤੇ ਰਾਵਤ ਦੀ ਮੀਟਿੰਗ ਤੋਂ ਪਹਿਲਾਂ ਹੀ ਅਚਾਨਕ ਦਿੱਲੀ ਚਲੇ ਗਏ ਸਨ | ਭਾਵੇਂ ਉਨ੍ਹਾਂ ਵਲੋਂ ਉਥੇ ਕੋਈ ਜ਼ਰੂਰੀ ਨਿਜੀ ਕੰਮ ਦਸਿਆ ਗਿਆ ਸੀ ਪਰ ਸਿਆਸੀ ਹਲਕਿਆਂ ਵਿਚ ਇਹੀ ਚਰਚਾ ਹੈ ਕਿ ਉਹ ਹਰੀਸ਼ ਰਾਵਤ ਦੇ ਕੈਪਟਨ ਅਮਰਿੰਦਰ ਸਿੰਘ ਵੱਲ ਵਧੇਰੇ ਝੁਕਾਅ ਵਾਲੇ ਰਵਈਏ ਤੋਂ ਨਾਰਾਜ਼ ਹੋ ਕੇ ਦਿੱਲੀ ਰਾਹੁਲ ਗਾਂਧੀ ਤੇ ਪਿ੍ਯੰਕਾ ਗਾਂਧੀ ਨੂੰ  ਮਿਲਣ ਗਏ ਸਨ ਪਰ ਉਥੋਂ ਉਹ ਵੀ ਖ਼ਾਲੀ ਹੱਥ ਬਿਨਾਂ ਕਿਸੇ ਨੂੰ  ਮਿਲੇ ਵਾਪਸ ਆ ਗਏ ਹਨ | ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਫ਼ਿਲਹਾਲ ਹਰੀਸ਼ ਰਾਵਤ ਕੈਪਟਨ ਤੇ ਨਰਾਜ਼ ਗਰੁਪ ਵਿਚ ਸਲਾਹ ਸਫ਼ਾਈ ਕਰਵਾਉਣ ਵਿਚ ਕਾਮਯਾਬ ਨਹੀਂ ਹੋਏ ਅਤੇ ਉਹ ਹੁਣ ਪੰਜਾਬ ਕਾਂਗਰਸ ਦੀ ਸਾਰੀ ਸਥਿਤੀ ਦੀ ਜਾਣਕਾਰੀ ਦਿੱਲੀ ਜਾ ਕੇ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ  ਦੇਣਗੇ | ਤਿੰਨ ਦਿਨ ਦੇ ਦੌਰੇ ਦੌਰਾਨ ਰਾਵਤ ਨੇ ਨਵਜੋਤ ਸਿੱਧੂ, ਪ੍ਰਗਟ ਸਿੰਘ, ਚਾਰੇ ਕਾਰਜਕਾਰੀ ਪ੍ਰਧਾਨਾਂ, ਕਈ ਮੰਤਰੀਆਂ ਤੇ ਵਿਧਾਇਕਾਂ ਤੋਂ ਇਲਾਵਾ ਬੀਤੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੁਲਾਕਾਤ ਕੀਤੀ ਸੀ |
ਅੱਜ ਤੀਜੇ ਦਿਨ ਵੀ ਉਨ੍ਹਾਂ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਕੁਲਜੀਤ ਨਾਗਰਾ, ਮੰਤਰੀ ਅਰੁਨਾ ਚੌਧਰੀ, ਵਿਧਾਇਕ ਰਣਦੀਪ ਨਾਭਾ ਤੇ ਹੋਰ ਕਈ ਆਗੂਆਂ ਨਾਲ ਗੱਲਬਾਤ ਕੀਤੀ ਪਰ ਬਾਗ਼ੀ ਮੰਤਰੀ ਮਿਲਣ ਨਹੀਂ ਆਏ | ਬਾਗ਼ੀ ਮੰਤਰੀਆਂ ਵਿਚ ਰਾਵਤ ਨਾਲ ਇਸ ਗੱਲ ਦੀ ਨਾਰਾਜ਼ਗੀ ਹੈ ਕਿ ਉਨ੍ਹਾਂ ਪਾਰਟੀ ਹਾਈਕਮਾਨ ਕੋਲ ਉਨ੍ਹਾਂ ਵਲੋਂ ਦੇਹਰਾਦੂਨ ਜਾ ਕੇ ਰਖਿਆ ਪੱਖ ਸਹੀ ਤਰੀਕੇ ਨਾਲ ਪੇਸ਼ ਨਹੀਂ ਕੀਤਾ | ਅੱਜ ਦਿੱਲੀ ਵੱਲ ਵਾਪਸੀ ਕਰਨ ਤੋਂ ਪਹਿਲਾਂ ਪੱਤਰਕਾਰਾਂ ਨਾਲ ਸੰਖੇਪ ਗੱਲਬਾਤ ਵਿਚ ਰਾਵਤ ਨੇ ਇਹ ਗੱਲ ਬੜੇ ਖੁਲ੍ਹੇ ਮਨ ਨਾਲ ਸਵੀਕਾਰ ਕੀਤੀ ਕਿ ਇਹ ਸੱਚਾਈ ਹੈ ਹਾਲੇ ਪੰਜਾਬ ਕਾਂਗਰਸ ਵਿਚ ਸੱਭ ਕੁੱਝ ਠੀਕ ਨਹੀਂ ਹੈ | ਪਰ ਇਸ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਚੰਗੇ ਨਤੀਜੇ ਆਉਣ ਵਾਲੇ ਦਿਨਾਂ ਵਿਚ ਸਾਹਮਣੇ ਆ ਸਕਦੇ ਹਨ | 
ਉਨ੍ਹਾਂ ਬਾਗ਼ੀ ਮੰਤਰੀਆਂ ਵਲੋਂ ਨਾ ਮਿਲਣ ਸਬੰਧੀ ਕਿਹਾ ਕਿ ਉਹ ਮਿਲਣ ਹੀ ਨਹੀਂ ਆਏ ਪਰ ਚੰਗਾ ਹੀ ਹੋਇਆ | ਮੈਂ ਉਨ੍ਹਾਂ ਦਾ ਧਨਵਾਦੀ ਹਾਂ ਕਿਉਂਕਿ ਜੇ ਉਹ ਮੈਨੂੰ ਮਿਲਦੇ ਤਾਂ ਮੀਡੀਆ ਨੇ ਹੋਰ ਹੀ ਉਲਟੀ ਖ਼ਬਰ ਬਣਾ ਦੇਣੀ ਸੀ | ਰਾਵਤ ਨੇ ਕੈਪਟਨ ਦੀ ਵੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਕਈ ਬਹੁਤ ਚੰਗੇ ਫ਼ੈਸਲੇ ਲਏ ਹਨ ਜਿਨ੍ਹਾਂ ਦੀ ਅਸੀ ਪ੍ਰਸ਼ੰਸਾ ਨਹੀਂ ਕਰ ਸਕੇ, ਜੋ ਕਰਨੀ ਬਣਦੀ ਸੀ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਬਰਗਾੜੀ ਬੇਅਦਬੀ ਮਾਮਲੇ ਦੀ ਜਾਂਚ ਸੀ.ਬੀ.ਆਈ. ਤੋਂ ਵਾਪਸ ਲਿਆਉਣ ਦੀ ਉਦਾਹਰਣ ਦਿਤੀ |