ਮੋਗਾ ਵਿਚ ਪੁਲਿਸ ਨੇ ਕਿਸਾਨਾਂ 'ਤੇ ਕੀਤਾ ਲਾਠੀਚਾਰਜ

ਏਜੰਸੀ

ਖ਼ਬਰਾਂ, ਪੰਜਾਬ

ਮੋਗਾ ਵਿਚ ਪੁਲਿਸ ਨੇ ਕਿਸਾਨਾਂ 'ਤੇ ਕੀਤਾ ਲਾਠੀਚਾਰਜ

image. .

ਸੁਖਬੀਰ ਬਾਦਲ ਦੀ ਆਮਦ ਦਾ ਵਿਰੋਧ ਕਰਨ ਲਈ ਇਕੱਠੇ ਹੋਏ ਸਨ ਕਿਸਾਨ, ਪੱਗਾਂ ਲਥੀਆਂ, 5 ਕਿਸਾਨ ਅਤੇ ਕਈ ਪੁਲਿਸ ਮੁਲਾਜ਼ਮ ਵੀ ਹੋਏ ਜ਼ਖ਼ਮੀ

ਮੋਗਾ, 2 ਸਤੰਬਰ (ਸਤਪਾਲ ਭਾਗੀਕੇ/ਹਰਜੀਤ ਛਾਬੜਾ/ਰੋਹਿਤ ਸ਼ਰਮਾ) : 'ਗੱਲ ਪੰਜਾਬ ਦੀ' ਮੁਹਿੰਮ ਤਹਿਤ ਅੱਜ ਮੋਗਾ ਦੀ ਅਨਾਜ ਮੰਡੀ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਆਮਦ ਤੋਂ ਪਹਿਲਾਂ ਕਿਰਤੀ ਅਤੇ ਕ੍ਰਾਂਤੀ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸੈਂਕੜੇ ਕਿਸਾਨ ਜ਼ਿਲ੍ਹਾ ਸਕੱਤਰੇਤ ਸਾਹਮਣੇ ਪੁਲਿਸ ਦੀਆਂ ਰੋਕਾਂ ਤੋੜ ਕੇ ਪੰਡਾਲ ਵਿਚ ਪੁੱਜ ਗਏ | ਇਸ ਕਾਰਨ ਉਨ੍ਹਾਂ ਦਾ ਪੁਲਿਸ ਨਾਲ ਟਕਰਾਅ ਹੋ ਗਿਆ | ਪੁਲਿਸ ਵਲੋਂ ਕੀਤੇ ਲਾਠੀਚਾਰਜ 'ਚ 5 ਕਿਸਾਨ ਜ਼ਖ਼ਮੀ ਹੋ ਗਏ | ਇਸ ਮੌਕੇ ਧੱਕਾ-ਮੁੱਕੀ 'ਚ ਕਿਸਾਨਾਂ ਦੀਆਂ ਪੱਗਾਂ ਲਹਿ ਗਈਆਂ ਤੇ ਰੋਹ 'ਚ ਆਏ ਕਿਸਾਨਾਂ ਨੇ ਚੱਕਾ ਜਾਮ ਕਰ ਕੇ ਪ੍ਰਸ਼ਾਸਨ ਵਿਰੁਧ ਰੱਜ ਕੇ ਨਾਹਰੇਬਾਜ਼ੀ ਕੀਤੀ | 
  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਜਦੋਂ ਮੋਗਾ ਦੀ ਅਨਾਜ ਮੰਡੀ ਵਿਚ ਰੈਲੀ ਨੂੰ  ਸੰਬੋਧਨ ਕਰਨ ਲੱਗੇ ਤਾਂ ਭਾਰਤੀ ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਵਲੋਂ ਸ਼੍ਰੋਮਣੀ ਅਕਾਲੀ ਦਲ ਮੁਰਦਾਬਾਦ ਦੇ ਨਾਹਰਿਆਂ ਨਾਲ ਅਨਾਜ ਮੰਡੀ ਗੂੰਜ ਉਠੀ ਅਤੇ ਪੁਲਿਸ ਨੇ ਅਨਾਜ ਮੰਡੀ ਦੇ ਮੇਨ ਗੇਟ 'ਤੇ ਕਿਸਾਨ ਜਥੇਬੰਦੀਆਂ ਨੂੰ  ਰੋਕਣ ਦੀ ਕੋਸ਼ਿਸ਼ ਕੀਤੀ, ਪਰ ਕਿਸਾਨ ਆਗੂਆਂ ਨੇ ਸਾਰੇ ਨਾਕੇ ਤੋੜ ਦਿਤੇ ਅਤੇ ਰੈਲੀ ਦੀ ਥਾਂ ਪਹੁੰਚਣ 'ਚ ਕਾਮਯਾਬ ਹੋ ਗਏ |
  ਇਸ ਮੌਕੇ ਸਥਿਤੀ ਇੰਨੀ ਤਣਾਅਪੂਰਨ ਬਣ ਗਈ ਕਿ ਐਸ.ਪੀ. ਜਗਤਪ੍ਰੀਤ ਸਿੰਘ ਨੇ ਖ਼ੁਦ ਵੀ ਹੱਥ 'ਚ ਡਾਂਗ ਚੁੱਕ ਲਈ | ਪੰਡਾਲ ਕੋਲ ਪੁੱਜਣ ਤੋਂ ਬਾਅਦ ਪੁਲਿਸ ਨੇ ਕਿਸਾਨਾਂ 'ਤੇ ਮੁੜ ਪੂਰੀ ਤਾਕਤ ਨਾਲ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਮਾਰੀਆਂ | ਪਥਰਾਅ ਕਾਰਨ ਕਈ ਪੁਲਿਸ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ | ਪੁਲਿਸ ਨੇ ਪੱਤਰਕਾਰਾਂ ਨੂੰ  ਵੀ ਧੱਕੇ ਮਾਰੇ, ਕਈ ਪੱਤਰਕਾਰਾਂ ਦੀਆਂ ਪੱਗ ਲੱਥ ਗਈਆਂ ਤੇ ਉਨ੍ਹਾਂ ਦੇ ਕੈਮਰੇ ਖੋਹ ਲਏ | ਕਿਸਾਨ ਆਗੂਆਂ ਨੇ ਦੋਸ਼ ਲਾਇਆ ਕਿ ਰੈਲੀ ਦੌਰਾਨ ਅਕਾਲੀ ਦਲ ਦੇ ਐਸਓਆਈ ਸਮਰਥਕਾਂ ਨੇ ਸੁਖਬੀਰ ਬਾਦਲ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰਨ ਜਾ ਰਹੇ ਕਿਸਾਨਾਂ 'ਤੇ ਪਥਰਾਅ ਕਰਨਾ ਸ਼ੁਰੂ ਕੀਤਾ |
  ਇਸ ਮੌਕੇ ਕ੍ਰਾਂਤੀਕਾਰੀ ਕਿਸਾਨ ਯੁਨੀਅਨ ਆਗੂ ਬਲਦੇਵ ਸਿੰਘ ਜ਼ੀਰਾ, ਲੋਭ ਸਿੰਘ ਰੋਡੇ, ਲੋਕ ਸੰਗਰਾਮ ਮੰਚ ਸੂਬਾ ਪ੍ਰਧਾਨ ਤਾਰਾ ਸਿੰਘ, ਗੁਰਦੀਪ ਸਿੰਘ ਵੈਰੋਕੇ, ਪਰਮਿੰਦਰ ਬਰਾੜ ਨੇ ਕਿਹਾ ਕਿ ਬਾਦਲ ਪ੍ਰਵਾਰ ਨੇ ਕਿਸਾਨਾਂ ਦੀ ਪਿੱਠ 'ਚ ਛੁਰਾ ਮਾਰਿਆ ਹੈ | ਸੰਯੁਕਤ ਮੋਰਚੇ ਦੇ ਸੱਦੇ ਉਤੇ ਇਹ ਵਿਰੋਧ ਜਾਰੀ ਰਹੇਗਾ | ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ 100 ਦਿਨ ਦੀ ਹਲਕਾ ਵਾਰ ਬੈਠਕਾਂ ਤੇ ਚੋਣ ਰੈਲੀਆਂ ਕਰ ਰਹੇ ਹਨ | ਇਸ ਕੜੀ ਤਹਿਤ ਉਹ ਮੋਗਾ ਵਿਖੇ ਰੈਲੀ ਕਰ ਰਹੇ ਹਨ | ਉਨ੍ਹਾਂ ਦਾ ਲਗਾਤਾਰ ਕਿਸਾਨ ਜਥੇਬੰਦੀਆਂ ਵਿਰੋਧ ਕਰ ਰਹੀਆਂ ਹਨ |

ਫੋੋਟੋ ਨੰਬਰ 02 ਮੋਗਾ ਸੱਤਪਾਲ 04 ਪੀ